ਅੰਮ੍ਰਿਤਸਰ, 12 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖਾਲਸਾ ਕਾਲਜ ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ, ਸੂਚਨਾ ਅਤੇ ਸੰਚਾਰ ਤਕਨਾਲੋਜੀ ਵਲੋਂ ਸਿੱਖਿਆ ’ਤੇ ਰਾਸ਼ਟਰੀ ਮਿਸ਼ਨ ਤਹਿਤ ਵਰਚੁਅਲ ਲੈਬਾਂ ਦੀ ਸਹੂਲਤ ਲਈ ਨੋਡਲ ਸੈਂਟਰ ਨਾਲ ਸਨਮਾਨਿਤ ਕੀਤਾ ਗਿਆ ਹੈ।ਅੰਮ੍ਰਿਤਾ ਵਰਚੁਅਲ ਲੈਬਜ਼, ਅੰਮ੍ਰਿਤਾ ਵਿਸ਼ਵ ਵਿਦਿਆ ਪੀਠਮ, ਕੇਰਲਾ ਦੇ ਸਹਿਯੋਗ ਨਾਲ ਕਾਲਜ ਵਿਖੇ ਨੋਡਲ ਸੈਂਟਰ ਦੇ ਉਦਘਾਟਨ ਮੌਕੇ ਵਿਗਿਆਨ ਦੇ ਫੈਕਲਟੀ ਵਲੋਂ ਵਰਚੁਅਲ ਲੈਬਾਂ ’ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ।ਜਿਸ ਵਿੱਚ ਲਗਭਗ 400 ਵਿਗਿਆਨ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਉਕਤ ਮੀਲ ਪੱਥਰ ਲਈ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਕਾਲਜ ਦੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।
ਭੌਤਿਕ ਵਿਗਿਆਨ ਵੀ.ਲੈਬਜ਼ ਦੇ ਪ੍ਰੋਜੈਕਟ ਮੈਨੇਜ਼ਰ ਅਤੇ ਤਕਨੀਕੀ ਲੀਡ ਸਨੀਸ਼ ਪੀ.ਐਫ਼ ਅਤੇ ਅੰਮ੍ਰਿਤਾ ਵਰਚੁਅਲ ਲੈਬਜ਼, ਅੰਮ੍ਰਿਤਾ ਵਿਸ਼ਵ ਵਿਦਿਆ ਪੀਠਮ ਦੇ ਕੰਪਿਊਟਰ ਵਿਭਾਗ ’ਚ ਸਿਖਲਾਈ ਸੈਸ਼ਨ ਦੇ ਮੁੱਖੀ ਅਤੇ ਪ੍ਰੋਜੈਕਟ ਅਸਿਸਟੈਂਟ ਸ੍ਰੀਮਤੀ ਸ਼ਾਨਮੋਲ ਸੀ.ਜੇ ਨੇ ਵਰਚੁਅਲ ਲੈਬਾਂ ਦੀ ਜਾਣ-ਪਛਾਣ ਤੇ ਵਿਦਿਆਰਥੀਆਂ ਦੀ ਅਕਾਦਮਿਕ ਕਾਰਗੁਜ਼ਾਰੀ ਨੂੰ ਉਤਸ਼ਾਹਿਤ ਕਰਨ ’ਚ ਵਰਚੁਅਲ ਲੈਬਾਰਟਰੀ ਦੀ ਭੂਮਿਕਾ ਅਤੇ ਵਰਚੁਅਲ ਲੈਬਾਂ ਦੇ ਪ੍ਰਯੋਗਾਂ ਦੇ ਪ੍ਰਦਰਸ਼ਨ ਬਾਰੇ ਲੈਕਚਰ ਦਿੱਤੇ ਗਏ ਸਨ।
ਇਸ ਦੌਰਾਨ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਨੋਡਲ ਸੈਂਟਰ ਅਤੇ ਵਰਕਸ਼ਾਪ ਦੇ ਉਦਘਾਟਨ ਸਬੰਧੀ ਕਿਹਾ ਕਿ ਕਾਲਜ ਵਿਖੇ ਵੀ ਲੈਬ ਦੀ ਸਹੂਲਤ ਵਿਦਿਆਰਥੀਆਂ ਦੇ ਸਿਧਾਂਤਕ ਗਿਆਨ ’ਚ ਵਾਧਾ ਕਰਨ ਦੇ ਨਾਲ-ਨਾਲ ਵਿਹਾਰਕ ਗਿਆਨ ਨੂੰ ਵੀ ਮਜ਼ਬੂਤ ਕਰੇਗੀ।ਉਨ੍ਹਾਂ ਕਿਹਾ ਕਿ ਵਰਚੁਅਲ ਲੈਬ ਨੋਡਲ ਸੈਂਟਰ ਦੀ ਸਥਾਪਨਾ ਅਤੇ ਵਰਕਸ਼ਾਪ ਦਾ ਮਕਸਦ ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ’ਚ ਸਿਮੂਲੇਸ਼ਨ-ਅਧਾਰਿਤ ਲੈਬਾਂ ਤੱਕ ਰਿਮੋਟ-ਪਹੁੰਚ ਪ੍ਰਦਾਨ ਕਰਨਾ ਹੈ।
ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ’ਚ ਉਤਸੁਕਤਾ ਪੈਦਾ ਕਰਕੇ ਪ੍ਰਯੋਗ ਕਰਨ ਲਈ ਉਤਸ਼ਾਹਿਤ ਕਰਨ ’ਚ ਸਹਿਯੋਗ ਕਰਨ ਤੋਂ ਇਲਾਵਾ ਰਿਮੋਟ ਪ੍ਰਯੋਗਾਂ ਦੁਆਰਾ ਬੁਨਿਆਦੀ ਅਤੇ ਉਨਤ ਧਾਰਨਾਵਾਂ ਨੂੰ ਸਿੱਖਣ ’ਚ ਸਹਾਇਤਾ ਕਰੇਗਾ।ਉਨ੍ਹਾਂ ਕਿਹਾ ਕਿ ਅੰਤਰ-ਅਨੁਸ਼ਾਸਨੀ ਗਿਆਨ ’ਚ ਉਤਸ਼ਾਹਿਤ ਹੋਣ ਦੇ ਨਾਲ ਵਿਦਿਆਰਥੀ ਹੋਰ ਸਟ੍ਰੀਮਾਂ ਦੇ ਪ੍ਰੈਕਟੀਕਲ ਤੱਕ ਵੀ ਪਹੁੰਚ ਕਰਨ ਦੇ ਯੋਗ ਹੋਣਗੇ।ਕਾਲਜ ਦਾ ਨੋਡਲ ਸੈਂਟਰ ਵਰਚੁਅਲ ਲੈਬਾਂ ਦੇ ਆਲੇ-ਦੁਆਲੇ ਇੱਕ ਸੰਪੂਰਨ ਲਰਨਿੰਗ ਮੈਨੇਜਮੈਂਟ ਸਿਸਟਮ ਪ੍ਰਦਾਨ ਕਰੇਗਾ, ਜਿਥੇ ਵਿਦਿਆਰਥੀ ਅਤੇ ਅਧਿਆਪਕ ਸਿੱਖਣ ਲਈ ਵੱਖ-ਵੱਖ ਸਾਧਨਾਂ ਦਾ ਲਾਭ ਲੈ ਸਕਦੇ ਹਨ, ਜਿਸ ’ਚ ਵਾਧੂ ਵੈਬ-ਸਰੋਤ, ਵੀਡੀਓ-ਲੈਕਚਰ, ਐਨੀਮੇਟਿਡ ਪ੍ਰਦਰਸ਼ਨ ਅਤੇ ਸਵੈ-ਮੁਲਾਂਕਣ ਗਤੀਵਿਧੀ ਸ਼ਾਮਲ ਹੈ।ਵਿਦਿਆਰਥੀਆਂ ਨੂੰ ਜੀਵਨ ਦੇ ਹਰੇਕ ਖੇਤਰ ’ਚ ਵਿਗਿਆਨ ਅਤੇ ਤਕਨਾਲੋਜੀ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਣਾ ਹੈ।
ਕਾਲਜ ਦੇ ਵੀ.ਲੈਬ ਨੋਡਲ ਸੈਂਟਰ ਦੇ ਨੋਡਲ ਕੋਆਰਡੀਨੇਟਰ ਡਾ. ਇਕਬਾਲ ਸਿੰਘ ਅਤੇ ਡਾ: ਕੁਲਤਾਰ ਸਿੰਘ ਨੇ ਬੁਲਾਰਿਆਂ ਸਨੀਸ਼ ਅਤੇ ਸ੍ਰੀਮਤੀ ਸ਼ਨਾਮੋਲ ਨਾਲ ਜਾਣ-ਪਛਾਣ ਕਰਵਾਉਂਦਿਆਂ ਉਪਰੋਕਤ ਵਿਸ਼ੇ ਅਤੇ ਉਦੇਸ਼ ਸਬੰਧੀ ਜਾਣੂ ਕਰਵਾਇਆ।
ਇਸ ਤੋਂ ਪਹਿਲਾਂ ਵਰਕਸ਼ਾਪ ਕਨਵੀਨਰ ਡਾ. ਤਮਿੰਦਰ ਸਿੰਘ (ਡੀਨ ਅਕਾਦਮਿਕ ਮਾਮਲੇ) ਨੇ ਆਏ ਹੋਏ ਮਹਿਮਾਨਾਂ, ਵੱਖ-ਵੱਖ ਵਿਗਿਆਨ ਵਿਭਾਗਾਂ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਰਕਸ਼ਾਪ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਲਗਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਹ ਬਹੁਤ ਸਾਰੇ ਵਿਸ਼ਿਆਂ ਦੀ ਸਿੱਖਣ ਜਾਂ ਪ੍ਰਯੋਗ ਪ੍ਰਕਿਰਿਆ ਨੂੰ ਵਧਾਉਣ, ਸੁਧਾਰ ਕਰਨ, ਏਕੀਕਿ੍ਰਤ ਕਰਨ, ਸ਼ੁੱਧ ਕਰਨ ਅਤੇ ਸਹਾਇਤਾ ਕਰਨ ਲਈ ਇਕ ਢੱਕਵਾਂ ਵਾਤਾਵਰਣ ਪ੍ਰਦਾਨ ਕਰਦਾ ਹੈ।
ਵਰਕਸ਼ਾਪ ਦੌਰਾਨ ਡੀਨ ਸਾਇੰਸ (ਐਚ.ਓ.ਡੀ ਫਿਜ਼ਿਕਸ) ਡਾ. ਹਰਵਿੰਦਰ ਕੌਰ ਨੇ ਸਨੀਸ਼ ਅਤੇ ਸ੍ਰੀਮਤੀ ਸ਼ਾਨਮੋਲ ਵੱਲੋਂ ਕੰਪਿਊਟਰ ਸਿਮੂਲੇਸ਼ਨਾਂ ਦੀ ਵਰਤੋਂ ਕਰਦੇ ਹੋਏ ਵਿਗਿਆਨ ਪ੍ਰਯੋਗਸ਼ਾਲਾਵਾਂ ਲਈ ਵਰਤੀਆਂ ਜਾ ਰਹੀਆਂ ਮੌਜ਼ੂਦਾਂ ਤਕਨੀਕਾਂ ਬਾਰੇ ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਪ੍ਰਦਾਨ ਕਰਨ ਸਬੰਧੀ ਕੀਮਤੀ ਸਮਾਂ ਦੇਣ ਲਈ ਧੰਨਵਾਦ ਕੀਤਾ।ਉਨ੍ਹਾਂ ਨੇ ਕਾਲਜ ’ਚ ਵਰਚੁਅਲ ਲੈਬਾਂ ਲਈ ਨੋਡਲ ਸੈਂਟਰ ਸਥਾਪਿਤ ਕਰਨ ’ਤੇ ਡਾ. ਮਹਿਲ ਸਿੰਘ ਵਲੋਂ ਕੀਤੀ ਪਹਿਲਕਦਮੀ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਡਾ: ਜਸਜੀਤ ਕੌਰ ਰੰਧਾਵਾ, ਡਾ: ਹਰਵਿੰਦਰ ਕੌਰ, ਡਾ. ਹਰਭਜਨ ਸਿੰਘ, ਡਾ. ਬਲਵਿੰਦਰ ਸਿੰਘ, ਡਾ. ਕਮਲਜੀਤ ਕੌਰ, ਡਾ. ਅਮਿਤ ਆਨੰਦ ਅਤੇ ਫੈਕਲਟੀ ਮੈਂਬਰ ਵੀ ਹਾਜ਼ਰ ਸਨ।