ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ `ਤੇ 24 ਨਵੰਬਰ 1969 ਨੂੰ ਸਥਾਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ 24 ਨਵੰਬਰ 2023 ਨੂੰ ਆਪਣਾ 54ਵਾਂ ਸਥਾਪਨਾ ਦਿਵਸ ਦੂਰ-ਅੰਦੇਸ਼ੀ ਸੋਚ ਦੇ ਧਾਰਨੀ ਉਪ-ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਮਨਾ ਰਹੀ ਹੈ।ਇਸ ਸਮੇਂ ਯੂਨੀਵਰਸਿਟੀ ਨੂੰ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ ਨੇ 2023 ਵਿਚ ਦੇਸ਼ ਦੀਆਂ ਸਾਰੀਆਂ ਪਬਲਿਕ, ਪ੍ਰਾਈਵੇਟ ਅਤੇ ਕੇਂਦਰੀ ਯੂਨੀਵਰਸਿਟੀਆਂ ਵਿਚੋਂ ਸਭ ਤੋਂ ਉਚਾ ਦਰਜ਼ਾ (3.85/4.00 ) ਦੇ ਕੇ ਨਿਵਾਜ਼ਿਆ ਹੋਇਆ ਹੈ, ਜਦੋਂਕਿ ਸਰਵੇ ਏਜੰਸੀ “ਵਰਲਡ`ਜ਼ ਯੂਨੀਵਰਸਿਟੀਜ਼ ਵਿਦ ਰੀਅਲ ਇੰਪੈਕਟ” ਦੀ ਰੈਂਕਿੰਗ ਵਿੱਚ ਪੂਰੇ ਵਿਸ਼ਵ ਦੀਆਂ 9 ਫੀਸਦੀ ਸਭ ਤੋਂ ਨਵੀਨਤਮ ਯੂਨੀਵਰਸਿਟੀਆਂ ਵਿੱਚ ਹੈ।
ਪਾਇਨੀਅਰ ਸਟੇਟ ਯੂਨੀਵਰਸਿਟੀ ਦਾ ਦਰਜ਼ਾ ਪ੍ਰਾਪਤ ਇਸ ਯੂਨੀਵਰਸਿਟੀ ਨੂੰ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ ਵਲੋਂ ਏ++, ਯੂ.ਜੀ.ਸੀ ਵਲੋਂ `ਯੂਨੀਵਰਸਿਟੀ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ` ਅਤੇ `ਸ਼੍ਰੇਣੀ-1` ਦਾ ਦਰਜ਼ਾ ਦਿੱਤਾ ਗਿਆ ਹੈ।ਇਹ ਯੂਨੀਵਰਸਿਟੀ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਰੈਂਕਿੰਗ 2023 ਵਿੱਚ ਚੋਟੀ ਦੀਆਂ 50 ਯੂਨੀਵਰਸਿਟੀਆਂ ਦੇ ਈਲੀਟ ਕਲੱਬ ਵਿੱਚ ਵੀ ਸ਼ਾਮਿਲ ਹੈ।ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਐਮ.ਐਚ.ਆਰ.ਡੀ ) ਦੇ `ਸਵੱਛ ਕੈਂਪਸ` ਰੈਂਕਿੰਗ ਵਿੱਚ ਦੂਸਰੇ ਸਥਾਨ ਦੇ ਨਾਲ ਹੀ ਇਹ ਦੇਸ਼ ਦੀਆਂ ਟਾਪ ਟੈਨ `ਹਾਈ ਪ੍ਰਫੋਰਮਿੰਗ ਸਟੇਟ ਫੰਡਿਡ ਪਬਲਿਕ ਯੂਨੀਵਰਸਿਟੀਆਂ ਵਿਚੋਂ ਵੀ ਇਕ ਹੈ।`ਸੈਂਟਰ ਫਾਰ ਵਰਲਡ ਯੂਨੀਵਰਸਿਟੀ` ਰੈਂਕਿੰਗ ‘ਚ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਬੇਹਤਰੀਨ 10 ਫੀਸਦੀ ਯੂਨੀਵਰਸਿਟੀਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ।ਇਸ ਦਾ `ਐਚ-ਇੰਡੈਕਸ`-141 ਤੋਂ ਵੀ ਵਧੇਰੇ ਹੋ ਚੁੱਕਾ ਹੈ।ਯੂਨੀਵਰਸਿਟੀ ਨੇ ਰਿਕਾਰਡ 48 ਪੇਟੈਂਟ ਕਰਵਾਏ ਹਨ।ਇਸ ਨੇੇ ਭਾਰਤ ਸਰਕਾਰ ਤੋਂ 661.5 ਕਰੋੜ ਦੇ ਫੰਡ ਵੱਖ-ਵੱਖ ਏਜੰਸੀਆਂ ਰਾਹੀਂ ਹਾਸਿਲ ਕਰਨ ਵਿੱਚ ਵੀ ਕਾਮਯਾਬੀ ਹਾਸਿਲ ਕੀਤੀ ਹੈ।
ਇਹ ਦੇਸ਼ ਦੀ ਪਹਿਲੀ ਯੂਨੀਵਰਸਿਟੀ ਹੈ, ਜੋ ਇੰਟੀਗ੍ਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ (ਆਈ.ਟੀ.ਈ.ਪੀ) ਤਹਿਤ ਸਪੈਸ਼ਲ ਐਜੂਕੇਸ਼ਨ ਵਾਲੇ ਕੋਰਸ ਕਰਵਾ ਰਹੀ ਹੈ।10 ਵਾਰ ਰਾਸ਼ਟਰੀ ਚੈਂਪੀਅਨ ਰਹਿ ਚੁੱਕੀ ਇਹ ਯੂਨੀਵਰਸਿਟੀ 13 ਵਾਰ ਉੱਤਰੀ-ਜ਼ੋਨ-ਇੰਟਰ-ਵਰਸਿਟੀ ਕਲਚਰਲ ਚੈਂਪੀਅਨਸ਼ਿਪ ਅਤੇ 24ਵੀਂ ਵਾਰ ਦੇਸ਼ ਦੇ ਸਰਵਉੱਚ ਅਤੇ ਵਿਕਾਰੀ ਖੇਡ ਪੁਰਸਕਾਰ `ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ` ਪ੍ਰਾਪਤ ਕਰਨ ਵਾਲੀ ਇਕਲੌਤੀ ਯੂਨੀਵਰਸਿਟੀ ਹੈ।ਯੂਨੀਵਰਸਿਟੀ ਗਰਾਂਟ ਕਮਿਸ਼ਨ ਨੇ ਆਨਲਾਈਨ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਦਾ ਅਧਿਕਾਰ ਵੀ ਦਿੱਤਾ ਹੈ।ਯੂਨੀਵਰਸਿਟੀ ਨੇ 2023 ਦਾ ਸ਼ਹੀਦ ਭਗਤ ਸਿੰਘ ਪੰਜਾਬ ਸਟੇਟ ਸਾਲਾਨਾ ਇਨਵਾਇਰਮੈਂਟ ਪੁਰਸਕਾਰ ਵੀ ਹਾਸਿਲ ਕੀਤਾ ਹੈ।ਸੂਬਾਈ, ਕੌਮੀ ਅਤੇ ਕੌਮਾਂਤਰੀ ਪੱਧਰ ਦੇ ਉੱਚਕੋਟੀ ਦੇ ਸਨਮਾਨ ਹਾਸਿਲ ਕਰਨ ਕਰਕੇ ਇਸ ਯੂਨੀਵਰਸਿਟੀ ਵਿਚ ਉਚੇਰੀ ਸਿਖਿਆ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੇ ਦਾਖ਼ਲੇ ਵਿੱਚ ਰਿਕਾਰਡ 40 ਫੀਸਦੀ ਵਾਧਾ ਹੋਇਆ ਹੈ।`ਸਟੱਡੀ ਇਨ ਇੰਡੀਆ` ਪ੍ਰੋਗਰਾਮ ਤਹਿਤ ਕਈ ਵਿਦੇਸ਼ੀ ਵਿਦਿਆਰਥੀ ਵੀ ਯੂਨੀਵਰਸਿਟੀ ਪ੍ਰਤੀ ਆਕਰਸ਼ਿਤ ਹੋ ਰਹੇ ਹਨ।
ਏਸ਼ੀਆਈ ਖੇਡਾਂ ਵਿੱਚ ਦੇਸ਼ ਨੂੰ 13 ਮੈਡਲ ਦਿਵਾਉਣ ਵਿੱਚ ਵੀ ਯੂਨੀਵਰਸਿਟੀ ਦੇ ਖਿਡਾਰੀਆਂ ਦਾ ਅਹਿਮ ਰੋਲ ਹੈ।`ਸੈਂਟਰ ਆਫ ਐਕਸੀਲੈਂਸ` ਤਹਿਤ ਅਥਲੈਟਿਕਸ, ਤਲਵਾਰਬਾਜ਼ੀ, ਸਾਈਕਲਿੰਗ, ਤੈਰਾਕੀ ਅਤੇ `ਖੇਲੋ ਇੰਡੀਆ` ਤਹਿਤ ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਦੀਆਂ ਦੋ ਅਕਾਦਮੀਆਂ ਵੀ ਭਾਰਤ ਸਰਕਾਰ ਵਲੋਂ ਦਿੱਤੀਆਂ ਗਈਆਂ ਹਨ।ਹਾਕੀ ਅਤੇ ਹੈਂਡਬਾਲ ਨੂੰ ਪ੍ਰਫੁੱਲਿਤ ਕਰਨ ਲਈ ਦੋ ਨਵੇਂ `ਖੇਲੋ ਇੰਡੀਆ ਸੈਂਟਰ` ਵੀ ਮਿਲੇ ਹਨ।ਅੰਤਰਰਾਸ਼ਟਰੀ ਵੈਲੋਡਰੋਮ ਨੂੰ ਵੀ ਅਤਿ ਆਧੁਨਿਕ ਬਣਾ ਦਿੱਤਾ ਗਿਆ ਹੈ।ਭਾਬਾ ਪਰਮਾਣੂ ਖੋਜ ਕੇਂਦਰ ਵਲੋਂ ਸਥਾਪਿਤ ਚਾਰ ਨੋਡਲ ਕੈਲੀਬ੍ਰੇਸ਼ਨ ਕੇਂਦਰਾਂ ਵਿਚੋਂ ਇੱਕ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਥਾਪਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ `5-ਜੀ ਯੂਜ਼ ਕੇਸ ਲੈਬ` ਯੂਨੀਵਰਸਿਟੀ ਵਿਚ ਸਥਾਪਤ ਕਰਨ ਦਾ ਐਲਾਨ ਕਰ ਚੁੱਕੇ ਹਨ।ਸੈਂਟਰ ਆਫ਼ ਐਮਰਜਿੰਗ ਲਾਈਫ਼ ਸਾਇੰਸਜ਼, ਬੋਟੈਨੀਕਲ ਗਾਰਡਨ, (ਇਨਕੁਬੇਸ਼ਨ ਸੈਂਟਰ), ਸਪੋਰਟਸ ਮੈਡੀਸਨ ਅਤੇ ਫਿਜ਼ੀਓਥੈਰੇਪੀ ਵਿਭਾਗ ਯੂਨੀਵਰਸਿਟੀ ਦਾ ਮਾਣ ਹਨ।ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ 92 ਕੰਪਨੀਆਂ ਰਾਹੀਂ 80 ਫੀਸਦੀ ਪਲੇਸਮੈਂਟ ਹੈਲ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਪ੍ਰਤੀ ਸਾਲ 44 ਲੱਖ ਰੁਪਏ ਤੱਕ ਦਾ ਪੈਕੇਜ ਵੀ ਮਿਲ ਚੁੱਕਾ ਹੈ।ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ ਵਲੋਂ “ਇੱਕ ਜ਼ਿਲ੍ਹਾ , ਇੱਕ ਗ੍ਰੀਨ ਚੈਂਪੀਅਨ” ਦਾ ਪੁਰਸਕਾਰ ਵੀ ਉੱਚੇਰੀ ਸਿੱਖਿਆ ਮੰਤਰਾਲੇ ਵਲੋਂ ਮਿਲਿਆ।ਯੂਨੀਵਰਸਿਟੀ ਵਿੱਚ ਲੱਗੇ ਹਰ ਤਰ੍ਹਾਂ ਦੇ ਫੁੱਲ, ਬੂਟਿਆਂ, ਵੇਲਾਂ ਅਤੇ ਰੁੱਖਾਂ ਦੀ ਪਛਾਣ ਅਤੇ ਮੈਡੀਕਲ ਮਹੱਤਵ ਤੋਂ ਜਾਣੂ ਕਰਵਾਉਣ ਅਤੇ ਜਾਗਰੂਕਤਾ ਵਧਾਉਣ ਲਈ ਕਿਊ ਆਰ ਕੋਡ ਦੀ ਵਰਤੋਂ ਕੀਤੀ ਗਈ ਹੈ।ਚਾਰ ਪਹੀਆ ਵਾਹਨਾਂ ਦੇ ਦਾਖਲੇ `ਤੇ ਸੰਕੋਚਿਤ ਪਾਬੰਦੀ, ਈ-ਕਾਰਟ ਦੀ ਸਹੂਲਤ, 40000 ਤੋਂ ਵੱਧ ਰੁੱਖ ਲਗਾਉਣਾ, ਸਾਲ ਵਿੱਚ ਦੋ ਵਾਰ ਸੂਬਾਈ ਪੱਧਰ ਦੇ ਫੁੱਲਾਂ ਦੇ ਮੇਲੇ ਕਰਵਾਉਣਾ, ਪਾਣੀ ਅਤੇ ਹੋਰ ਕੂੜੇ ਕਰਕਟ ਨੂੰ ਮੁੜ ਵਰਤੋਂ ਵਿੱਚ ਲਿਆਉਣਾ (ਜ਼ੀਰੋ ਡਿਸਚਾਰਜ਼ ਕੈਂਪਸ), ਜਵਾਹਰ ਲਾਲ ਨਹਿਰੂ ਨੈਸ਼ਨਲ ਸੋਲਰ ਮਿਸ਼ਨ ਦੇ ਤਹਿਤ 3 ਮੈਗਾ ਵਾਟ ਸਮਰੱਥਾ ਦਾ ਇੱਕ ਛੱਤ ਵਾਲਾ ਸੂਰਜੀ ਊਰਜਾ ਪਲਾਂਟ (ਜਿਸ ਨਾਲ ਬਿਜਲੀ ਖਰਚਿਆਂ ਵਿੱਚ 1.08 ਕਰੋੜ ਪ੍ਰਤੀ ਸਾਲ ਦੀ ਬਚਤ) ਆਦਿ ਉਪਰਾਲੇ ਯੂਨੀਵਰਸਿਟੀ ਨੂੰ ਪ੍ਰਦੂਸ਼ਣ ਮੁਕਤ ਕਰਨ ਕੀਤੇ ਗਏ ਹਨ।`ਸੁਨਿਹਰੀ ਸੁਪਨੇ` ਐਂਫੀ ਥੀਏਟਰ, 6 ਓਪਨ ਜਿਮਾਂ, ਗੋਲਡਨ ਜੁਬਲੀ ਫਿਟਨੈਸ ਸੈਂਟਰ, ਡਰਾਮਾ, ਡਾਂਸ, ਫੋਟੋਗ੍ਰਾਫੀ, ਫੂਡ ਐਂਡ ਫਿਟਨੈਸ, ਕੁਦਰਤ ਅਤੇ ਜੰਗਲੀ ਜੀਵ, ਸਾਹਿਤਕ, ਸਮਾਜ ਸੇਵਾ, ਸੰਗੀਤ, ਸਾਇੰਸ, ਮੂਵੀ ਮੇਕਿੰਗ, ਫਾਈਨ ਆਰਟਸ, ਗੋ ਗ੍ਰੀਨ ਕਲੱਬਾਂ ਦੀ ਸਥਾਪਨਾ ਤੋਂ ਇਲਾਵਾ ਵਿਦਿਆਰਥੀਆਂ ਦੇ ਮਨੋਰੰਜ਼ਨ ਲਈ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਕੰਪਨੀ ਸਪਾਈਸ ਮੈਸੀ ਵੀ ਯੂਨੀਵਰਸਿਟੀ ਨਾਲ ਜੁੜੀ ਹੈ।ਵਿਦਿਆਰਥੀਆਂ ਦੀ ਸਹੂਲਤ ਲਈ ਪੂਰੇ ਕੈਂਪਸ ਵਿੱਚ ਹਾਟ-ਸਪਾਟ ਦੀ ਸਥਾਪਨਾ, ਸਪੀਡ ਇੰਟਰਨੈਟ ਕੁਨੈਕਸ਼ਨ, ਪੇਪਰ ਰਹਿਤ ਫਿਲਿੰਗ ਸਿਸਟਮ ਦੀ ਵਰਤੋਂ ਕਰਦੇ ਹੋਏ ਫਾਈਲਾਂ ਦੀ ਆਵਾਜਾਈ ਲਈ ਈ-ਆਫਿਸ ਦੀ ਸ਼ੁਰੂਆਤ, ਸੈਮੀਨਾਰ ਹਾਲ, ਡਿਜ਼ੀਟਲ ਲੌਂਜ, ਈ-ਕਿਤਾਬਾਂ/ਈ-ਰਸਾਲੇ, ਭਾਈ ਗੁਰਦਾਸ ਲਾਇਬ੍ਰੇਰੀ ਨੂੰ ਸਵੈਚਲਿਤ ਕਰਨਾ ਅਤੇ ਡਿਜੀਟਾਈਜ਼ਡ ਲਾਇਬ੍ਰੇਰੀ ਦਾ ਨਿਰਮਾਣ ਆਦਿ ਡਿਜ਼ੀਟਲ ਦਿਸ਼ਾ ਵਿਚ ਪੁੱਟੇ ਗਏ ਅਹਿਮ ਕਦਮ ਹਨ।
ਯੂਨੀਵਰਸਿਟੀ ਦੇ ਕੈਂਪਸ ਵਿੱਚ 44 ਅਧਿਆਪਨ ਵਿਭਾਗ, 153 ਮਾਨਤਾ ਪ੍ਰਾਪਤ ਕਾਲਜ, 17 ਕਾਂਸਟੀਚੂਐੰਟ ਅਤੇ ਯੂਨੀਵਰਸਿਟੀ ਕਾਲਜ ਅਤੇ 47 ਐਸੋਸੀਏਟ ਇੰਸਟੀਚਿਊਟ ਹਨ, ਜਿਨ੍ਹਾਂ ਵਿਚ ਆਨ-ਲਾਈਨ ਦਾਖਲਾ, ਆਨਲਾਈਨ ਕਾਉਂਸਲਿੰਗ, ਆਨਲਾਈਨ ਪੁਨਰ-ਮੁਲਾਂਕਣ, ਕ੍ਰੈਡਿਟ ਅਧਾਰਤ ਮੁਲਾਂਕਣ ਗਰੇਡਿੰਗ ਪ੍ਰਣਾਲੀ ਲਾਗੂ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਫੈਲਾਉਣ, ਵਿਗਿਆਨ, ਕਲਾ, ਪ੍ਰਬੰਧਨ, ਸੂਚਨਾ ਤਕਨਾਲੋਜੀ, ਉਦਯੋਗਿਕ ਤਕਨਾਲੋਜੀ, ਵਾਤਾਵਰਣ, ਯੋਜਨਾਬੰਦੀ, ਆਰਕੀਟੈਕਚਰ, ਖੇਤੀਬਾੜੀ, ਮਾਸ ਮੀਡੀਆ ਵਰਗੇ ਖੇਤਰਾਂ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਆਪਣੀ ਵਚਨਬੱਧਤਾ ‘ਤੇ ਖਰੀ ਹੈ ।
ਖੋਜ, ਅਧਿਆਪਨ ਅਤੇ ਹੋਰ ਖੇਤਰਾਂ ਵਿਚ ਯੂਨੀਵਰਸਿਟੀ ਨੂੰ ਆਧੁਨਿਕ ਲੀਹਾਂ ‘ਤੇ ਲਿਆਉਣ ਲਈ ਦੇਸ਼ ਅਤੇ ਵਿਦੇਸ਼ਾਂ ਦੇ ਉੱਚ ਸੰਸਥਾਵਾਂ ਨਾਲ ਲਗਾਤਾਰ ਸਮਝੌਤੇ ਕੀਤੇ ਜਾ ਰਹੇ ਹਨ। ਯੂਨੀਵਰਸਿਟੀ ਦਾ ਮਾਟੋ ‘ਗੁਰੂ ਗਿਆਨ ਦੀਪਕ ਉਜਿਆਰਿਆ’ ਯੂਨੀਵਰਸਿਟੀ ਦੀ ਦ੍ਰਿਸ਼ਟੀ ਅਤੇ ਆਦਰਸ਼ ਨੂੰ ਪ੍ਰਗਟਾਉਂਦਾ ਹੈ।ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਦੇ ਅਧਿਐਨ ਤੇ ਖੋਜ਼, ਪੰਜਾਬ ਸਾਹਿਤ/ਸਭਿਆਚਾਰ, ਵਿੱਦਿਅਕ ਸਿੱਖਿਆ ਦੇ ਪ੍ਰਸਾਰ `ਤੇ ਪਹਿਰਾ ਦਿੰਦੀ ਹੋਈ ਪੂਰੇ ਵਿਸ਼ਵ ਨੂੰ ਮਾਰਗ ਦਰਸ਼ਨ ਕਰਨ ਦਾ ਕੰਮ ਇਸ ਵੇਲ਼ੇ ਯੂਨੀਵਰਸਿਟੀ ਕਰ ਰਹੀ ਹੈ।
ਲੇਖ 2311202302
ਪ੍ਰਵੀਨ ਪੁਰੀ
ਡਾਇਰੈਕਟਰ ਲੋਕ ਸੰਪਰਕ ਵਿਭਾਗ
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਮੋ – 9878277423