‘ਜ਼ੰਮਦੀਆਂ ਸੂਲ਼ਾਂ ਦੇ ਮੂੰਹ ਤਿੱਖੇ ਹੁੰਦੇ ਹਨ’ ਇਹ ਕਹਾਵਤ ਸ਼ਾਇਦ ਜਪਤੇਜ ਸਿੰਘ ਲਈ ਹੀ ਬਣੀ ਹੈ। ਜਪਤੇਜ ਹੁਣ ਬਤੌਰ ਹੀਰੋ ਵੱਡੇ ਪਰਦੇ ‘ਤੇ ਆਪਣੀ ਅਦਾਕਾਰੀ
ਦੀ ਛਾਪ ਛੱਡਣ ਜਾ ਰਿਹਾ ਹੈ, ਪਰ ਉਸ ਨੇ ਕਾਬਲ ਤੇ ਹੋਣਹਾਰ ਅਦਾਕਾਰ ਹੋਣ ਦਾ ਅਹਿਸਾਸ ਬਚਪਨ ਵਿੱਚ ਹੀ ਕਰਵਾ ਦਿੱਤਾ ਸੀ।ਬਾਲ ਕਲਾਕਾਰ ਵਜੋਂ ਕਈ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਆਪਣੀ ਅਮਿੱਟ ਛਾਪ ਛੱਡ ਚੁੱਕਾ ਜਪਤੇਜ ਹੁਣ ਬਤੌਰ ਹੀਰੋ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਕਿਰਦਾਰ ਵਿੱਚ ਨਿਰਦੇਸ਼਼ਕ ਕਵੀ ਰਾਜ ਦੀ ਫਿਲਮ ‘ਸਰਾਭਾ’ ਵਿੱਚ ਨਜ਼ਰ ਆਵੇਗਾ।ਕਈ ਫਿਲਮਾਂ ਵਿੱਚ ਬਾਲ ਕਲਾਕਾਰ ਵਜੋਂ ਜਪਤੇਜ ਦੀ ਅਦਾਕਾਰੀ ਦੇਖ ਚੁੱਕੇ ਦਰਸ਼ਕ ਹੁਣ ਇੱਕ ਦਮ ਜਪਤੇਜ ਨੂੰ ਜਵਾਨ ਗੱਭਰੂ ਦੇ ਕਿਰਦਾਰ ਵਿੱਚ ਦੇਖ ਹੈਰਾਨ ਹਨ।ਜਪਤੇਜ ਸਿੰਘ 3 ਨਵੰਬਰ ਨੂੰ ਦੁਨੀਆਂ ਭਰ ਵਿੱਚ ਰਲੀਜ਼ ਹੋਣ ਜਾ ਰਹੀ ਆਪਣੀ ਇਸ ਫਿ਼ਲਮ ਨੂੰ ਲੈ ਕੇ ਬੇਹੱਦ ਖੁਸ਼ ਹੈ।ਫਿਲਮ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ ‘ਤੇ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ।ਦਰਜ਼ਨਾਂ ਪੰਜਾਬੀ ਫਿਲਮਾਂ ਦੇ ਨਿਰਮਾਤਾ ਰਹਿ ਚੁੱਕੇ ਸਵਰਨ ਸਿੰਘ ਦਾ ਇਹ ਹੋਣਹਾਰ ਫਰਜ਼ੰਦ ਕੁੱਝ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ, ਜਿਸ ਕਾਰਨ ਉਹ ਫਿਲਮਾਂ ਤੋਂ ਦੂਰ ਹੋ ਗਿਆ ਸੀ, ਪਰ ਹੁਣ ਉਹ ਇਸ ਫਿਲਮ ਜ਼ਰੀਏ ਆਪਣੀ ਜਬਰਦਸਤ ਵਾਪਸੀ ਕਰ ਰਿਹਾ ਹੈ।
ਉੜਣੇ ਦੌਰਾਨ ਮਿਲਖਾ ਸਿੰਘ ਦੀ ਜ਼ਿੰਦਗੀ ‘ਤੇ ਬਣੀ ਬਾਲੀਵੁੱਡ ਫਿਲਮ “ਭਾਗ ਮਿਲਖਾ ਭਾਗ” ਵਿੱਚ ਮਿਲਖਾ ਸਿੰਘ ਦਾ ਬਚਪਨ ਦਾ ਕਿਰਦਾਰ ਨਿਭਾਉਣ ਵਾਲਾ ਜਪਤੇਜ ਪੰਜਾਬੀ ਫਿਲਮ ‘ਸੰਨ ਆਫ਼ ਮਨਜੀਤ ਸਿੰਘ’ ਅਤੇ ‘ਮਿੱਟੀ ਨਾ ਫਰੋਲ ਜੋਗੀਆ’ ਸਮੇਤ ਦਰਜਨ ਦੇ ਨੇੜੇ ਫਿਲਮਾਂ ਵਿੱਚ ਬਾਲ ਕਲਾਕਾਰ ਵਜੋਂ ਆਪਣੀ ਅਮਿੱਟ ਛਾਪ ਛੱਡ ਚੁੱਕਾ ਹੈ।ਆਪਣੀ ਮੁੱਢਲੀ ਪੜਾਈ ਲਈ ਫਿਲਮਾਂ ਤੋਂ ਦੂਰ ਹੋਇਆ ਜਪਤੇਜ ਇਕ ਸਰਦਾਰ ਹੀਰੋ ਵਜੋਂ ਪੰਜਾਬੀ ਸਿਨਮਾ ਵਿੱਚ ਸਰਗਰਮ ਹੋਇਆ ਹੈ।ਜਪਤੇਜ ਦੱਸਦਾ ਹੈ ਕਿ ਪੰਜਾਬੀ ਸਿਨਮਾ ਵਿੱਚ ਵਾਪਸੀ ਅਤੇ ਸਥਾਪਤੀ ਦੀ ਸ਼ੁਰੂਆਤ ਲਈ ਉਹ ਇਕ ਵਧੀਆ ਫਿਲਮ ਦੀ ਭਾਲ ਵਿੱਚ ਸੀ, ਜੋ ‘ਸਰਾਭਾ’ ਫਿਲਮ ਜ਼ਰੀਏ ਪੂਰੀ ਹੋਈ ਹੈ।ਉਹ ਦੱਸਦਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਕਿਰਦਾਰ ਨਿਭਾਉਣਾ ਉਸ ਲਈ ਫਖਰ ਵਾਲੀ ਗੱਲ ਹੈ।ਸਭ ਤੋਂ ਛੋਟੀ ਉਮਰ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਇਹ ਕਿਰਦਾਰ ਅਦਾ ਕਰਦਿਆਂ ਉਸ ਨੇ ਉਹਨਾਂ ਦੀ ਸਖਸ਼ੀਅਤ ਦਾ ਪ੍ਰਭਾਵ ਕਬੂਲਿਆ ਹੈ।ਇਸ ਫਿਲਮ ਲਈ ਉਸਨੇ ਬੇਹੱਦ ਮਿਹਨਤ ਕੀਤੀ ਹੈ।ਕਰਤਾਰ ਸਿੰਘ ਸਰਾਭਾ ਇੱਕ ਬਹੁਮੁਖੀ ਸਖਸ਼ੀਅਤ ਸਨ, ਜੋ ਮਹਿਜ਼ 15 ਸਾਲ ਦੀ ਉਮਰ ਵਿੱਚ ਗਦਰ ਲਹਿਰ ਦਾ ਹਿੱਸਾ ਬਣ ਗਏ ਸਨ।ਇਹ ਕਿਰਦਾਰ ਨਿਭਾਉਣ ਲਈ ਉਹਨਾਂ ਕਰਤਾਰ ਸਿੰਘ ਸਰਾਭਾ ਨਾਲ ਸਬੰਧਿਤ ਕਈ ਕਿਤਾਬਾਂ ਵੀ ਪੜੀਆਂ।ਦਰਸ਼ਕ ਉਸਨੂੰ ਕਰਤਾਰ ਸਿੰਘ ਸਰਾਭਾ ਦੇ ਕਿਰਦਾਰ ਵਿੱੱਚ ਪਸੰਦ ਕਰਨਗੇ।ਜਪਤੇਜ ਮੁਤਾਬਕ ਨੌਜਵਾਨਾਂ ਨੂੰ ਇਹ ਫਿਲਮ ਜਰੂਰ ਦੇਖਣੀ ਚਾਹੀਦੀ ਹੈ।ਇਹ ਫਿਲਮ ਹੀ ਨਹੀਂ ਬਲਕਿ ਇੱਕ ਦਸਤਾਵੇਜ਼ ਸਾਬਤ ਹੋਵੇਗੀ।ਜਪਤੇਜ ਸਿੰਘ ਇਸ ਵੇਲੇ ਇਸ ਫਿਲਮ ਨੂੰ ਲੈ ਕੇ ਬੇਹੱਦ ਉਤਸਕ ਹੈ।ਇਸ ਫਿਲਮ ਤੋਂ ਬਾਅਦ ਹੀ ਉਹ ਆਪਣੇ ਫਿਲਮੀ ਕੈਰੀਅਰ ਨੂੰ ਕੋਈ ਰੂਪ-ਰੇਖਾ ਦੇਵੇਗਾ।2210202302
ਜਿੰਦ ਜਵੰਦਾ
ਮੋ- 9779591482
Punjab Post Daily Online Newspaper & Print Media