ਅੱਲਾ ਯਾਰ ਖਾਂ ਜੋਗੀ ਦੀ ਯਾਦ ਵਿੱਚ ਦਿੱਲੀ ਕਮੇਟੀ ਕਰਵਾਏਗੀ ਸੈਮੀਨਾਰ
ਨਵੀਂ ਦਿੱਲੀ, 22 ਦਸੰਬਰ (ਅੰਮ੍ਰਿਤ ਲਾਲ ਮੰਨਣ) – ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦੀ ਜੋੜ ਮੇਲੇ ਦਾ ਆਯੋਜਨ ਗੁਰਦੁਆਰਾ ਦਮਦਮਾ ਸਾਹਿਬ ਅਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰਮਤਿ ਦੀਵਾਨਾ ਦੇ ਰੂਪ ਵਿੱਚ ਕੀਤਾ ਗਿਆ।
ਇਨ੍ਹਾਂ ਸਮਾਗਮਾਂ ਦੌਰਾਨ ਢਾਡੀ ਜਥਾ ਭਾਈ ਤਰਸੇਮ ਸਿੰਘ ਮੋਰਾਂਵਾਲੀ, ਭਾਈ ਹਰਭਜਨ ਸਿੰਘ, ਭਾਈ ਲਖਵਿੰਦਰ ਸਿੰਘ ਪਾਰਸ ਅਤੇ ਭਾਈ ਗੁਰਚਰਣ ਸਿੰਘ ਹਜੂਰੀ ਢਾਡੀ ਗੁਰਦੁਆਰਾ ਸੀਸਗੰਜ ਸਾਹਿਬ ਵੱਲੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਸੰਗਤਾਂ ਨੂੰ ਵੀਰ ਰਸ ਵਿੱਚ ਜਾਣੂੰ ਕਰਵਾਇਆ ਗਿਆ। ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਰਣਧੀਰ ਸਿੰਘ ਜੀ, ਦਿੱਲੀ ਕਮੇਟੀ ਦੇ ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ ਜੀ ਸ਼ਾਂਤ, ਭਾਈ ਦਰਸ਼ਨ ਸਿੰਘ ਨਿਰਮਲ ਤੇ ਭਾਈ ਕੁਲਵੰਤ ਸਿੰਘ ਜੀ ਪ੍ਰਭਾਤ ਨੇ ਕੀਰਤਨ ਅਤੇ ਭਾਈ ਰਣਜੀਤ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਨੇ ਕਥਾ ਵਿਚਾਰਾ ਰਾਹੀਂ ਸੰਗਤਾਂ ਨੂੰ ਇਨ੍ਹਾਂ ਸ਼ਹੀਦੀਆਂ ਤੋਂ ਪ੍ਰੇਰਣਾ ਲੈਣ ਦੀ ਬੇਨਤੀ ਕੀਤੀ।
ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਪੰਜਾਬੀ ਯੁਨਿਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਿੱਖ ਇਤਿਹਾਸ ਦੀ ਨਿਵੇਕਲੀ ਕੜੀ ਦੱਸਦੇ ਹੋਏ ਸਮੂਹ ਸੰਗਤਾਂ ਨੂੰ ਇਨ੍ਹਾਂ ਜੋੜ ਮੇਲਿਆਂ ਵਿੱਚ ਹਾਜ਼ਰੀ ਭਰਨ ਦੌਰਾਨ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣ ਦੀ ਵੀ ਤਾਕਿਦ ਕੀਤੀ ਤਾਂਕਿ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਜੰਗੀ ਕੌਸ਼ਲ ਤੋਂ ਸਾਡੇ ਬੱਚੇ ਜਾਣੂੰ ਹੋ ਸਕੱਣ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਇਨ੍ਹਾਂ ਸ਼ਹੀਦੀ ਸਾਕਿਆਂ ਨੂੰ ਆਪਣੀ ਕਲਮ ਨਾਲ ਨਜ਼ਮ ਦਾ ਰੂਪ ਦੇਣ ਵਾਲੇ ਉੱਘੇ ਸ਼ਾਇਰ ਅਲ੍ਹਾ ਯਾਰ ਖਾਂ ਜੋਗੀ ਦੀ ਯਾਦ ਵਿੱਚ ਕਮੇਟੀ ਵੱਲੋਂ ਸੈਮੀਨਾਰ ਕਰਵਾਉਣ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਦੇ ਹੋਏ ਸੰਗਤਾਂ ਨੂੰ ਆਪਣੇ ਅਨਮੋਲ ਵਿਰਸੇ ਤੋਂ ਆਪਣੇ ਬੱਚਿਆਂ ਨੂੰ ਜਾਣੂੰ ਕਰਵਾਉਣ ਦੀ ਵੀ ਅਪੀਲ ਕੀਤੀ।
ਸਮੂਹ ਸੰਗਤਾਂ ਨੂੰ ਆਪਣੇ ਆਲੇ-ਦੁੁਆਲੇ ਗੁਰਮਤਿ ਤੋਂ ਦੂਰ ਜਾ ਚੁੱਕੇ ਨੌਜਵਾਨਾ ਨੂੰ ਗਲਵਕੜੀ ਵਿੱਚ ਲੈ ਕੇ ਉਨ੍ਹਾਂ ਨੂੰ ਅੰਮ੍ਰਿਤ ਛਕਾਉਣ ਲਈ ਪ੍ਰੇਰਿਤ ਕਰਨ ਦਾ ਵੀ ਰਾਣਾ ਨੇ ਤਰਲਾ ਮਾਰਿਆ। ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਅਤੇ ਦਿੱਲੀ ਕਮੇਟੀ ਮੈਂਬਰ ਗੁਰਬਚਨ ਸਿੰਘ ਚੀਮਾ ਨੇ ਸਟੇਜ ਸਕੱਤਰ ਦੀ ਸੇਵਾ ਬਖੁਬੀ ਨਿਭਾਈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਹਰਿੰਦਰ ਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ, ਅਕਾਲੀ ਆਗੂ ਜਸਵਿੰਦਰ ਸਿੰਘ ਜੌਲੀ, ਰਾਜਾ ਹਰਵਿੰਦਰਜੀਤ ਸਿੰਘ, ਜੁਝਾਰ ਸਿੰਘ ਤੇ ਫਿਲਮ ਨਿਰਮਾਤਾ ਬੱਬਲੀ ਸਿੰਘ ਵੀ ਇਸ ਮੌਕੇ ਮੌਜੂਦ ਸਨ।