ਅੰਮ੍ਰਿਤਸਰ, 9 ਮਈ (ਸੁਖਬੀਰ ਸਿੰਘ ਖੁਰਮਣੀਆਂ) – ਸੰਸਥਾ ਨਾਦ ਪ੍ਰਗਾਸੁ ਵੱਲੋਂ ਵਿਦਿਆਰਥੀਆਂ/ਖੋਜਾਰਥੀਆਂ, ਯੁਵਾ ਕਵੀਆਂ ਅਤੇ ਅੰਮ੍ਰਿਤਸਰ ਸ਼ਹਿਰ ਦੇ ਵਾਸੀਆਂ ਨੂੰ ਸਾਹਿਤ ਅਤੇ ਕਲਾ ਨਾਲ ਜੋੜਨ ਦੇ ਉਦੇਸ਼ ਤੋਂ ਪ੍ਰੇਰਿਤ ਪੰਜਵਾਂ ਮਹੀਨਾਵਾਰ ਪ੍ਰੋਗਰਾਮ ‘ਸਿਰਜਣ ਪ੍ਰਕਿਰਿਆ’ ਆਯੋਜਿਤ ਕੀਤਾ ਗਿਆ।ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਸਾਹਿਤ ਅਤੇ ਕਲਾ ਨਾਲ ਸੰਬੰਧਤ ਪ੍ਰਸਿੱਧ ਸ਼ਖਸੀਅਤਾਂ ਦੁਆਰਾ ਆਪਣਾ ਸਿਰਜਣਾਤਮਕ ਅਨੁਭਵ ਸਾਂਝਾ ਕੀਤਾ ਜਾਂਦਾ ਹੈ।ਇਸ ਵਾਰ ਦੇ ਪ੍ਰੋਗਰਾਮ ਵਿੱਚ ਪੰਜਾਬੀ ਸਾਹਿਤ ਦੇ ਪ੍ਰਸਿੱਧ ਕਵੀ ਅੰਬਰੀਸ਼ ਨੂੰ ਸੱਦਾ ਦਿਤਾ ਗਿਆ।ਉਨ੍ਹਾਂ ਵਿਦਿਆਰਥੀਆਂ ਨਾਲ ਆਪਣੀ ਕਾਵਿ ਸਿਰਜਣ ਪ੍ਰਕਿਰਿਆ ਦਾ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ ਸਿਰਜਣਾ ਜਨਮ ਜ਼ਾਤ ਹੁੰਦੀ ਹੈ, ਕਵੀ ਦੀ ਸਿਰਜਣ-ਪ੍ਰਕਿਰਿਆ ਵਿੱਚ ਕਾਵਿ-ਚੇਤਨਾ ਦੀ ਸਜ਼ਗਤਾ ਦਾ ਵੀ ਅਹਿਮ ਰੋਲ ਹੁੰਦਾ ਹੈ।ਇਹ ਸਜ਼ਗਤਾ, ਉਸ ਨੂੰ ਮੌਲਿਕ ਸਿਰਜਕ ਹੋਣ ਲਈ ਆਦਰਸ਼ ਦ੍ਰਿਸ਼ਟਾ ਸ੍ਰੋਤਾ ਬਣਨ ਵਿੱਚ ਸਹਾਇਤਾ ਕਰਦੀ ਹੈ।ਉਹਨਾਂ ਇਸ ਗੱਲ ‘ਤੇ ਵਿਸ਼ੇਸ਼ ਜ਼ੋਰ ਦਿਤਾ ਕਿ ਕਾਵਿ-ਸਿਰਜਣਾ ਵਿੱਚ ਕਥਨ ਅਤੇ ਬਿੰਬ ਦੇ ਨਾਲ ਹੀ ਕਿਸੇ ਵੀ ਸ਼ਬਦ ਦੀ ਧੁਨੀ ਵੀ ਆਪਣਾ ਇੱਕ ਵਿਸ਼ੇਸ਼ ਰੋਲ ਅਦਾ ਕਰ ਰਹੀ ਹੁੰਦੀ ਹੈ।
ਅੱਜ ਦੇ ਇਸ ਪੋ੍ਗਰਾਮ ਵਿੱਚ ਪੰਜਾਬੀ ਦੇ ਪ੍ਰਸਿਧ ਕਵੀ ਭੁਪਿੰਦਰਪ੍ਰੀਤ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਅੰਬਰੀਸ਼ ਦੀ ਕਾਵਿ-ਚੇਤਨਾ ਸੂਖਮ ਹੈ ਅਤੇ ਉਸ ਦੇ ਕਾਵਿ ਦੀ ਵਿਸ਼ੇਸ਼ਤਾ, ਕਾਵਿ-ਵਿਸ਼ੇ ਅਤੇ ਇਸਦੇ ਸੰਦਰਭਾਂ ਨੂੰ ਨਿਰੰਤਰ ਫੈਲਾਅ ਵਿੱਚ ਰੱਖਣ ਵਿੱਚ ਹੈ।ਰਾਜਵੀਰ ਕੌਰ ਨੇ ਮੰਚ ਸੰਚਾਲਨ ਕਰਦਿਆਂ ਵੱਖ-ਵੱਖ ਵਿਦਿਅਕ ਅਦਾਰਿਆਂ ਤੋਂ ਆਏ ਵਿਦਿਆਰਥੀਆਂ ਅਤੇ ਉਭਰ ਰਹੇ ਕਵੀਆਂ ਨੂੰ ‘ਜੀ ਆਇਆਂ’ ਆਖਿਆ।ਉਹਨਾਂ ਨਾਦ ਪ੍ਰਗਾਸੁ ਸੰਸਥਾ ਦੀਆਂ ਚਿੰਤਨ, ਸਾਹਿਤਕ ਅਤੇ ਅਕਾਦਮਿਕ ਗਤੀਵਿਧੀਆਂ ਬਾਰੇ ਦੱਸਦਿਆਂ ਕਿਹਾ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਵੀਆਂ ਦੇ ਰੂਬਰੂ ਕਰਦਿਆਂ ਸਾਹਿਤ ਅਤੇ ਚਿੰਤਨ ਨਾਲ ਜੋੜਨਾ ਹੈ।
ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਉਭਰ ਰਹੇ ਯੁਵਾ ਕਵੀਆਂ ਪ੍ਰਦੀਪ ਸਿੰਘ, ਸੁਖਦੇਵ ਸਿੰਘ, ਸੁਮੀਤ ਕੌਰ, ਮਨਪ੍ਰੀਤ ਕੌਰ, ਸ਼ਿਵਾਨੀ ਸ਼ਰਮਾ, ਸੁਖਵਿੰਦਰ ਸਿੰਘ, ਸੰਦੀਪ ਸ਼ਰਮਾ (ਦਿੱਲੀ ਯੂਨੀਵਰਸਿਟੀ ਦਿੱਲੀ), ਗੁਰਜੰਟ ਸਿੰਘ, ਨੂਰਬਲ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਚਰਨਜੀਤ ਸਿੰਘ, ਮਨਿੰਦਰ ਸਿੰਘ, ਉਮਰਵੀਰ ਸਿੰਘ (ਜੀ.ਐਨ.ਡੀ.ਯੂ), ਹਰਪ੍ਰੀਤ ਨਾਰਲੀ, ਜਸਵਿੰਦਰ ਸਿੰਘ (ਜੇ.ਐਮ.ਆਈ ਨਵੀਂ ਦਿੱਲੀ) ਆਦਿ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ।ਪ੍ਰੋ. ਜਗਦੀਸ਼ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਵਿਚ ਰਚੇ ਜਾ ਰਹੇ ਕਾਵਿ-ਰੂਪਾਂ, ਵਿਸ਼ੇਸ਼ ਕਰ ਗ਼ਜ਼ਲ ਅਤੇ ਖੁਲ੍ਹੀ ਕਵਿਤਾ ਦੇ ਵਸਤ ਅਤੇ ਰੂਪ ਦੀ ਥਾਂ ਇਹਨਾਂ ਪਿੱਛੇ ਕਾਰਜਸ਼ੀਲ ਗਿਆਨ-ਚਿੰਤਨੀ ਅਭਿਆਸਾਂ ਨੂੰ ਜਾਣਨਾ ਵੀ ਜ਼ਰੂਰੀ ਕਾਰਜ਼ ਹੈ।ਉਹਨਾਂ ਕਿਹਾ ਕਿ ਕਾਵਿ-ਰੂਪ ਅਤੇ ਕਾਵਿ-ਅਨੁਭਵ, ਦਵੰਧਤਾ ਦੇ ਨਾਲ ਹੀ ਇਕ-ਦੂਜੇ ਦੇ ਪੂਰਕ ਵੀ ਹੁੰਦੇ ਹਨ ਅਤੇ ਕਾਵਿ-ਹੋਣੀ ਦੇ ਵਿਆਪਕ-ਫੈਲਾਅ ਵਿੱਚ ਇਹਨਾਂ ਦਾ ਇਕ-ਰੂਪ ਹੋਣਾ ਸੰਭਵ ਹੋ ਰਿਹਾ ਹੁੰਦਾ ਹੈ।ਅੰਬਰੀਸ਼ ਦੇ ਕਾਵਿ ਦੀ ਵਿਸ਼ੇਸ਼ਤਾ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਉਹ ਮੁਖ ਰੂਪ ‘ਚ ਪ੍ਰਬੁੱਧਤਾ ਤੋਂ ਮੁਕਤ ਧੁਨੀਆਂ ਨੂੰ ਕਾਵਿ-ਚੇਤਨਾ ਦਾ ਅੰਗ ਬਣਾਉਂਦਾ ਹੈ, ਅਤੇ ਇਸ ਰਾਹੀਂ ਇਹ ਧੁਨੀਆਂ ਆਪਣਾ ਅਸਲ ਪੇਸ਼ ਕਰਨ ਵਿੱਚ ਸਫਲ ਹੋ ਰਹੀਆਂ ਹੁੰਦੀਆਂ ਹਨ।ਇਸ ਮੌਕੇ ਸੰਸਥਾ ਵੱਲੋਂ ਵਿਸ਼ੇਸ਼ ਪੁਸਤਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ।