ਅੰਮ੍ਰਿਤਸਰ, 1 ਸਤੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡੀਨ ਸਾਇੰਸਜ਼ ਅਤੇ ਸਾਬਕਾ ਮੁੱਖੀ ਰਸਾਇਣਕ ਵਿਗਿਆਨ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਮੋਢੀਆਂ ਵਿੱਚੋਂ ਡਾ. ਭਜਨ ਸਿੰਘ ਲਾਰਕ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਮੰਚ ਦੇ ਸਰਪ੍ਰਸਤ ਪ੍ਰੋ. ਮੋਹਨ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ, ਮਨਮੋਹਨ ਸਿੰਘ ਬਰਾੜ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਹਰਦੀਪ ਸਿੰਘ ਚਾਹਲ, ਪ੍ਰਧਾਨ ਇੰਜ. ਹਰਜਾਪ ਸਿੰਘ ਔਜਲਾ, ਜਨਰਲ ਸਕੱਤਰ ਸੁਰਿੰਦਰਜੀਤ ਸਿੰਘ ਤੇ ਸਮੂਹ ਮੈਂਬਰਾਨ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਡਾ. ਲਾਰਕ ਜਿੱਥੇ ਇੱਕ ਅੰਤਰਰਾਸ਼ਟਰੀ ਪੱਧਰ ਦੇ ਮੰਨੇ ਪ੍ਰਮੰਨੇ ਵਿਗਿਆਨੀ ਸਨ, ਉਥੇ ਅੰਗਰੇਜ਼ੀ ਤੇ ਪੰਜਾਬੀ ਦੇ ਨਾਮਵਰ ਲੇਖਕਾਂ ਵਿੱਚ ਵੀ ਉਨ੍ਹਾਂ ਦਾ ਨਾਂ ਸ਼ਾਮਲ ਸੀ।ਉਨ੍ਹਾਂ ਦੀ ਅਗਵਾਈ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਪੀਐਚ.ਡੀ, ਐਮ.ਐਸ.ਸੀ ਆਨਰਜ਼ ਅਤੇ ਐਮ.ਫ਼ਿਲ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ।ਉਨ੍ਹਾਂ ਨੇ 20 ਦੇ ਕਰੀਬ ਫਿਜ਼ੀਕਲ ਕੈਮਿਸਟਰੀ ਦੀਆਂ ਵੱਖ-ਵੱਖ ਯੂਨੀਸਰਸਿਟੀਆਂ ਦੇ ਬੀ.ਐਸ.ਸੀ ਦੇ ਵਿਦਿਆਰਥੀਆਂ ਦੇ ਲਈ ਪਾਠ ਪੁਸਤਕਾਂ ਲਿਖੀਆਂ।ਉਨ੍ਹਾਂ ਦੇ 100 ਤੋਂ ਵੱਧ ਖ਼ੋਜ਼ ਪੱਤਰ ਪ੍ਰਕਾਸ਼ਿਤ ਹੋਏ।ਉਨ੍ਹਾਂ ਨੇ ਪੰਜਾਬੀ ਵਿੱਚ ਬਾਰਾਮਾਂਹ, ਯਾਦਾਂਜਲੀ, ਪਵਨ ਸੰਦੇਸ਼ਾ, ਆਓ ਪੜ੍ਹੀਏ ਗਾਈਏ, ਪ੍ਰੈਕਟੀਕਲ ਕੈਮਿਸਟਰੀ, ਬਾਇਡਾਇਵਰਸਿਟੀ, ਆਵਾਜ਼ ਪ੍ਰਦੂਸ਼ਣ ਲਿਖੀਆਂ।ਜਪੁਜੀ ਦਾ ਸਾਧਾਰਨ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ।ਫਰੌਗੀਜ਼ ਇਨ ਵੈਲ (ਅੰਗਰੇਜ਼ੀ ਤੇ ਪੰਜਾਬੀ) ਵਿੱਚ, ਪ੍ਰਦੂਸ਼ਣ ਪ੍ਰਾਈਮਰ (ਅੰਗਰੇਜ਼ੀ ਤੇ ਪੰਜਾਬੀ) ਵਿੱਚ।ਉਨ੍ਹਾਂ ਨੇ ਅੰਗਰੇਜ਼ੀ ਵਿੱਚ ਆਪਣੀ ਜੀਵਨੀ ਮੈਮਰੀਜ਼ ਐਂਡ ਡਰੀਮਜ਼ ਆਫ਼ ਲਾਇਫ਼ ਲਿੱਖੀ।ਅੰਗਰਜ਼ੀ ਵਿੱਚ ਗਰੇਅ ਮੈਟਰ, ਦਾ ਰੇਨਬੋਅ ਅਤੇ ਗੁਡ ਫਰਾਇਡਜ਼ ਲਿਖੀਆਂ।ਉਨ੍ਹਾਂ ਦੇ 7 ਖ਼ਰੜੇ ਅਣਛਪੇ ਪਏ ਹਨ।ਉਹ ਇੰਡੀਅਨ ਕੈਮੀਕਲ ਸੁਸਾਇਟੀ ਦੇ ਜੀਵਨ ਮੈਂਬਰ, ਇੰਡੀਅਨ ਨੈਸ਼ਨਲ ਅਕੈਡਮੀ ਆਫ਼ ਸਾਇੰਸ, ਇੰਡੀਅਨ ਕੌਂਸਲ ਆਫ਼ ਕੈਮਿਸਟਸ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਜੀਵਨ ਮੈਂਬਰ ਸਨ।ਉਨ੍ਹਾਂ ਕਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਕਾਨਫ਼ਰੰਸਾਂ ਵਿੱਚ ਭਾਗ ਲਿਆ।
ਉਨ੍ਹਾਂ ਨੂੰ 1971 ਵਿੱਚ ਵਿਗਿਆਨਕ ਲਿਖਤਾਂ ਲ਼ਿੱਖਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਨਮਾਨਿਤ ਕੀਤਾ ਗਿਆ।2009 ਵਿੱਚ ਉਨ੍ਹਾਂ ਨੂੰ ਡਾ. ਗੁਰਦਿਆਲ ਸਿੰਘ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਉਨ੍ਹਾਂ ਨੇ ਮੁਢਲੀ ਸਿੱਖਿਆ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀਨੀਅਰ ਸਕੈਡੰਰੀ ਸਕੂਲ ਅੰਮ੍ਰਿਤਸਰ ਤੋਂ ਲਈ।ਉਨ੍ਹਾਂ ਬੀ.ਐਸ.ਸੀ ਖਾਲਸਾ ਕਾਲਜ ਅੰਮ੍ਰਿਤਸਰ, ਐਮ.ਐਸ.ਸੀ ਤੇ ਪੀਐਚਡੀ ਕੈਮਿਸਟਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ 1972-1979 ਤੀਕ ਬਤੌਰ ਲੈਕਚਰਾਰ, 1979-87 ਤੀਕ ਬਤੌਰ ਰੀਡਰ ਅਤੇ 1987-2001 ਪ੍ਰੋਫੈਸਰ, ਮੁੱਖੀ ਰਸਾਇਣਕ ਵਿਭਾਗ ਤੇ ਡੀਨ ਸਾਇੰਸਜ਼ ਸੇਵਾਵਾਂ ਨਿਭਾਈਆਂ।ਉਹ 1971-72 ਵਿੱਚ ਇਕ ਸਾਲ ਨਾਰਵੇ ਵਿੱਚ ਬਤੌਰ ਐਨ.ਓ.ਆਰ.ਏ.ਡੀ ਫ਼ੈਲੋ ਰਹੇ।ਉਹ 1975-76 ਵਿੱਚ ਬਤੌਰ ਯੂਨੈਸਕੋ ਫ਼ੈਲੋ ਜਪਾਨ ਗਏ।
ਅੱਜ ਕੱਲ ਉਹ ਆਪਣੇ ਬੇਟੇ ਹਰਿੰਦਰਜੀਤ ਸਿੰਘ ਪਾਸ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਰਹਿੰਦੇ ਸਨ। ਉਹ 29 ਅਗਸਤ 2023 ਨੂੰ ਇਸ ਫ਼ਾਨੀ ਦੁਨੀਆਂ ਤੋਂ ਕੂਚ ਕਰ ਗਏ।ਉਹ ਆਪਣੇ ਪਿੱਛੇ ਇੱਕ ਬੇਟਾ ਹਰਿੰਦਰਜੀਤ ਸਿੰਘ ਤੇ ਇੱਕ ਬੇਟੀ ਡਾ. ਅਨੁਪ੍ਰੀਤ ਕੌਰ ਜੋ ਕਿ ਅਮਰੀਕਾ ਰਹਿੰਦੇ ਛੱਡ ਗਏ।