Tuesday, December 5, 2023

ਖ਼ਾਲਸਾ ਕਾਲਜ ਵਿਖੇ ਪ੍ਰਵਾਸੀ ਸ਼ਾਇਰਾ ਸੁਰਿੰਦਰ ਗੀਤ ਵਿਦਿਆਰਥੀਆਂ ਨਾਲ ਹੋਏ ਰੂਬਰੂ

ਕਾਲਜ ਪ੍ਰਵਾਸੀ ਸਾਹਿਤਕਾਰਾਂ ਦੇ ਵਿਚਾਰ ਪ੍ਰਗਟਾਵੇ ਦਾ ਮੁੱਖ ਕੇਂਦਰ – ਪ੍ਰਿੰਸੀਪਲ ਡਾ. ਮਹਿਲ ਸਿੰਘ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ‘ਚ ਅੱਜ ਪ੍ਰਵਾਸੀ ਸ਼ਾਇਰਾ ਅਤੇ ਕਹਾਣੀਕਾਰਾ ਸੁਰਿੰਦਰ ਗੀਤ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਰੂਬਰੂ ਕਰਵਾਇਆ ਗਿਆ।ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਦਾ ਪੰਜਾਬੀ ਵਿਭਾਗ ਪੰਜਾਬੀ ਸਾਹਿਤਕਾਰਾਂ ਅਤੇ ਚਿੰਤਕਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਲਈ ਹਮੇਸ਼ਾਂ ਕੇਂਦਰ ਰਿਹਾ ਹੈ।ਪ੍ਰਵਾਸੀ ਸਾਹਿਤਕਾਰ ਜਦੋਂ ਏਥੇ ਆ ਕੇ ਆਪਣੇ ਜੀਵਨ ਅਨੁਭਵ ਅਤੇ ਰਚਨਾਵਾਂ ਸਾਡੇ ਵਿਦਿਆਰਥੀਆਂ ਨਾਲ ਸਾਂਝੀਆਂ ਕਰਦੇ ਹਨ ਤਾਂ ਇਹ ਵਿਭਾਗ ਪ੍ਰਵਾਸੀ ਸਾਹਿਤਕਾਰਾਂ ਅਤੇ ਸਾਹਿਤਕ ਮਸਲਿਆਂਦੇ ਪ੍ਰਗਟਾਵੇ ਦਾ ਮਾਧਿਅਮ ਬਣਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਹਰ ਸਾਲਮਾਰਚ ਮਹੀਨੇ ਹੋਣ ਵਾਲੇ ਸਾਹਿਤ ਉਤਸਵ ਵਿਚ ਅਸੀਂ ਸਾਹਿਤਕਾਰਾਂ ਅਤੇ ਚਿੰਤਕਾਂ ਨੂੰ ਖੁੱਲਾ ਸੱਦਾ ਦਿੰਦੇ ਹਾਂ।ਉਹਨਾਂ ਨੇ ਵੱਖ-ਵੱਖ ਸਾਹਿਤਕਾਰਾਂ ਨੂੰ ਵਿਦਿਆਰਥੀਆਂ ਨਾਲ ਰੂਬਰੂ ਕਰਵਾਉਣ ਤੇ ਸਾਹਿਤ ਸਭਾ ਦੀ ਵੀ ਸਰਾਹਣਾ ਕੀਤੀ।
ਆਪਣੇ ਰੂਬਰੂ ਦੌਰਾਨ ਸੁਰਿੰਦਰ ਗੀਤ ਨੇ ਕਿਹਾ ਕਿ ਪੰਜਾਬੀ ਸਮਾਜ ਆਪਣੇ ਮੁੰਡਿਆਂ ਦੀ ਭਲਾਈ ਲਈ ਆਪਣੀਆਂ ਧੀਆਂ ਨੂੰ ਇਕ ਸਾਧਨ ਵਜੋਂ ਵਰਤਦਾ ਰਿਹਾ ਹੈ।ਮੁੰਡੇ ਘੱਟ ਮਿਹਨਤੀ ਹੋਣ ਕਾਰਨ ਜਦੋਂ ਵਿਦੇਸ਼ ਜਾਣ ਵਾਲੇ ਟੈਸਟ ਪਾਸ ਨਹੀਂ ਕਰਦੇ ਤਾਂ ਉਹ ਆਪਣੀਆਂ ਜ਼ਹੀਨ ਧੀਆਂ ਦੇ ਰਿਸ਼ਤੇ ਪ੍ਰਵਾਸੀ ਮੁੰਡਿਆਂ ਨਾਲ ਕਰਕੇ ਆਪਣੇ ਪੁੱਤਰਾਂ ਦੇ ਵਿਦੇਸ਼ ਜਾਣ ਦਾ ਪ੍ਰਬੰਧ ਕਰਦੇ ਹਨ।ਇੰਝ ਪੰਜਾਬੀ ਮਾਪੇ ਆਪਣੇ ਮੁੰਡਿਆਂ ਦੇ ਮਾਪੇ ਬਣਦੇ ਹਨ, ਧੀਆਂ ਦੇ ਨਹੀਂ। ਉਹਨਾਂ ਦੱਸਿਆ ਕਿ ਉਸ ਨੇ 1974 ਵਿੱਚ ਵਿਆਹ ਦੇ ਆਧਾਰ ‘ਤੇ ਕੈਨੇਡਾ ਜਾ ਕੇ ਪਹਿਲੇ ਸੱਤ ਸਾਲ ਹਰ ਕਿਸਮ ਦੀ ਮਜ਼ਦੂਰੀ ਕੀਤੀ ਅਤੇ ਫਿਰ ਮਿਊਂਸੀਪਲ ਕਮੇਟੀ ਵਿਚ ਸਰਕਾਰੀ ਨੌਕਰੀ ਮਿਲਣ ‘ਤੇ ਚਾਲੀ ਸਾਲ ਵੱਖ-ਵੱਖ ਕਿਸਮ ਦੀਆਂ ਸੇਵਾਵਾਂ ਨਿਭਾਈਆਂ।ਉਹਨਾਂ ਨੂੰ ਪੁਲਿਸ ਮਹਿਕਮੇ ਵਿੱਚ ਕੰਮ ਕਰਨ ‘ਤੇ ਉਚ ਅਧਿਕਾਰੀਆਂ ਵਲੋਂ ਸਤਿਕਾਰ ਅਤੇ ਮਾਣ ਸਨਮਾਨ ਵੀ ਮਿਲਿਆ।ਉਹਨਾਂ ਕਿਹਾ ਕਿ ਪ੍ਰਵਾਸੀ ਸਾਹਿਤਕਾਰਾਂ ਨੂੰ ਬਣਦਾ ਮਾਣ ਸਨਮਾਨ ਮਿਲਣਾ ਚਾਹੀਦਾ ਹੈ ਕਿਉਂਕਿ ਪ੍ਰਵਾਸ ਵਿੱਚ ਸਖਤ ਮਿਹਨਤ ਕਰਦਿਆਂ ਪੜ੍ਹਨ ਲਿਖਣ ਵਰਗਾ ਕੰਮ ਕਰਨਾ ਅਤਿ ਔਖਾ ਕਾਰਜ਼ ਹੈ।ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਵਿਦੇਸ਼ ਜਾਣ ਤੋਂ ਪਹਿਲਾ ਦੋ ਗੱਲਾਂ ਮਨ ਵਿੱਚ ਵਸਾ ਲੈਣ ਕਿ ਉਥੇ ਵੀ ਸੱਚਾਈ ਇਮਾਨਦਾਰੀ ਅਤੇ ਮਿਹਨਤ ਦੀ ਹੀ ਜਿੱਤ ਹੋਣੀ ਹੈ, ਬੇਈਮਾਨੀ ਅਤੇ ਝੂਠ ਨੂੰ ਨਿਰਾਸ਼ਾ ਹੀ ਮਿਲਣੀ ਹੈ।
ਡਾ. ਮਹਿਲ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਪਰਮਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਕਾਲਜ ਦੀ ਕੌਫੀ ਟੇਬਲ ਬੁੱਕ ਅਤੇ ਕਾਲਜ ਤਸਵੀਰ ਦੇ ਕੇ ਸੁਰਿੰਦਰ ਗੀਤ ਦਾ ਸਨਮਾਨ ਕੀਤਾ ਗਿਆ।ਸੁਰਿੰਦਰ ਗੀਤ ਵਲੋਂ ਵੀ ਆਪਣੀਆਂ ਪੁਸਤਕਾਂ ਦਾ ਇਕ ਸੈੱਟ ਕਾਲਜ ਲਾਇਬ੍ਰੇਰੀ ਲਈ ਭੇਟ ਕੀਤਾ।ਸੁਰਿੰਦਰ ਗੀਤ ਅਤੇ ਹੋਰ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਪਰਮਿੰਦਰ ਨੇ ਕਿਹਾ ਕਿ ਸੁਰਿੰਦਰ ਗੀਤ ਦੀਆਂ ਰਚਨਾਵਾਂ, ਉਹਨਾਂ ਦੀ ਦਿੱਖ ਅਤੇ ਉਹਨਾਂ ਦੇ ਵਿਹਾਰ ਵਿੱਚ ਇਕਸਾਰਤਾ ਹੈ।ਸੁਰਿੰਦਰ ਗੀਤ ਚਾਲੀ ਸਾਲ ਵਿਦੇਸ਼ ਰਹਿ ਕੇ ਵੀ ਆਪਣੇ ਸਭਿਆਚਾਰ ਅਤੇ ਆਪਣੀ ਠੇਠ ਭਾਸ਼ਾ ਨੂੰ ਨਹੀਂ ਭੁੱਲੇ।
ਇਸ ਮੌਕੇ ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਹਰਜੀਤ ਕੌਰ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਦਯਾ ਸਿੰਘ, ਡਾ. ਪਰਮਜੀਤ ਸਿੰਘ ਕੱਟੂ, ਡਾ. ਚਿਰਜੀਵਨ ਕੌਰ, ਡਾ. ਗੁਰਿੰਦਰ ਕੌਰ, ਡਾ. ਅਮਨਦੀਪ ਕੌਰ, ਡਾ. ਨਵਜੋਤ ਕੌਰ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ, ਡਾ. ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।

Check Also

ਲੋਕ ਕਲਾ ਮੰਚ ਵਲੋਂ ਮਰਹੂਮ ਗਾਇਕ ਜਨਾਬ ਕੁਲਦੀਪ ਮਾਣਕ ਦੇ ਸਪੁੱਤਰ ਯੁਧਵੀਰ ਮਾਣਕ ਦਾ ਸਨਮਾਨ

ਸੰਗਰੂਰ, 5 ਦਸੰਬਰ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਪੰਜਾਬੀ ਗਾਇਕੀ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ …