Friday, October 18, 2024

ਕਹਾਣੀ ਦੀ ਸਹਿਜ਼-ਜੁਗਤ ਦਾ ਕਲਾਕਾਰ ਦੀਪ ਦੇਵਿੰਦਰ ਕਹਾਣੀਕਾਰ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਕਹਾਣੀ-ਸਿਰਜਣਾ ਸਮੇਂ ਮੈਂ ਪਾਤਰ ਦੇ ਰੋਲ ਅਨੁਸਾਰੀ ਅਨੁਭਵ ਕਰਨ ਲਈ ਕਈ ਮਹੀਨਿਆਂ ਤੱਕ ਅਭਿਆਸ ਕਰਦਾ ਹਾਂ।ਸਿਰਜਣ-ਪ੍ਰਕਿਰਿਆ ਦੌਰਾਨ ਮੈਂ ਬਿੰਬ-ਸਿਰਜਣਾ ਲਈ ਮਹੀਨ-ਬਾਰੀਕੀਆਂ ਜਿਵੇਂ ਦ੍ਰਿਸ਼, ਧੁਨੀ ਅਤੇ ਸ਼ਬਦ-ਚੋਣ ਦੀ ਵਰਤੋਂ ਦਾ ਉਚੇਚਾ ਧਿਆਨ ਰੱਖਦਾ ਹਾਂ।ਮੇਰੇ ਪਾਤਰ ਗੁਰਬਤ ਜੀਉਂਦੇ ਅਤੇ ਦੱਬੇ-ਕੁੱਚਲੇ ਵਰਗ ਤੋਂ ਹਨ ਜਿਨ੍ਹਾਂ ਦੇ ਯਥਾਰਥ ਨੂੰ ਪੇਸ਼ ਕਰਨਾ, ਮੈਨੂੰ ਕਹਾਣੀ ਲਿਖਣ ਲਈ ਪ੍ਰੇਰਦਾ ਹੈ।ਇਹਨਾਂ ਸ਼ਬਦਾਂ ਨਾਲ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਦੀਪ ਦੇਵਿੰਦਰ ਨੇ 9ਵੇਂ ਸਿਰਜਣ-ਪ੍ਰਕਿਰਿਆ ਪ੍ਰੋਗਰਾਮ ਵਿੱਚ ਆਪਣੇ ਭਾਸ਼ਣ ਦਾ ਆਗਾਜ਼ ਕੀਤਾ।
ਸ਼ਬਦ-ਸਭਿਅਤਾ ਰਾਹੀਂ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਨਿਰੰਤਰ ਕਾਰਜਸ਼ੀਲ ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵਲੋਂ ਸਾਹਿਤਕਾਰਾਂ, ਕਲਾਕਾਰਾਂ ਅਤੇ ਚਿੰਤਕਾਂ ਨਾਲ ਆਰੰਭੀ ਮੁਲਾਕਾਤਾਂ ਦੀ ਵਿਸ਼ੇਸ਼ ਲੜੀ ਸਿਰਜਣ ਪ੍ਰਕਿਰਿਆ ਪ੍ਰੋਗਰਾਮ ਤਹਿਤ ਕਥਾਕਾਰ ਦੀਪ ਦੇਵਿੰਦਰ ਨੂੰ ਸਿਰਜਣਾਤਮਕ ਅਨੁਭਵ ਸਾਂਝਾ ਕਰਨ ਲਈ ਸੱਦਾ ਦਿਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸਿਰਜਣ ਪ੍ਰਕਿਰਿਆ ਨਾਦ ਪ੍ਰਗਾਸੁ ਵਲੋਂ ਹਰ ਮਹੀਨੇ ਦੀ 7 ਤਰੀਕ ਨੂੰ ਆਯੋਜਿਤ ਕੀਤਾ ਜਾਂਦਾ ਵਿਸ਼ੇਸ਼ ਤਰ੍ਹਾਂ ਦਾ ਅਕਾਦਮਿਕ ਅਤੇ ਸਾਹਿਤਕ ਪ੍ਰੋਗਰਾਮ ਹੈ। ਜਿਸ ਵਿੱਚ ਸਾਹਿਤ ਅਤੇ ਕਲਾ ਦੇ ਖੇਤਰ ਨਾਲ ਜੁੜੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਆਪਣੇ ਸਿਰਜਣਾਤਮਿਕ ਅਨੁਭਵ ਸਾਂਝਾ ਕਰਨ ਲਈ ਉਚੇਚੇ ਤੌਰ ‘ਤੇ ਸੱਦਿਆ ਜਾਂਦਾ ਹੈ।ਇਸ ਪ੍ਰੋਗਰਾਮ ਦੇ ਦੂਸਰੇ ਭਾਗ ਵਿੱਚ ਯੁਵਾ-ਕਵੀ ਦਰਬਾਰ ਦਾ ਵੀ ਆਯੋਜਨ ਕੀਤਾ ਜਾਂਦਾ ਹੈ।ਪ੍ਰੋਗਰਾਮ ਵਿੱਚ ਵਿਦਵਾਨਾਂ, ਖੋਜਾਰਥੀਆਂ/ਵਿਦਿਆਰਥੀਆਂ, ਯੁਵਾ ਕਵੀਆਂ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੇ ਪਤਵੰਤੇ ਸੱਜਣ ਵੀ ਹਾਜ਼ਿਰ ਰਹਿੰਦੇ ਹਨ।
ਦੀਪ ਦੇਵਿੰਦਰ ਨੇ ਆਰਥਿਕ-ਮੰਦਹਾਲੀ ਵਿੱਚ ਬਤੀਤ ਕੀਤੇ ਬਚਪਨ ਦੀਆਂ ਯਾਦਾਂ ਨੂੰ ਆਪਣੀ ਕਹਾਣੀ-ਚੇਤਨਾ ਦੀ ਵਿਕਾਸ ਦੀ ਸ਼ੁਰੂਆਤ ਕਿਹਾ।ਉਨ੍ਹਾਂ ਕਿਹਾ ਉਹ ਪੰਜਾਬੀ ਰਹਿਤਲ ਵਿੱਚਲੇ ਦਮਿਤ ਵਰਗ ਦੀ ਮਨੋਦਸ਼ਾ ਅਤੇ ਉਸਦੇ ਅਵਿਚੇਤਨੀ ਪਸਾਰ ਨੂੰ ਪੇਸ਼ ਕਰਨ ਦਾ ਯਤਨ ਕਰਦੇ ਹਨ।ਉਨ੍ਹਾਂ ਕਿਹਾ ਕਿ ਮੈਂ ਹੱਡ-ਬੀਤੇ ਅਨੁਭਵ ਨੂੰ ਹੀ ਰੇਖਾਂਕਿਤ ਕਰਨ ਦੀ ਵਧੇਰੇ ਕੋਸ਼ਿਸ਼ ਕਰਦਾ ਹੈ।ਬਚਪਨ ਤੋਂ ਮਿਲੇ ਸਹਿਜ ਰਹਿਣ ਦੇ ਗੁਣ ਨੂੰ ਸਿਰਜਣਾ ਵਿੱਚ ਢਾਲਦਾ ਹਾਂ। ਮੈਂ ਪੰਜਾਬੀ ਕਹਾਣੀ ਦੀ ਧੀਮੀ ਗਤੀ ਦਾ ਕਹਾਣੀਕਾਰ ਹਾਂ, ਮੇਰੇ ਅਨੁਭਵ ਹੀ ਕਹਾਣੀ ਦਾ ਰੂਪ ਬਣਦੇ ਹਨ, ਮੈਂ ਇੱਕ ਕਹਾਣੀ ਲਗਭਗ ਦੋ ਸਾਲਾਂ ਵਿੱਚ ਪੂਰੀ ਕਰਦਾ ਹੈ।
ਪ੍ਰਸ਼ਨਕਾਲ ਦੌਰਾਨ ਦੀਪ ਦੇਵਿੰਦਰ ਨੂੰ ਕਹਾਣੀ-ਸ਼ੈਲੀ, ਸਮੱਗਰੀ, ਵਿਸ਼ਾ-ਵਸਤ ਅਤੇ ਪਾਤਰ ਉਸਾਰੀ ਬਾਰੇ ਵੱਖ-ਵੱਖ ਸ੍ਰੋਤਿਆਂ ਵਲੋਂ ਪ੍ਰਸ਼ਨ ਕੀਤੇ ਗਏ, ਜਿਹਨਾਂ ਦਾ ਉਹਨਾਂ ਬਹੁਤ ਬਾਖੂਬੀ ਨਾਲ ਉੱਤਰ ਦਿਤਾ।ਇਸ ਤੋਂ ਬਾਅਦ ਯੁਵਾ-ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸ ਦੀ ਸ਼ੁਰੂਆਤ ਮਾਹੀਏ ਗਾ ਕੇ ਕੀਤੀ ਗਈ।ਪ੍ਰਸਿੱਧ ਕਵੀ ਮਲਵਿੰਦਰ, ਮਨਮੋਹਨ ਸਿੰਘ ਢਿੱਲੋਂ, ਮੋਹਨ ਬੇਗੋਵਾਲ ਅਤੇ ਯੁਵਾ ਕਵੀਆਂ ਵਿੱਚ ਹਰਪ੍ਰੀਤ ਨਾਰਲੀ, ਗੁਰਪ੍ਰੀਤ ਸਿੰਘ, ਸੁਮਿਤ, ਸ਼ਾਇਰਪ੍ਰੀਤ, ਜੋਗਿੰਦਰ ਸਿੰਘ, ਅਰਸ਼ਦੀਪ ਸਿੰਘ, ਚਰਨਜੀਤ ਸਿੰਘ, ਮਨਿੰਦਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਕੌਰ ਨੇ ਆਪਣੀਆਂ ਕਵਿਤਾਵਾਂ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿਤਾ।ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਹਾਜ਼ਿਰ ਪ੍ਰਸਿਧ ਕਵੀ ਮਲਵਿੰਦਰ ਸਿੰਘ ਨੇ ਕਿਹਾ ਕਿ ਉਹ ਤੀਸਰੀ ਵਾਰ ਸਿਰਜਣ ਪ੍ਰਕਿਰਿਆ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਹਨ ਅਤੇ ਹਰ ਵਾਰੀ ਇਸ ਪ੍ਰੋਗਰਾਮ ਰਾਹੀਂ ਉਹਨਾਂ ਨੂੰ ਕੁੱਝ ਨਵਾਂ ਸਿਖਣ ਨੂੰ ਮਿਲਦਾ ਹੈ।ਉਨ੍ਹਾਂ ਕਿਹਾ ਇਹ ਪ੍ਰੋਗਰਾਮ ਸਿਰਫ਼ ਸਾਹਿਤਕ ਮਿਲਣੀ ਹੀ ਨਹੀਂ ਸਗੋਂ ਕਿ ਅਕਾਦਮਿਕ ਪੱਧਰ ਦਾ ਸੈਮੀਨਾਰ ਹੈ।ਸੰਸਥਾ ਨਾਦ ਪ੍ਰਗਾਸੁ ਦੇ ਡਾਇਰੈਕਟਰ ਪ੍ਰੋ. ਜਗਦੀਸ਼ ਸਿੰਘ ਨੇ ਧੰਨਵਾਦੀ ਸ਼ਬਦਾਂ ਵਿੱਚ ਦੀਪ ਦੇਵਿੰਦਰ ਦੀ ਕਹਾਣੀ-ਪ੍ਰਤਿਭਾ ਦੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਦ੍ਰਿਸ਼-ਚਿਤਰਨ ਵਿੱਚ ਨਾਦ-ਬਿੰਬ ਦੀ ਵਰਤੋਂ ਅਤੇ ਕਾਵਿਕਤਾ ਦੀ ਸਮਝ, ਬਿਰਤਾਂਤ ਨੂੰ ਮੌਲਿਕ ਬਣਾ ਦਿੰਦੀ ਹੈ।ਇਹਨਾਂ ਦੀ ਦ੍ਰਿਸ਼-ਚਿਤਰਨ ਕਲਾ ‘ਤੇ ਕੀਤੀ ਮਿਹਨਤ ਨੇ ਇਹਨਾਂ ਦੀ ਕਹਾਣੀ-ਪ੍ਰਤਿਭਾ ਨੂੰ ਹੋਰ ਨਿਖਾਰ ਦਿਤਾ ਹੈ।ਸੰਸਥਾ ਵਲੋਂ ਉਹਨਾਂ ਨੂੰ ਸਨਮਾਨ ਵਜੋਂ ਪੁਸਤਕ ਭੇਟਾ ਕੀਤੀ ਗਈ।
ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਵੀ ਭਾਗ ਲਿਆ ਹੈ।ਜਿਹਨਾਂ ਵਿੱਚ ਦਿੱਲੀ ਯੂਨੀਵਰਸਿਟੀ ਨਵੀਂ ਦਿੱਲੀ ਦੇ ਖੋਜਾਰਥੀ ਇਮਰਤਪਾਲ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੋਮਲਪ੍ਰੀਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੰਵਲਪ੍ਰੀਤ ਸਿੰਘ, ਕੋਮਲ, ਗੋਬਿੰਦਪ੍ਰੀਤ ਅਤੇ ਮਨਪ੍ਰੀਤ ਨੇ ਭਾਗ ਲਿਆ।ਇਸ ਮੌਕੇ ਸੰਸਥਾ ਵਲੋਂ ਵਿਸ਼ੇਸ਼ ਤੌਰ ‘ਤੇ ਪੁਸਤਕ-ਪ੍ਰਦਰਸ਼ਨੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਮੰਚ ਦਾ ਸੰਚਾਲਨ ਰਾਜਵੀਰ ਕੌਰ ਨੇ ਕੀਤਾ।

 

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …