ਵਿਰਾਸਤ ’ਚ ਮਿਲੇ ਤਿਉਹਾਰਾਂ ਨੂੰ ਸਾਂਭਣਾ ਨੌਜਵਾਨ ਪੀੜ੍ਹੀ ਦਾ ਫ਼ਰਜ਼ – ਸ੍ਰੀਮਤੀ ਸਿੰਗਲਾ
ਅੰਮ੍ਰਿਤਸਰ, 16 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਫ਼ਾਰ ਵੂਮੈਨ ਦੇ ਵਿਹੜੇ ’ਚ ਅੱਜ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਰਿਆਣਾ ਦੇ ਡਿਪਟੀ ਐਡਵੋਕੇਟ ਜਨਰਲ ਸ੍ਰੀਮਤੀ ਮਮਤਾ ਸਿੰਗਲਾ ਤਲਵਾਰ ਦੇ ਪੁੱਜਣ ’ਤੇ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਵਾਈਸ ਪਿੰ੍ਰਸੀਪਲ ਪੋ੍ਰ. ਰਵਿੰਦਰ ਕੋਰ ਨਾਲ ਮਿਲ ਕੇ ਪੌਦਾ ਦੇ ਕੇ ਰਸਮੀ ਸਵਾਗਤ ਕੀਤਾ।ਸੱਭਿਆਚਾਰਕ ਪ੍ਰੋਗਰਾਮ ਦਾ ਆਗਾਜ਼ ਸ੍ਰੀਮਤੀ ਸਿੰਗਲਾ ਨੇ ਪੀਂਘ ਝੂਟਣ ਦੀ ਰਸਮ ਅਦਾ ਕਰ ਕੇ ਕੀਤਾ।
ਕਾਲਜ ਦੇ ਵਿਹੜੇ ’ਚ ਸਟਾਲ ਲਗਾਏ ਗਏ, ਉਥੇ ਫ਼ੈਕਲਟੀ ਮੈਂਬਰਜ਼ ਦੁਆਰਾ ਫੁੱਲਾਂ ਨਾਲ ਸਜਾਈ ਗਈ ਪੀਂਘ ’ਤੇ ਝੂਟੇ ਲੈਂਦਿਆਂ ਸਾਵਣ ਰੁੱਤ ’ਤੇ ਬੋਲੀਆਂ ਪਾਈਆਂ ਅਤੇ ਸਾਉਣ ਮਹੀਨੇ ਦੀ ਖੁਸ਼ੀ ਸਾਂਝੀ ਕੀਤੀ ਗਈ।ਮੇਲੇ ਦੌਰਾਨ ਤੀਆਂ ਦੀ ਰਾਣੀ, ਪੰਜਾਬੀ ਪਹਿਾਰਾਵਾ, ਮਹਿੰਦੀ ਮੁਕਾਬਲਾ, ਸੰਗੀਤਕ ਤੇ ਸੱਭਿਆਚਾਰਕ ਪੇਸ਼ਕਾਰੀਆਂ, ਝੂਲੇ, ਪੀਂਘਾਂ, ਖਾਣ ਪੀਣ ਦੇ ਸਟਾਲ ਅਤੇ ਖੀਰ ਤੇ ਪੂੜੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
ਡਾ. ਸੁਰਿੰਦਰ ਕੌਰ ਨੇ ਸ੍ਰੀਮਤੀ ਸਿੰਗਲਾ ਨਾਲ ਮਿਲ ਕੇ ਸਾਉਣ ਮਹੀਨੇ ਦੇ ਸ਼ਿੰਗਾਰ ਦੀਆਂ ਰਸਮਾਂ ਅਦਾ ਕੀਤੀਆਂ।ਉਪਰੰਤ ਕਾਲਜ ਸਟਾਫ਼ ਨਾਲ ਗਿੱਧਾ ਤੇ ਬੋਲੀਆਂ ਪਾਉਂਦਿਆਂ ਸ੍ਰੀਮਤੀ ਸਿੰਗਲਾ ਨੇ ਕਿਹਾ ਕਿ ਤਿਉਹਾਰ ਸਾਡੇ ਆਪਸੀ ਸਾਂਝ ਦੇ ਪ੍ਰਤੀਕ ਹੁੰਦੇ ਹਨ ਤੇ ਸਾਰਿਆਂ ਨੂੰ ਵਿਰਾਸਤ ’ਚ ਮਿਲੇ ਤਿਉਹਾਰਾਂ ਨੂੰ ਰਲ-ਮਿਲ ਕੇ ਮਨਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਵਿਰਾਸਤ ’ਚ ਮਿਲੇ ਇਨ੍ਹਾਂ ਤਿਉਹਾਰਾਂ ਨੂੰ ਸਾਂਭਣਾ ਨੌਜਵਾਨ ਪੀੜ੍ਹੀ ਦਾ ਫ਼ਰਜ਼ ਹੈ, ਪਰ ਅਜੋਕੇ ਕੰਪਿਊਟਰੀ ਯੁੱਗ ’ਚ ਵਿਰਾਸਤ ’ਚ ਮਿਲੇ ਤਿਉਹਾਰਾਂ ਪ੍ਰਤੀ ਨੌਜਵਾਨ ਪੀੜ੍ਹੀ ਦੂਰ ਹੁੰਦੀ ਜਾ ਰਹੀ ਹੈ, ਜੋ ਇਕ ਚਿੰਤਾ ਦਾ ਵਿਸ਼ਾ ਹੈ।ਉਨਾਂ ਕਿਹਾ ਕਿ ਵਿੱਦਿਅਕ ਅਦਾਰਿਆਂ ’ਚ ਸਿਰਫ਼ ਵਿਦਿਆਰਥੀਆਂ ਨੇ ਹੀ ਪੰਜਾਬ ਦੀ ਸੱਭਿਅਤਾ ਦੇ ਰੀਤੀ-ਰਿਵਾਜ਼ਾਂ ਨੂੰ ਜਿਉਂਦਿਆਂ ਰੱਖਿਆ ਹੋਇਆ ਹੈ।ਵਿਦਿਆਰਥਣਾਂ ਤੇ ਸਟਾਫ਼ ਨੇ ਪੀਂਘਾਂ ਝੂਟਣ, ਇਕ ਦੂਜੇ ’ਤੇ ਹਾਸਰਸ ਵਿਅੰਗ ਕੱਸਣ, ਪੰਜਾਬੀ ਗਾਇਕੀ, ਗਿੱਧਾ-ਬੋਲੀਆਂ ਨਾਲ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ।
ਇਸ ਮੌਕੇ ਕਰਵਾਏ ਮੁਕਾਬਾਲਿਆਂ ’ਚੋਂ ਬੀ. ਵਾਕ ਸਮੈਸਟਰ ਪਹਿਲਾ ਦੀ ਭਵਕਿਰਨ ਕੌਰ ਨੂੰ ‘ਤੀਆਂ ਦੀ ਰਾਣੀ’ ਵਜੋਂ ਚੁਣਿਆ ਗਿਆ।ਵੱਖ-ਵੱਖ ਮੁਕਾਬਲਿਆਂ ’ਚ ਜੇਤੂ ਆਈਆਂ ਵਿਦਿਆਰਥਣਾਂ ਨੂੰ ਸ੍ਰੀਮਤੀ ਸਿੰਗਲਾ ਅਤੇ ਪ੍ਰਿੰ: ਡਾ. ਸੁਰਿੰਦਰ ਕੌਰ ਵਲੋਂ ਸਨਮਾਨਿਤ ਵੀ ਕੀਤਾ ਗਿਆ।ਖਾਣ-ਪੀਣ ਅਤੇ ਸਾਜ਼ੋ-ਸਮਾਨ ਦੇ ਸਟਾਲ, ਪੰਘੂੜੇ, ਖੀਰ-ਪੂੜੇ ਖਿੱਚ ਦਾ ਕੇਂਦਰ ਰਹੇ।ਜਦਕਿ ਸੱਭਿਆਚਾਰਕ ਸਬੰਧਿਤ ਪ੍ਰਦਰਸ਼ਨੀ ਅਮੀਰ ਪੰਜਾਬੀ ਵਿਰਸੇ ਦੀ ਮੂੰਹ ਬੋਲਦੀ ਤਸਵੀਰ ਬਣ ਕੇ ਸਾਰਿਆਂ ’ਚ ਨਵੀਂ ਊਰਜਾ ਦਾ ਪਾਸਾਰ ਕਰਦੀ ਰਹੀ ਸੀ।ਡਾ. ਸੁਰਿੰਦਰ ਕੌਰ ਨੇ ਸ੍ਰੀਮਤੀ ਸਿੰਗਲਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।
ਅਖ਼ੀਰ ’ਚ ਕੋਆਰਡੀਨੇਟਰ ਪ੍ਰੋ. ਰਵਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਜਦ ਕਿ ਮੰਚ ਸੰਚਾਲਨ ਡਾ. ਬਲਜੀਤ ਕੌਰ ਰਿਆੜ ਨੇ ਕੀਤਾ।ਇਸ ਮੌਕੇ ਡਾ. ਸ਼ਰਨ ਅਰੋੜਾ, ਡਾ. ਕੁਲਦੀਪ ਕੌਰ, ਡਾ. ਜਤਿੰਦਰ ਕੌਰ, ਡਾ. ਆਸ਼ਾ ਸਿੰਘ ਆਦਿ ਤੋਂ ਇਲਾਵਾ ਹੋਰ ਸਟਾਫ਼ ਤੇ ਵੱਡੀ ਗਿਣਤੀ ’ਚ ਵਿਦਿਆਰਥਣਾਂ ਹਾਜ਼ਰ ਸਨ।