Monday, July 8, 2024

ਆਜਾਦੀ ਘੁਲਾਟੀਏ ਤੇ ਕਵੀ ਵੀਰ ਸਿੰਘ ਵੀਰ ਦੀ ਪਤਨੀ ਮਾਤਾ ਸੁਰਜੀਤ ਕੌਰ ਦਾ ਅੰਤਿਮ ਸਸਕਾਰ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਆਜਾਦੀ ਘੁਲਾਟੀਏ ਤੇ ਕਵੀ ਵੀਰ ਸਿੰਘ ਵੀਰ ਦੀ ਪਤਨੀ ਸੁਰਜੀਤ ਕੋਰ ਦੇ ਬੀਤੇ ਕੱਲ ਅਕਾਲ ਚਲਾਣਾ ਕਰ ਜਾਣ ‘ਤੇ ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਸ਼ਹੀਦਾਂ ਸਾਹਿਬ ਨੇੜੇ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।ਪੰਜਾਬ ਸਰਕਾਰ ਵਲੋ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।108 ਸਾਲਾਂ ਦੇ ਮਾਤਾ ਸੁਰਜੀਤ ਕੌਰ ਆਪਣੇ ਪਿਛੇ ਪੁੱਤਰ ਅਮਰਜੀਤ ਸਿੰਘ ਭਾਟੀਆ, ਪੁੱਤਰੀ ਇੰਦਰਜੀਤ ਕੌਰ ਅਤੇ ਦੋਹਤੇ, ਦੋਹਤੀਆਂ ਤੇ ਪੋਤੀਆਂ ਛੱਡ ਗਏ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ 1942 ਵਿਚ ਕਵੀ ਵੀਰ ਸਿੰਘ ਵੀਰ ਨੇ ਮਹਾਤਮਾ ਗਾਂਧੀ ਨਾਲ ਚਾਰ ਸਾਲ ਜੇਲ੍ਹ ਦੀ ਸਜ਼ਾ ਕੱਟੀ ਅਤੇ ਇਸ ਦੌਰਾਨ ਮਾਤਾ ਸੁਰਜੀਤ ਕੌਰ ਨੇ ਵੀ 10 ਮਹੀਨੇ ਕੈਦ ਵਿੱਚ ਬਿਤਾਏ ਸਨ।ਉਨ੍ਹਾਂ ਇਸ ਦੁੱਖ ਦੀ ਘੜੀ ’ਚ ਦੁਖੀ ਪਰਿਵਾਰ ਨਾਲ ਅਫਸੋਸ ਜ਼ਾਹਿਰ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।
ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਅਕਾਲੀ ਆਗੂ ਮਨਜੀਤ ਸਿੰਘ ਮੰਜ਼ਿਲ, ਭਰਪੂਰ ਸਿੰਘ ਮੈਂਬਰ ਚੀਫ ਖਾਲਸਾ ਦੀਵਾਨ, ਸਹਾਇਕ ਲੋਕ ਸੰਪਰਕ ਅਧਿਕਾਰੀ ਯੋਗੇਸ਼ ਸ਼ਰਮਾ, ਗਿਆਨ ਸਿੰਘ ਸੱਗੂ, ਕਰਮਜੀਤ ਸਿੰਘ ਘਾਲਾਮਾਲਾ, ਅਜੀਤ ਸਿੰਘ ਹਰਜੀਤ ਪੈਲਸ, ਰਾਣਾ ਪਲਵਿੰਦਰ ਸਿੰਘ ਦਬੁਰਜੀ, ਜਸਬੀਰ ਸਿੰਘ ਸੱਗੂ, ਭਾਜਪਾ ਆਗੂ ਮਨੋਹਰ ਸਿੰਘ ਸੈਣੀ ਤੋਂ ਇਲਾਵਾ ਵੱਖ-ਵੱਖ ਆਗੂਆਂ ਨੇ ਵਿਛੜੀ ਰੂਹ ਨੂੰ  ਸ਼ਰਧਾਂਜਲੀ ਭੇਟ ਕੀਤੀ।
ਇਸੇ ਦੌਰਾਨ ਜਾਰੀ ਇੱਕ ਬਿਆਨ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਇਸ ਦੁੱਖ ਦੀ ਘੜੀ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਿਰ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਅਤੇ ਦੁਖੀ ਪਰਿਵਾਰ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸਣ।
ਅਮਰਜੀਤ ਸਿੰਘ ਭਾਟੀਆ ਨੇ ਦੱਸਿਆ ਹੈ ਕਿ ਉਨਾਂ ਦੇ ਮਾਤਾ ਸੁਰਜੀਤ ਕੌਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸਥਾਨਕ ਸੇਵਾ ਸਿੰਘ ਹਾਲ ਅਜੀਤ ਨਗਰ ਚੌਕ ਸੁਲਤਾਨਵਿੰਡ ਵਿਖੇ 24 ਸਤੰਬਰ 2023 ਨੂੰ ਬਾਅਦ ਦੁਪਹਿਰ 1-00 ਤੋਂ 2-00 ਵਜੇ ਤੱਕ ਹੋਵੇਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …