Friday, September 20, 2024

ਸਿੱਖ ਰਿਸਰਚ ਇੰਸਟੀਚਿਊਟ ਯੂ.ਐਸ.ਏ ਦੇ ਗੁਰੂ ਗ੍ਰੰਥ ਸਾਹਿਬ ਪ੍ਰੋਜੈਕਟ ਵਲੋਂ `ਅਨੰਦ` ਬਾਣੀ (ਖੋਜ਼-ਕਾਰਜ਼) ਸੰਗਤ-ਅਰਪਣ

ਪ੍ਰੋਜੈਕਟ ਦਾ ਮਕਸਦ ਧਰਮ ਤੇ ਸਭਿਆਚਾਰ ਦੇ ਵਿਦਿਅਕ ਸਰੋਤਾਂ ਨਾਲ ਜੋੜਨਾ – ਡਾ. ਜਸਵੰਤ ਸਿੰਘ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਸਹਿਯੋਗ ਨਾਲ ਉਪ-ਕੁਲਪਤੀ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਅਗਵਾਈ ਅਧੀਨ ਸਿੱਖ ਰਿਸਰਚ ਇੰਸਟੀਚਿਊਟ ਯੂ.ਐਸ.ਏ ਦੇ ਗੁਰੂ ਗ੍ਰੰਥ ਸਾਹਿਬ ਪ੍ਰੋਜੈਕਟ ਵਲੋਂ `ਅਨੰਦ` ਬਾਣੀ (ਖੋਜ਼-ਕਾਰਜ਼) ਸੰਗਤ-ਅਰਪਣ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਆਯੋਜਿਤ ਕੀਤਾ ਗਿਆ।ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਸਰਬਜੋਤ ਸਿੰਘ ਬਹਿਲ (ਮੁਖੀ ਅਰਕੀਟੈਕਚਰ ਵਿਭਾਗ) ਸਨ, ਜਦਕਿ ਡਾ. ਸੋਹਨ ਸਿੰਘ (ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਗੁਰੂਸਰ ਸੁਧਾਰ) ਡਾ. ਜਸਵੰਤ ਸਿੰਘ (ਡਾਇਰੈਕਟਰ ਗੁਰਬਾਣੀ ਰਿਸਰਚ ਸਿੱਖ ਰਿਸਰਚ ਇੰਸਟੀਚਿਊਟ ਯੂ.ਐਸ.ਏ) ਅਤੇ ਪ੍ਰੋ. ਅਵਤਾਰ ਸਿੰਘ (ਸਾਬਕਾ ਮੁਖੀ ਪੰਜਾਬੀ ਵਿਭਾਗ ਰਾਮਗੜ੍ਹੀਆ ਕਾਲਜ ਫਗਵਾੜਾ) ਮੁੱਖ ਵਕਤਾ ਵਜੋਂ ਸ਼ਾਮਿਲ ਹੋਏ।ਪ੍ਰੋਗਰਾਮ ਦਾ ਆਰੰਭ ਅਨੰਦ ਸਾਹਿਬ ਦੇ ਕੀਰਤਨ ਨਾਲ ਹੋਇਆ।ਵਿਭਾਗ ਮੁਖੀ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਪੌਦੇ ਭੇਂਟ ਕਰ ਕੇ ਰਸਮੀ ਸਵਾਗਤ ਕੀਤਾ ਅਤੇ ਸੰਬੰਧਿਤ ਖੋਜ਼-ਕਾਰਜ਼ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਗੁਰਬਾਣੀ ਪੰਜਾਬੀ ਭਾਸ਼ਾ ਦਾ ਪ੍ਰਮਾਣਿਕ ਪ੍ਰਤੀਨਿਧਤਵ ਕਰਦੀ ਹੈ, ਜਿਸ ਦੀ ਡੂੰਘੀ ਦਾਰਸ਼ਨਿਕ ਵਿਅਖਿਆ ਲੰਬੇ ਕਾਲਖੰਡ ਦੀ ਮੰਗ ਕਰਦੀ ਹੈ।ਉਹਨਾਂ ਕਿਹਾ ਕਿ `ਅਨੰਦ ਸਾਹਿਬ` ਦੇ ਅਰਥ ਬ੍ਰਹਿਮੰਡੀ ਵਿਸਮਾਦ ਨਾਲ ਜੁੜੇ ਹੋਏ ਹਨ ਅਤੇ ਇਹ ਨਿਰੰਤਰ ਫੈਲਦੇ ਰਹਿੰਦੇ ਹਨ।ਇਸ ਸੰਦਰਭ ਵਿੱਚ ਅਨੰਦ ਅਤੇ ਗਿਆਨ ਇੱਕ ਦੂਸਰੇ ਦੇ ਪੂਰਕ ਬਣ ਜਾਂਦੇ ਹਨ।
ਇਸ ਉਪਰੰਤ ਡਾ. ਜਸਵੰਤ ਸਿੰਘ ਨੇ ਸੰਸਥਾ ਬਾਰੇ ਦੱਸਿਆ ਕਿ ਇਸ ਦਾ ਅਕਾਦਮਿਕ ਪ੍ਰਯੋਜਨ ਨੌਜਵਾਨ ਪੀੜ੍ਹੀ ਨੂੰ ਧਰਮ ਅਤੇ ਸਭਿਆਚਾਰ ਦੇ ਵਿਦਿਅਕ ਸਰੋਤਾਂ ਨਾਲ ਜੋੜਨ ਦੀ ਕੋਸ਼ਿਸ਼ ਕਰਨਾ ਹੈ।ਇਸ ਕਾਰਜ਼ ਦੀ ਪੂਰਤੀ ਵਾਸਤੇ ਵੱਖ-ਵੱਖ ਵਿਦਵਾਨਾਂ ਦੀਆਂ ਅੰਤਰ-ਦ੍ਰਿਸ਼ਟੀਆਂ ਦੇ ਬਹੁ-ਅਨੁਸ਼ਾਸਨੀ ਏਕੀਕਰਨ ਦੀ ਜ਼ਰੂਰਤ ਹੈ।ਉਹਨਾਂ ਦੱਸਿਆ ਕਿ ਸੰਸਥਾ ਦੀ ਵੈਬਸਾਈਟ www.iskhir.org ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਾਲ, ਖੋਜ਼ਮੂਲਕ ਅਤੇ ਆਨਲਾਈਨ ਬਹੁ ਆਯਾਮੀ ਸਰਚ ਇੰਜ਼ਨ ਵੀ ਉਸਾਰਿਆ ਗਿਆ ਹੈ, ਜੋ ਕਿ ਸਿੱਖੀ ਅਤੇ ਗੁਰਮਤਿ ਵਿਚਾਰਧਾਰਾ ਦੇ ਪੂਰੀ ਦੁਨੀਆ ਵਿੱਚ ਫੈਲਾਉਣ ਦੀ ਸਕਾਰਾਤਮਕ ਸੰਭਾਵਨਾ ਪੈਦਾ ਕਰਦਾ ਹੈ।ਉਹਨਾਂ ਅਨੰਦ ਸਾਹਿਬ ਦੇ ਦਾਰਸ਼ਨਿਕ, ਇਤਿਹਾਸਿਕ ਅਤੇ ਸੰਗੀਤਕ ਪਾਸਾਰਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਵਾਸਤਵ ਵਿੱਚ ਅਨੰਦ ਖ਼ੁਸ਼ੀ ਅਤੇ ਗਮੀ ਤੋਂ ਪਾਰ ਫੈਲਣ ਦੀ ਅਵਸਥਾ ਹੈ।ਇਸ ਲਈ ਹੀ ਹਰ ਖ਼ੁਸ਼ੀ ਜਾਂ ਗਮੀ ਦੇ ਮੌਕੇ ‘ਤੇ ਸਮਾਪਤੀ ਉਪਰੰਤ ਅਨੰਦ ਸਾਹਿਬ ਜੀ ਦਾ ਪਾਠ ਲਾਜ਼ਮੀ ਕੀਤਾ ਜਾਂਦਾ ਹੈ।ਇਸ ਤੋਂ ਬਾਅਦ ਪ੍ਰੋ. ਅਵਤਾਰ ਸਿੰਘ ਨੇ ਸਰੋਤਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਗੁਰਬਾਣੀ ਤਾਂ ਪ੍ਰਮਾਣਿਕ ਹੈ, ਪ੍ਰੰਤੂ ਇਸ ਦਾ ਟੀਕਾ ਪ੍ਰਮਾਣਿਕ ਨਹੀਂ ਹੈ।ਇਸ ਦੀ ਵਿਅਖਿਆ ਨਿਰੰਤਰ ਗਤੀਸ਼ੀਲ ਹੈ।ਗੁਰਬਾਣੀ ਦੀ ਵਿਆਖਿਆ ਨੂੰ ਆਨਲਾਈਨ ਪਲੇਟਫਾਰਮ ਪ੍ਰਦਾਨ ਕਰਨਾ ਇਸ ਨੂੰ ਸੰਪਾਦਿਤ ਕਰਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ।ਉਹਨਾਂ ਕਿਹਾ ਕਿ ਦੁਨੀਆਂ ਵਿੱਚ ਲਗਾਤਾਰ ਵਧ ਰਹੇ ਤਨਾਉ ਨੂੰ ਸੁਲਝਾਉਣ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਇਕ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਸਮਰੱਥ ਹਨ।ਸਮਾਗਮ ਦੇ ਮੁੱਖ ਮਹਿਮਾਨ ਡਾ. ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਗੁਰਬਾਣੀ ਆਪਣੇ ਚਰਿਤਰ ਵਿੱਚ ਬੁਨਿਆਦੀ ਤੌਰ ‘ਤੇ ਸੰਵਾਦਾਤਮਕ ਪ੍ਰਕ੍ਰਿਤੀ ਦੀ ਧਾਰਨੀ ਹੋਣ ਕਾਰਨ ਮਰਿਆਦਾ ਅਤੇ ਵਿਸ਼ਲੇਸ਼ਣ ਦੇ ਦਰਮਿਆਨ ਇੱਕ ਖ਼ੂਬਸੂਰਤ ਤਵਾਜ਼ਨ ਸਿਰਜ਼ਦੀ ਹੈ।
ਪ੍ਰੋਗਰਾਮ ਦੇ ਅੰਤ ‘ਚ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਪਵਨ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਡਾ. ਬਲਜੀਤ ਰਿਆੜ ਨੇ ਕੀਤਾ।ਸਮਾਗਮ ਵਿਚ ਪੰਜਾਬੀ ਸਾਹਿਤ ਜਗਤ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਅਰਤਿੰਦਰ ਸੰਧੂ, ਨਿਰਮਲ ਅਰਪਣ, ਡਾ. ਅਮਰਜੀਤ ਸਿੰਘ, ਡਾ. ਹਸਨ ਰਿਹਾਨ, ਡਾ. ਜਗਜੀਤ ਕੌਰ ਜੌਲੀ, ਪ੍ਰਵੀਨ ਪੁਰੀ, ਡਾ. ਕੁਲਦੀਪ ਸਿੰਘ ਢਿੱਲੋਂ, ਪ੍ਰੋ. ਸੁਨੈਨਾ, ਹਰਜੀਤ ਸਿੰਘ (ਭਾਸ਼ਾ ਵਿਭਾਗ ਪੰਜਾਬ), ਜਸਵੰਤ ਧਾਪੀ ਆਦਿ ਨੇ ਸ਼ਿਰਕਤ ਕੀਤੀ। ਇਸ ਸਮੇਂ ਡਾ. ਮੇਘਾ ਸਲਵਾਨ, ਡਾ. ਹਰਿੰਦਰ ਸੋਹਲ, ਡਾ. ਚੰਦਨਪ੍ਰੀਤ ਸਿੰਘ, ਡਾ. ਇੰਦਰਪ੍ਰੀਤ ਕੌਰ, ਡਾ. ਪਵਨ ਕੁਮਾਰ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ ਤੁੜ, ਡਾ. ਅੰਜੂ ਬਾਲਾ ਅਤੇ ਵੱਡੀ ਗਿਣਤੀ ‘ਚ ਖੋਜ਼ ਅਤੇ ਹੋਰ ਵਿਦਿਆਰਥੀ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …