Tuesday, December 5, 2023

ਬੱਚਿਆਂ ਬਿਨ੍ਹਾਂ ਕਾਹਦੀ ਦੀਵਾਲੀ ?

ਹਰ ਸਾਲ ਦੀਵਾਲੀ ਆਉਦੀਂ ਹੈ ਅਤੇ ਲੰਘ ਜਾਂਦੀ ਹੈ।ਇਹ ਸਿਲਸਿਲਾ ਹਜਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ।ਜੇਕਰ ਸਾਡਾ ਸੱਜਣ ਪਿਆਰਾ, ਸਾਡੇ ਭੈਣ-ਭਰਾ, ਸਾਡੇ ਪਿਆਰ ਅਤੇ ਮੁਹੱਬਤ ਦੇ ਰਿਸ਼ਤੇ ਸਾਡੇ ਕੋਲ ਹੋਣ ਤਾਂ ਦੀਵਾਲੀ ਦੀਆਂਂ ਖੁਸ਼ੀਆਂ ਦੂਣੀਆਂ ਚੌਣੀਆਂ ਹੋ ਜਾਂਦੀਆਂ ਹਨ।ਅੱਜਕਲ ਸਾਡੇ ਜਿਆਦਾਤਰ ਬੱਚੇ ਪੜ੍ਹਾਈ ਕਰਨ ਲਈ ਜਾਂ ਜ਼ਿੰਦਗੀ ਦੀ ਸਫਲਤਾ ਲਈ ਵਿਦੇਸ਼ਾਂ ਵਿੱਚ ਗਏ ਹੋਏ ਹਨ।ਸਾਨੂੰ ਸਾਡੇ ਬੱਚਿਆਂ ਦੀ ਵਿਦੇਸ਼ ਵਿੱਚ ਜਾਣ ਦੀ ਖੁਸ਼ੀ ਵੀ ਹੈ, ਪਰ ਉਨ੍ਹਾਂ ਦੇ ਵਿਛੋੜੇ ਦਾ ਦਰਦ ਵੀ ਹੈ।ਇਸ ਲਈ ਬੱਚਿਆਂ ਬਿਨ੍ਹਾਂ ਦੀਵਾਲੀ ਦੀਆਂ ਕਾਹਦੀਆਂ ਖੁਸ਼ੀਆਂ?
ਦੀਵਾਲੀ ਦੇ ਤਿਉਹਾਰ ਪਿੱਛੇ ਸਾਡੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ, ਹਰ ਧਰਮ ਦੇ ਲੋਕ ਆਪਣੇ-ਆਪਣੇ ਪੈਰੋਕਾਰਾਂ ਦੇ ਦੱਸੇ ਅਨੁਸਾਰ ਇਹ ਤਿਉਹਾਰ ਮਨਾਉਂਦੇ ਆ ਰਹੇ ਹਨ।ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਗ਼ਲਾਂ ਦੀ ਕੈਦ ਤੋਂ ਮੁਕਤ ਹੋ ਕੇ ਅਤੇ 52 ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਆਪਣੇ ਨਾਲ ਰਿਹਾਅ ਕਰਵਾ ਕੇ ਅ੍ਰੀ ਅੰਮ੍ਰਿਤਸਰ ਪਹੁੰਚੇ ਸਨ।ਇਸ ਖੁਸ਼ੀ ਵਿਚ ਲੋਕਾਂ ਨੇ ਦੀਪਮਾਲਾ ਕੀਤੀ।ਪ੍ਰਸਿੱਧ ਇਤਿਹਾਸਕਾਰ ਬਾਬਾ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਦੀਵੇ ਜਗਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤੀ ਸੀ।ਹਿੰਦੂ ਧਰਮ ਅਨੁਸਾਰ ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਬਨਵਾਸ ਕੱਟ ਕੇ ਲੰਕੇਸ਼ਵਰ ਰਾਵਣ ਤੇ ਉਸ ਦੀ ਸੈਨਾ ਨੂੰ ਹਰਾ ਕੇ ਸੀਤਾ ਨੂੰ ਆਜ਼ਾਦ ਕਰਾ ਕੇ ਅਯੁੱਧਿਆ ਆਏ। ਉਨ੍ਹਾਂ ਦੀ ਆਉਣ ਦੀ ਖੁਸ਼ੀ ਵਿੱਚ ਘਰਾਂ ਦੀਆਂ ਛੱਤਾਂ ‘ਤੇ ਦੀਵੇ ਜਗਾਏ ਗਏ।ਆਰੀਆ ਸਮਾਜ ਦੇ ਨੇਤਾ ਸਵਾਮੀ ਦਇਆ ਨੰਦ ਅਤੇ ਜੈਨੀਆਂ ਦੇ ਨੇਤਾ ਮਹਾਂਵੀਰ ਜੀ ਨੂੰ ਏਸੇ ਦਿਨ ਨਿਰਵਾਣ ਪ੍ਰਾਪਤ ਹੋਇਆ।ਵੈਸੇ ਇਹ ਤਿਉਹਾਰ ਸਰਦੀ ਰੁੱਤ ਦੇ ਆਗਮਨ ਦਾ ਵੀ ਸੂਚਕ ਹੈ।
ਜੇਕਰ ਦੀਵਾਲੀ ਦੇ ਤਿਉਹਾਰ ਦਾ ਵਿਸਲੇਸ਼ਨ ਕਰੀਏ ਤਾਂ ਦੀਵਾਲੀ ਸ਼ਬਦ ਦੀਪਾਵਾਲੀ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਦੀਵਿਆਂ ਦੀਆਂ ਮਾਲਾਵਾਂ ਜਾਂ ਕਤਾਰਾਂ। ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ ਪਹਿਲਾਂ ਲੋਕ ਦੀਵਾਲੀ ਵਾਲੀ ਰਾਤ ਆਪਣੇ ਘਰਾਂ ਦੀਆਂ ਕੰਧਾਂ, ਬਨੇਰਿਆਂ ਤੇ ਗੇਟਾਂ ਉਤੇ ਦੀਵੇ, ਮੋਮਬੱਤੀਆਂ ਆਦਿ ਜਗਾਉਂਦੇ ਸਨ।ਪਰ ਪਿਛਲੇ ਕੁੱਝ ਸਾਲਾਂ ਤੋਂ ਚਾਈਨਾ (ਚੀਨ) ਦੀਆਂ ਬਣੀਆਂ ਲੜੀਆਂ ਨੇ ਦੀਵੇ ਤੇ ਮੋਮਬੱਤੀਆਂ ਦੀ ਹੋਂਦ ਖ਼ਤਮ ਹੀ ਕਰ ਦਿੱਤੀ ਹੈ।ਸਿਰਫ ਰਸਮ ਪੂਰੀ ਕਰਨ ਲਈ ਹੀ ਘਰਾਂ ਵਿਚ ਪੰਜ ਸੱਤ ਦੀਵੇ ਜਗਾਏ ਜਾਂਦੇ ਹਨ।ਸਰ੍ਹੋਂ ਦੇ ਤੇਲ ਦੇ ਦੀਵੇ ਨਾ ਸਿਰਫ਼ ਰੋਸ਼ਨੀ ਨੂੰ ਆਕਰਸ਼ਿਤ ਕਰਦੇ ਹਨ, ਸਗੋ ਕਈ ਦੁਸ਼ਮਣ ਕੀਟ-ਪਤੰਗਿਆਂ ਨੂੰ ਵੀ ਖਤਮ ਕਰ ਦਿੰੰਦੇੇ ਹਨ।
ਦੀਵਾਲੀ ਵੈਸੇ ਤਾਂ ਪੂਰੇ ਦੇਸ਼ ਵਿਚ ਮਨਾਈ ਜਾਂਦੀ ਹੈ, ਪਰ ਪੰਜਾਬ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੀਵਾਲੀ ਦੀ ਸ਼ਾਨ ਹੀ ਵੱਖਰੀ ਹੈ।ਲੱਖਾਂ ਲੋਕ ਦੇਸ਼ਾਂ-ਵਿਦੇਸ਼ਾਂ ਤੋਂ ਇਥੇ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਆਉਂਦੇ ਹਨ।ਦੀਵਾਲੀ ਵਾਲੇ ਦਿਨ ਸ਼੍ਰੀ ਦਰਬਾਰ ਸਾਹਿਬ ਵਿਖੇੇ ਰੌਸ਼ਨੀ ਦੀ ਸਜ਼ਾਵਟ ਦਾ ਬੜਾ ਸੁਹਾਵਣਾ ਦ੍ਰਿਸ਼ ਹੁੰੰਦਾ ਹੈ।ਰਾਤ ਨੂੰ ਆਤਿਸ਼ਬਾਜੀ ਚਲਾਈ ਜਾਂਦੀ ਹੈ।ਬਜ਼ਾਰਾਂ ਦੀ ਸਜ਼ਾਵਟ ਬੜੀ ਦਿਲ ਖਿੱਚਵੀਂ ਹੁੰੰਦੀ ਹੈ, ਇਸੇ ਲਈ ਕਿਹਾ ਜਾਂਦਾ ਹੈ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ।’ ਦੀਵਾਲੀ ਦੇ ਤਿਉਹਾਰ ‘ਤੇ ਮਠਿਆਈ ਵਾਲੇ ਜਹਿਰ ਤੋਂ ਬਚਿਆ ਹੀ ਜਾਵੇ ਤਾਂ ਚੰਗੀ ਗੱਲ ਹੈ।ਤੋਹਫੇ ਦੇਣ ਲਈ ਮਠਿਆਈ ਦੀ ਬਜ਼ਾਏ ਮੁਰੱਬਾ, ਡਰਾਈ ਫਰੂਟ, ਸੁੱਕਾ ਪੇਠਾ, ਚੰਗੀਆਂ ਕੰਪਨੀਆਂ ਦੇ ਬਿਸਕੁੱਟ, ਫਰੂਟ ਆਦਿ ਜਿਆਦਾ ਲਾਹੇਵੰਦ ਹਨ।
ਹਰ ਸਾਲ ਦੀਵਾਲੀ ਤੇ ਕਈ ਅਣ-ਸੁਖਾਵੀਆਂ ਘਟਨਾਵਾਂ ਸੁਨਣ ਨੂੰ ਮਿਲਦੀਆਂ ਹਨ।ਇਸ ਲਈ ਇਹ ਵੱਡਿਆਂ  ਤੇ ਮਾਪਿਆਂ ਦਾ ਫਰਜ਼ ਹੈ ਕਿ ਉਹ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ।ਪਟਾਕੇ ਚਲਾਉਣ ਸਮੇਂ ਢਿੱਲੇ ਕੱਪੜੇ ਨਾ ਪਾਏ ਜਾਣ, ਰੇਸ਼ਮੀ, ਸਿਲਕ ਆਦਿ ਜਿਸ ਕੱਪੜੇ ਨੂੰ ਜਲਦੀ ਅੱਗ ਪੈਂਦੀ ਹੈ, ਉਨ੍ਹਾਂ ਕੱਪੜਿਆਂ ਨੂੰ ਪਾਉਣ ਤੋਂ ਪ੍ਰਹੇਜ਼ ਕੀਤਾ ਜਾਵੇ।ਬੱਚਿਆਂ ਨੂੰ ਚਾਹੀਦੀ ਹੈ ਕਿ ਪਟਾਕੇ ਚਲਾਉਣ ਲੱਗੇ ਉਹ ਆਪਣਾ ਮੂੰਹ ਪਟਾਕਿਆਂ ਤੋਂ ਦੂਰ ਰੱਖਣ, ਆਪਣੀਆਂ ਅੱਖਾਂ ਦਾ ਖਾਸ ਕਰਕੇ ਧਿਆਨ ਰੱਖਣ।ਕੋਈ ਪਟਾਕਾ ਮਿਸ ਹੋ ਜਾਵੇ ਤਾਂ ਉਸ ਨੂੰ ਜਾ ਕੇ ਹੱਥ ਨਾਲ ਨਾ ਚੁੱਕੋ।ਆਉ ਅਸੀਂ ਕੋਸ਼ਿਸ ਕਰੀਏ ਕਿ ਅਸੀਂ ਅਜਿਹੇ ਪਟਾਕੇ ਹੀ ਚਲਾਈਏ ਜਿਸ ਨਾਲ ਘੱਟ ਤੋਂ ਘੱਟ ਪ੍ਰਦੂਸ਼ਨ ਫੈਲੇ।ਪੈਰਾਸ਼ੂਟ ਨਾਲ ਪ੍ਰਦੂਸ਼ਨ ਘੱਟ ਫੈਲਦਾ ਹੈ ਅਤੇ ਉਹ ਅਸਮਾਨ ਵਿੱਚ ਰੋਸ਼ਨੀ ਜਿਆਦਾ ਸਮੇਂ ਲਈ ਕਰਦੇ ਹਨ।
ਮੱਸਿਆ ਦੀ ਕਾਲੀ ਰਾਤ ਨੂੰ ਰੁਸ਼ਨਾਉਂਦਾ ਇਹ ਤਿਉਹਾਰ ਆਮ ਤੌਰ ‘ਤੇ ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਸ਼ੁਰੂ ਵਿੱਚ ਆਉਂਦਾ ਹੈ।ਦੇਸ਼ ਦੇ ਕੋਨੇ-ਕੋਨੇ ਜਾਂ ਵਿਦੇਸ਼ਾਂ ਵਿੱਚ ਮਨਾਏ ਜਾਣ ਵਾਲੇ ਸਾਡੇ ਸਭ ਤੋਂ ਵੱਡੇ ਤਿਉਹਾਰ ਦੀਵਾਲੀ ਵਾਲੇ ਦਿਨ ਪਾਠਕਾਂ ਦੇ ਘਰ ਮਿਲਾਪ, ਪਿਆਰ, ਖੁਸ਼ੀਆਂ, ਆਪਸੀ ਭਾਈਚਾਰਕ ਸਾਂਝ ਅਤੇ ਉੱਚੀ-ਸੁੱਚੀ ਸੋਚ ਦੇ ਦੀਪ ਹਮੇਸ਼ਾਂ ਜਗਦੇ ਰਹਿਣ।ਸਭ ਨੂੰ ਦੀਵਾਲੀ ਮੁਬਾਰਕ ਹੋਵੇ। 1211202301

ਭਵਨਦੀਪ ਸਿੰਘ ਪੁਰਬਾ
ਮੋ – 99889 29988

Check Also

ਲੋਕ ਕਲਾ ਮੰਚ ਵਲੋਂ ਮਰਹੂਮ ਗਾਇਕ ਜਨਾਬ ਕੁਲਦੀਪ ਮਾਣਕ ਦੇ ਸਪੁੱਤਰ ਯੁਧਵੀਰ ਮਾਣਕ ਦਾ ਸਨਮਾਨ

ਸੰਗਰੂਰ, 5 ਦਸੰਬਰ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਪੰਜਾਬੀ ਗਾਇਕੀ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ …