ਪੁਰਾਣੀ ਪੀੜ੍ਹੀ ਦੇ ਚੇਤਿਆਂ ਵਿੱਚ ਅੱਜ ਵੀ ਪੰਚਾਇਤੀ ਰੇਡੀਓ ਦੀ ਯਾਦ ਜ਼ਰੂਰ ਵੱਸਦੀ ਹੋਵੇਗੀ।ਉਦੋਂ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੁੰਦਾ ਦਿਹਾਤੀ ਪ੍ਰੋਗਰਾਮ ਬਹੁਤ ਮਕਬੂਲ ਹੋਇਆ ਕਰਦਾ ਸੀ।ਇਹ ਪ੍ਰੋਗਰਾਮ ਅੱਜ ਵੀ ਪ੍ਰਸਾਰਿਤ ਹੋ ਰਿਹਾ ਹੈ।ਰੇਡੀਓ ਹੁਣ ਲੋਕਾਂ ਦੀ ਪਹਿਲੀ ਪਸੰਦ ਨਹੀਂ ਰਿਹਾ, ਭਾਵੇਂ ਕਿ ਰੇਡੀਓ ਤੋਂ ਅੱਜ ਵੀ ਬਹੁਤ ਵਧੀਆ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਪ੍ਰਸਾਰਿਤ ਹੋ ਰਹੇ ਹਨ।
ਉਨ੍ਹਾਂ ਦਿਨਾਂ ਵਿੱਚ ਜਦੋਂ ਰੇਡੀਓ ਵੀ ਲੋਕਾਂ ਦੀ ਪਹੁੰਚ ਵਿੱਚ ਨਹੀਂ ਸੀ ਅਤੇ ਪਿੰਡਾਂ ਵਿੱਚ ਬਿਜਲੀ ਵੀ ਨਹੀਂ ਸੀ ਹੁੰਦੀ, ਉਦੋਂ ਸਰਕਾਰ ਵੱਲੋਂ ਪੰਚਾਇਤਾਂ ਨੂੰ ਬੈਟਰੀ ਵਾਲੇ ਰੇਡੀਓ ਦਿੱਤੇ ਗਏ ਸਨ।ਪੰਚਾਇਤਾਂ ਨੂੰ ਰੇਡੀਓ ਮੁਹੱਈਆ ਕਰਵਾਉਣ ਦਾ ਸਰਕਾਰ ਦਾ ਮੁੱਖ ਮੰਤਵ ਇਹ ਸੀ ਕਿ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਜਾਣਕਾਰੀ ਦਿੱਤੀ ਜਾਵੇ, ਪਿੰਡਾਂ ਦੇ ਵਿਕਾਸ ਸਬੰਧੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਿਆ ਜਾਵੇ ਅਤੇ ਇਸ ਦੇ ਨਾਲ-ਨਾਲ ਮਿਆਰੀ ਗੀਤ-ਸੰਗੀਤ ਰਾਹੀਂ ਮਨੋਰੰਜਨ ਵੀ ਕਰਾਇਆ ਜਾਵੇ।ਦਿਹਾਤੀ ਪ੍ਰੋਗਰਾਮ ਵਿੱਚ ਮੌਸਮ ਅਨੁਸਾਰ ਫ਼ਸਲਾਂ ਬੀਜ਼ਣ, ਉਨ੍ਹਾਂ ਤੋਂ ਚੰਗਾ ਝਾੜ ਲੈਣ ਦੇ ਢੰਗ-ਤਰੀਕੇ ਖੇਤੀ ਮਾਹਿਰਾਂ ਵੱਲੋਂ ਦੱਸੇ ਜਾਂਦੇ ਸਨ।ਰੋਜ਼ਾਨਾ ਮੌਸਮ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਸੀ। ਉਦੋਂ ਕਿਸਾਨ ਖੇਤੀ ਮਾਹਿਰਾਂ ਵੱਲੋਂ ਦਿੱਤੇ ਜਾਂਦੇ ਸੁਝਾਵਾਂ/ਸਲਾਹਾਂ ’ਤੇ ਵਿਸ਼ਵਾਸ ਵੀ ਕਰਦੇ ਸਨ।ਇਸ ਪ੍ਰੋਗਰਾਮ ਮਗਰੋਂ ਖ਼ਬਰਾਂ ਪ੍ਰਸਾਰਿਤ ਹੁੰਦੀਆਂ ਸਨ।
ਆਲ ਇੰਡੀਆ ਰੇਡੀਓ ਤੋਂ ਦੇਸ਼ ਦੀ ਆਜ਼ਾਦੀ 1947 ਤੱਕ ਲਾਹੌਰ (ਪਾਕਿਸਤਾਨ) ਤੋਂ ਪ੍ਰੋਗਰਾਮਾਂ ਦਾ ਪ੍ਰਸਾਰਣ ਹੋਇਆ ਕਰਦਾ ਸੀ।ਆਜ਼ਾਦੀ ਤੋਂ ਬਾਅਦ ਇਹ ਰੇਡੀਓ ਅੰਮ੍ਰਿਤਸਰ ਤਬਦੀਲ ਹੋ ਗਿਆ ਸੀ।ਇਸ ਰੇਡੀਓ ’ਤੇ ਜਿੰਨੇ ਵੀ ਆਰਟਿਸਟ ਉਦੋਂ ਕੰਮ ਕਰਦੇ ਸਨ, ਉਹ ਸਾਰੇ ਇਸ ਦੇ ਨਾਲ ਹੀ ਅੰਮ੍ਰਿਤਸਰ ਆ ਗਏ ਸਨ।ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਆਲ ਇੰਡੀਆ ਰੇਡੀਓ ਨੇ ਥੋੜ੍ਹਾ ਸਮਾਂ ਹੀ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਸੀ ਅਤੇ ਇੱਥੋਂ ਇਹ ਜਲੰਧਰ ਤਬਦੀਲ ਹੋ ਗਿਆ ਸੀ।
ਆਲ ਇੰਡੀਆ ਰੇਡੀਓ ’ਤੇ ਲੰਮਾ ਸਮਾਂ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਅਤੇ ਦਿਹਾਤੀ ਪ੍ਰੋਗਰਾਮ ਵਿੱਚ ਬਾਊ ਜੀ ਦੇ ਨਾਂ ’ਤੇ ਚਿੱਠੀਆਂ ਦੇ ਜਵਾਬ ਦੇਣ ਵਾਲੇ ਰਾਜ ਕੁਮਾਰ ਵੋਹਰਾ ਨੇ ਰੇਡੀਓ ਬਾਰੇ ਕਾਫ਼ੀ ਜਾਣਕਾਰੀ ਦਿੱਤੀ। ਵੋਹਰਾ ਸਾਹਿਬ ਖੇਤੀਬਾੜੀ ਵਿਭਾਗ ਵਿੱਚ ਨੌਕਰੀ ਕਰਦੇ ਸਨ।1963 ਵਿੱਚ ਦਿਹਾਤੀ ਪ੍ਰੋਗਰਾਮ ਵਿੱਚ ਕਿਸਾਨਾਂ ਨੂੰ ਖੇਤੀ ਬਾਰੇ ਜਾਣਕਾਰੀ ਦੇਣ ਲਈ ਡੈਪੂਟੇਸ਼ਨ ’ਤੇ ਆਲ ਇੰਡੀਆ ਰੇਡੀਓ ’ਤੇ ਭੇਜਿਆ ਗਿਆ ਸੀ।ਉਹ 1966 ਤੀਕ ਇਸ ਸਟੇਸ਼ਨ ’ਤੇ ਰਹੇ ਸਨ।ਫਿਰ ਉਹ ਯੂ.ਪੀ.ਐਸ.ਸੀ ਰਾਹੀਂ 1970 ਵਿੱਚ ਆਲ ਇੰਡੀਆ ਰੇਡੀਓ ’ਤੇ ਕਿਸਾਨ ਰੇਡੀਓ ਰਿਪੋਰਟਰ ਵਜੋਂ ਪੱਕੇ ਤੌਰ ’ਤੇ ਨਿਯੁੱਕਤ ਹੋ ਗਏ ਸਨ ਅਤੇ ਇੱਥੋਂ ਹੀ 1997 ਵਿੱਚ ਸੇਵਾ ਮੁਕਤ ਹੋਏ ਸਨ।
ਵੋਹਰਾ ਸਾਹਿਬ ਦੱਸਦੇ ਹਨ ਕਿ ਉਦੋਂ ਸਰਕਾਰ ਨੇ ਪਿੰਡਾਂ ਵਿੱਚ ਪੰਚਾਇਤਾਂ ਰਾਹੀਂ ਚਰਚਾ ਮੰਡਲ ਬਣਾਏ ਸਨ। ਇਨ੍ਹਾਂ ਦਾ ਮੰਤਵ ਦਿਹਾਤੀ ਪ੍ਰੋਗਰਾਮ ਸੁਣਨ ਤੋਂ ਬਾਅਦ ਕਿਸਾਨਾਂ ਵੱਲੋਂ ਖ਼ਾਸ ਕਰ ਖੇਤੀ ਪ੍ਰੋਗਰਾਮਾਂ ਬਾਰੇ ਆਪਸ ਵਿੱਚ ਚਰਚਾ ਕਰਨੀ ਹੁੰਦੀ ਸੀ ਅਤੇ ਪੱਤਰ ਲਿਖ ਕੇ ਦੱਸਣਾ ਹੁੰਦਾ ਸੀ ਕਿ ਇਸ ਪ੍ਰੋਗਰਾਮ ਵਿੱਚ ਦਿੱਤੀ ਜਾਣਕਾਰੀ ਕਿੰਨੀ ਕੁ ਲਾਹੇਵੰਦ ਹੈ।ਕਿਉਂਕਿ ਉਦੋਂ ਕਿਸਾਨ ਪੜ੍ਹੇ ਲਿਖੇ ਨਹੀਂ ਸਨ ਹੁੰਦੇ ਤੇ ਉਨ੍ਹਾਂ ਵੱਲੋਂ ਚਰਚਾ ਕਰਨੀ ਤੇ ਉਸ ਬਾਰੇ ਪੱਤਰ ਲਿਖਣਾ ਸੰਭਵ ਨਹੀਂ ਸੀ ਹੁੰਦਾ, ਇਸ ਲਈ ਸਰਕਾਰ ਦੀ ਚਰਚਾ ਮੰਡਲਾਂ ਦੀ ਸਕੀਮ ਬਹੁਤੀ ਕਾਮਯਾਬ ਨਹੀਂ ਸੀ ਹੋਈ। ਉਹ ਦੱਸਦੇ ਹਨ ਕਿ ਇਸ ਦੇ ਬਾਵਜੂਦ ਵੀ ਉਦੋਂ ਕੁੱਝ ਪੜ੍ਹੇ ਲਿਖੇ ਕਿਸਾਨ ਇਸ ਬਾਰੇ ਪੱਤਰ ਲਿਖਦੇ ਹੁੰਦੇ ਸਨ, ਜਿਸ ਕਰਕੇ ਇਸ ਪ੍ਰੋਗਰਾਮ ਦੀ ਮਕਬੂਲੀਅਤ ਬਾਰੇ ਪਤਾ ਲੱਗਦਾ ਸੀ।ਉਹ ਦੱਸਦੇ ਹਨ ਕਿ ਜਿਵੇਂ-ਜਿਵੇਂ ਕਿਸਾਨਾਂ ਵਿੱਚ ਜਾਗਰੂਕਤਾ ਆਉਂਦੀ ਗਈ, ਇਹ ਪ੍ਰੋਗਰਾਮ ਕਿਸਾਨਾਂ ਲਈ ਲਾਹੇਵੰਦ ਬਹੁਤ ਹੁੰਦਾ ਗਿਆ।
ਜਦੋਂ ਸਰਕਾਰ ਵੱਲੋਂ ਪਿੰਡਾਂ ਵਿੱਚ ਪੰਚਾਇਤਾਂ ਨੂੰ ਰੇਡੀਓ ਦਿੱਤੇ ਗਏ ਸਨ, ਉਦੋਂ ਮੇਰੇ ਤਾਇਆ ਜੀ ਪਿੰਡ ਦੇ ਸਰਪੰਚ ਸਨ। ਉਹ ਲਗਾਤਾਰ ਵੀਹ ਵਰ੍ਹੇ ਪਿੰਡ ਦੇ ਸਰਪੰਚ ਰਹੇ ਸਨ।ਜਦੋਂ ਇਹ ਰੇਡੀਓ ਦਿੱਤੇ ਗਏ ਸਨ ਤਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਰੇਡੀਓ ’ਤੇ ਪ੍ਰੋਗਰਾਮ ਦਿਨੇ ਵੀ ਆਉਂਦੇ ਹਨ।ਕੇਵਲ ਇਹ ਜਾਣਕਾਰੀ ਸੀ ਕਿ ਸ਼ਾਮੀਂ 6 ਵਜੇ ਦਿਹਾਤੀ ਪ੍ਰੋਗਰਾਮ ਸ਼ੁਰੂ ਹੁੰਦਾ ਹੈ, ਉਸ ਵੇਲੇ ਰੇਡੀਓ ਲੱਗੇਗਾ।
ਪੰਚਾਇਤ ਕੋਲ ਰੇਡੀਓ ਆਉਣ ਬਾਰੇ ਚਰਚਾ ਤਾਂ ਪਿੰਡ ਵਿੱਚ ਕਈ ਦਿਨ ਪਹਿਲਾਂ ਹੀ ਛਿੜ ਪਈ ਸੀ, ਪਰ ਰੇਡੀਓ ਸੈੱਟਕਈ ਦਿਨਾਂ ਬਾਅਦ ਆਇਆ ਸੀ।ਲੋਕਾਂ ਵਿੱਚ ਉਤਸੁਕਤਾ ਸੀ ਤੇ ਉਤਸ਼ਾਹ ਵੀ, ਇਹ ਵੇਖਣ ਲਈ ਕਿ ਇਹ ਰੇਡੀਓ ਕਿਹੋ ਜਿਹਾ ਹੋਵੇਗਾ ਅਤੇ ਇਸ ਵਿੱਚ ਪ੍ਰੋਗਰਾਮ ਕਿਵੇਂ ਆਉਣਗੇ ਤੇ ਉਹ ਕਿਵੇਂ ਸੁਣ ਸਕਣਗੇ।
ਇੱਕ ਦਿਨ ਰੇਡੀਓ ਦਾ ਸੈਟ ਵੀ ਆ ਗਿਆ, ਪਰ ਫਿਰ ਕਿੰਨੇ ਦਿਨ ਉਸਨੂੰ ਚਲਾਉਣ ਬਾਰੇ ਜਾਣਕਾਰੀ ਦੇਣ ਲਈ ਮਕੈਨਿਕ ਨਾ ਆਇਆ।ਲੋਕੀਂ ਰੋਜ਼ ਪੁੱਛਣ ਆਉਂਦੇ ਸਨ ਕਿ ਕਦੋਂ ਚਾਲੂ ਹੋਵੇਗਾ।ਲੋਕਾਂ ਨੂੰ ਦੱਸਿਆ ਗਿਆ ਕਿ ਚਾਲੂ ਹੋਣ ਬਾਰੇ ਪਿੰਡ ਵਿੱਚ ਚੌਂਕੀਦਾਰ ਮੁਨਿਆਦੀ ਕਰੇਗਾ।ਰੇਡੀਓ ਕਮਰੇ ਅੰਦਰ ਰੱਖਿਆ ਗਿਆ ਅਤੇ ਸਪੀਕਰ ਮਜ਼ਬੂਤੀ ਨਾਲ ਬਨ੍ਹੇਰੇ ’ਤੇ ਟਿਕਾ ਦਿੱਤਾ ਗਿਆ।ਇੱਕ ਦਿਨ ਮਕੈਨਿਕ ਚਾਲੂ ਕਰਕੇ ਵਿਖਾ ਗਿਆ ਅਤੇ ਆਕਾਸ਼ਵਾਣੀ ਜਲੰਧਰ ਦੇ ਨਿਸ਼ਾਨ ’ਤੇ ਸੈਟ ਕਰ ਗਿਆ।ਉਸੇ ਦਿਨ ਰਾਤ ਵੇਲੇ ਚੌਂਕੀਦਾਰ ਨੇ ਸਾਰੇ ਪਿੰਡ ਵਿੱਚ ਮੁਨਿਆਦੀ ਕਰਕੇ ਅਗਲੇ ਦਿਨ ਤੋਂ ਰੇਡੀਓ ਚਾਲੂ ਹੋਣ ਅਤੇ ਸ਼ਾਮ ਸਾਢੇ 6 ਵਜੇ ਪ੍ਰੋਗਰਾਮ ਸ਼ੁਰੂ ਹੋਣ ਬਾਰੇ ਜਾਣਕਾਰੀ ਦਿੱਤੀ ਸੀ।
ਅਗਲੇ ਦਿਨ 6 ਵਜੇ ਹੀ ਸਾਡੀ ਬੈਠਕ ਮੂਹਰੇ ਰੌਣਕ ਲੱਗ ਗਈ ਸੀ।ਲੋਕੀਂ ਰੇਡੀਓ ਨੂੰ ਵਾਰ-ਵਾਰ ਛੂਹ ਕੇ ਵੇਖ ਰਹੇ ਸਨ।ਰੇਡੀਓ ਆਨ ਕੀਤਾ ਤਾਂ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੈ, ਦਿਹਾਤੀ ਪ੍ਰੋਗਰਾਮ ਦੀ ਆਵਾਜ਼ ਆਈ ਤਾਂ ਸਭ ਦੇ ਚਿਹਰੇ ਖਿੜ ਗਏ।
ਦਿਹਾਤੀ ਪ੍ਰੋਗਰਾਮ ਸ਼ੁਰੂ ਹੁੰਦਿਆਂ ਹੀ ਆਵਾਜ਼ ਆਈ।ਰੁਲੀਆ ਰਾਮ ਜੀ ਬੋਲੇ, ‘ਠੰਡੂ ਰਾਮ ਜੀ ਲੰਘ ਆਉ। ਗੱਲਬਾਤ ਦਾ ਢੰਗ ਬਹੁਤ ਹੀ ਦਿਲ ਨੂੰ ਛੂਹਣ ਵਾਲਾ ਅਤੇ ਦਿਲਚਸਪ, ਠੇਠ ਪੰਜਾਬੀ।ਸੁਣਨ ਵਾਲਿਆਂ ਨੂੰ ਮੋਹ ਲੈਂਦਾ ਸੀ। ਪਹਿਲੇ ਦਿਨ ਤੋਂ ਹੀ ਪਿੰਡ ਦੇ ਲੋਕੀਂ ਪ੍ਰੋਗਰਾਮ ਵਿੱਚ ਹੁੰਦੀ ਗੱਲਬਾਤ ਦੇ ਮੁਰੀਦ ਹੋ ਗਏ ਸਨ।ਖੇਤੀ ਬਾਰੇ ਦੱਸੇ ਜਾਂਦੇ ਢੰਗ-ਤਰੀਕੇ ਜਾਂ ਕੋਈ ਹੋਰ ਜਾਣਕਾਰੀ, ਉਹ ਬਹੁਤ ਹੀ ਧਿਆਨ ਨਾਲ ਸੁਣਦੇ ਸਨ।ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਗੁਰਮੀਤ ਬਾਵਾ, ਅਮਰਜੀਤ ਗੁਰਦਾਸਪੁਰੀ ਅਤੇ ਹੋਰ ਗਾਇਕਾਂ ਦੇ ਗੀਤਾਂ ਨੇ ਪਿੰਡ ਵਾਲਿਆਂ ਨੂੰ ਮੋਹ ਲਿਆ ਸੀ।ਅਗਲੇ 24 ਘੰਟਿਆਂ ਵਿੱਚ ਰਹਿਣ ਵਾਲੇ ਮੌਸਮ ਦਾ ਹਾਲ ਵੀ ਉਹ ਪੂਰੇ ਧਿਆਨ ਨਾਲ ਸੁਣਦੇ।
ਪੰਚਾਇਤੀ ਰੇਡੀਓ ਨੇ ਉਸ ਵੇਲੇ ਪਿੰਡਾਂ ਵਿੱਚ ਜਾਗਰੂਕਤਾ ਦੀ ਇੱਕ ਨਵੀਂ ਕ੍ਰਾਂਤੀ ਲੈ ਆਂਦੀ ਸੀ।ਲੋਕੀਂ ਆਪਣੇ-ਆਪ ਨੂੰ ਆਪਣੇ ਦੇਸ਼ ਨਾਲ ਜੁੜੇ ਮਹਿਸੂਸ ਕਰਨ ਲੱਗੇ ਸਨ।ਦਿਹਾਤੀ ਪ੍ਰੋਗਰਾਮ ਸੁਣਨ ਮਗਰੋਂ ਖ਼ਬਰਾਂ ਸੁਣਨਾ ਵੀ ਉਨ੍ਹਾਂ ਦੀ ਆਦਤ ਬਣ ਗਈ ਸੀ।ਠੰਡੂ ਰਾਮ, ਰੁਲੀਆ ਰਾਮ, ਮਾਸਟਰ ਜੀ, ਚਾਚਾ ਕੁੰਮੇਦਾਨ, ਭਾਈਆ ਜੀ, ਰੌਣਕੀ ਰਾਮ ਦੀਆਂ ਗੱਲਾਂ ਅਤੇ ਨੋਕ-ਝੋਕ ਲੋਕਾਂ ਨੂੰ ਹਸਾਉਂਦੀ ਵੀ ਸੀ ਤੇ ਅਰਥ-ਭਰਪੂਰ ਸੁਨੇਹਾ ਵੀ ਦਿੰਦੀ ਸੀ।ਰੇਡੀਓ ’ਤੇ ਰੋਜ਼ਾਨਾ ਆਉਂਦੇ ਇਸ ਦਿਹਾਤੀ ਪ੍ਰੋਗਰਾਮ ਨੇ ਪਿੰਡਾਂ ਵਿੱਚ ਇੱਕ ਸੱਥ ਵੀ ਕਾਇਮ ਕਰ ਦਿੱਤੀ ਸੀ।ਜੇਕਰ ਇਹ ਕਿਹਾ ਜਾਵੇ ਕਿ ਇਸ ਪ੍ਰੋਗਰਾਮ ਸਦਕਾ ਹੀ ਪਿੰਡਾਂ ਦੇ ਲੋਕਾਂ ਵਿੱਚ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰ ਦਿੱਤਾ ਸੀ।ਇਸ ਪ੍ਰੋਗਰਾਮ ਨੇ ਲੋਕਾਂ ਅੰਦਰ ਨਵੀਂ ਰੂਹ ਫੂਕ ਦਿੱਤੀ ਸੀ।ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਵੀ ਲੋਕੀਂ ਕਿੰਨਾ-ਕਿੰਨਾ ਚਿਰ ਉਥੇ ਬੈਠੇ ਗੱਲਾਂ ਕਰਦੇ ਰਹਿੰਦੇ ਸਨ।ਅੱਜ ਕੱਲ੍ਹ ਸਰਬਜੀਤ ਰਿਸ਼ੀ, ਦਨੇਸ਼ ਗਰੇਵਾਲ, ਗੁਰਵਿੰਦਰ ਸਿੰਘ ਸੰਧੂ, ਤੇਜਪਾਲ ਸਿੰਘ, ਨਰੇਸ਼ ਗੁਲਾਟੀ ਦਿਹਾਤੀ ਪੋ੍ਰਗਰਾਮ ਵਿਚ ਸੇਵਾਵਾਂ ਨਿਭਾਅ ਰਹੇ ਹਨ।
ਜਲੰਧਰ ਰੇਡੀਓ ਸਟੇਸ਼ਨ ਨਾਲ ਮੇਰਾ ਲੰਮਾ ਸਮਾਂ ਵਾਹ ਰਿਹਾ ਹੈ।ਮੈਂ ਪਹਿਲੀ ਵਾਰ ਸਤੰਬਰ 1974 ਵਿੱਚ ਇੱਕ ਪੋ੍ਰਗਰਾਮ ਵਿਚ ਕਵਿਤਾਵਾਂ ਪੜ੍ਹੀਆਂ ਸਨ ਤੇ ਮੈਨੂੰ ਉਦੋਂ 6 ਮਿੰਟਾਂ ਦੇ 36 ਰੁਪਏ ਮਿਲੇ ਸਨ।ਉਸ ਮਗਰੋਂ 1989 ਵਿੱਚ ਪਹਿਲੀ ਵਾਰ ਮੈਨੂੰ ਰੇਡੀਓ ਤੋਂ 10 ਮਿੰਟਾਂ ਦੀ ਵਾਰਤਕ ਪੇਸ਼ ਕਰਨ ਦਾ ਪ੍ਰੋਗਰਾਮ ਮਿਲਿਆ ਸੀ।ਉਸ ਤੋਂ ਬਾਅਦ 2015 ਤੀਕ ਮੈਨੂੰ ਨਿਰੰਤਰ ਵਾਰਤਕ ਦਾ ਪ੍ਰੋਗਰਾਮ ਮਿਲਦਾ ਰਿਹਾ ਸੀ।ਇਹ ਪ੍ਰੋਗਰਾਮ ਦਿਹਾਤੀ ਪ੍ਰੋਗਰਾਮ ਲਈ ਹੀ ਹੁੰਦਾ ਸੀ। ਇਨ੍ਹਾਂ ਸਾਲਾਂ ਦੌਰਾਨ ਰੇਡੀਓ ਨਾਲ ਬਹੁਤ ਹੀ ਪੀਡੀ ਸਾਂਝ ਬਣ ਗਈ ਸੀ, ਜਿਹੜੀ ਅੱਜ ਵੀ ਕਾਇਮ ਹੈ।
ਇੱਕ ਦਿਲਚਸਪੀ ਵਾਲੀ ਗੱਲ ਵੀ ਇੱਥੇ ਦੱਸਣਾ ਚਾਹੁੰਦਾ ਹਾਂ।ਪਿੰਡ ਵਿੱਚ ਅਜੇ ਪੰਚਾਇਤੀ ਰੇਡੀਓ ਨਹੀਂ ਸੀ ਆਇਆ।ਇੱਕ ਦਿਨ ਅਸੀਂ ਪਿੰਡੋਂ ਬਾਹਰ ਖੇਡ ਰਹੇ ਸਾਂ।ਸਾਡੇ ਪਿੰਡ ਤੋਂ ਥੋੜ੍ਹੀ ਦੂਰ ਪੈਂਦੇ ਅਗਲੇ ਪਿੰਡ ਜਾਣ ਲਈ ਇੱਕ ਫ਼ੌਜੀ ਉਥੋਂ ਲੰਘਿਆ।ਉਹਨੇ ਆਪਣਾ ਛੋਟਾ ਰੇਡੀਓ ਖੱਬੀ ਬਾਂਹ ਵਿੱਚ ਫੜਿਆ ਹੋਇਆ ਸੀ।ਰੇਡੀਓ ’ਤੇ ਗਾਣੇ ਵੱਜ ਰਹੇ ਸਨ।ਅਸੀਂ ਬਹੁਤ ਹੈਰਾਨ ਹੋਏ ਅਤੇ ਗਾਣੇ ਸੁਣਦੇ ਉਸਦੇ ਪਿੱਛੇ-ਪਿੱਛੇ ਤੁਰ ਪਏ ਅਤੇ ਉਸ ਦੇ ਪਿੰਡ ਦੀ ਜੂਹ ਤੀਕ ਪੁੱਜ ਕੇ ਹੀ ਵਾਪਸ ਪਰਤੇ ਸਾਂ।ਸਾਡੇ ਲਈ ਇਹ ਬਹੁਤ ਅਜੀਬ ਵਰਤਾਰਾ ਸੀ।ਅਸੀਂ ਆਪਣੇ ਘਰ ਆ ਕੇ ਦੱਸਿਆ ਤਾਂ ਉਹ ਵੀ ਬਹੁਤ ਹੈਰਾਨ ਹੋਏ ਸਨ।
ਰੇਡੀਓ ਨਾਲ ਜੁੜੀ ਇੱਕ ਹੋਰ ਗੱਲ ਵੀ ਚੇਤੇ ਆ ਗਈ।ਉਨ੍ਹਾਂ ਦਿਨਾਂ ਵਿੱਚ ਰੇਡੀਓ ਲਈ ਲੋਕਾਂ ਵਿੱਚ ਖਿੱਚ ਪੈਦਾ ਹੋ ਗਈ ਸੀ।ਮੇਰੇ ਵੱਡੇ ਭਰਾ ਨੂੰ ਉਨ੍ਹਾਂ ਦਿਨਾਂ ਵਿੱਚ ਹੀ ਬੀ.ਏ ਕਰਨ ਤੋਂ ਬਾਅਦ ਦਿੱਲੀ ਵਿੱਚ ਨੌਕਰੀ ਮਿਲ ਗਈ ਸੀ। ਉਹ ਜਦੋਂ ਦੋ ਮਹੀਨੇ ਮਗਰੋਂ ਪਿੰਡ ਆਇਆ ਤਾਂ ਇੱਕ ਟਰਾਂਜਿਸਟਰ (ਰੇਡੀਓ) ਨਾਲ ਲੈ ਕੇ ਆਇਆ।ਰੇਡੀਓ ਨਾਲ ਖੂਬ ਰੌਣਕਾਂ ਲੱਗੀਆਂ।ਇੱਕ ਦਿਨ ਬੈਠਕ ਵਿੱਚ ਪਿਆ ਇਹ ਰੇਡੀਓ ਕੋਈ ਚੁੱਕ ਕੇ ਲੈ ਗਿਆ।ਜਿਸ ’ਤੇ ਸ਼ੱਕ ਸੀ, ਉਹ ਸਾਫ਼ ਮੁੱਕਰ ਗਿਆ ਕਿ ਉਸਨੇ ਨਹੀਂ ਚੁੱਕਿਆ।ਮੇਰੇ ਤਾਇਆ ਜੀ ਉਦੋਂ ਸਰਪੰਚ ਸਨ ਅਤੇ ਉਨ੍ਹਾਂ ਦੀ ਸਰਕਾਰੇ-ਦਰਬਾਰੇ ਚੱਲਦੀ ਵੀ ਬਹੁਤ ਸੀ।ਉਨ੍ਹਾਂ ਥਾਣੇ ਚੋਰੀ ਦੀ ਰਿਪੋਰਟ ਕਰਵਾਉਣ ਦੀ ਧਮਕੀ ਦਿੱਤੀ ਅਤੇ ਉਹ ਇਹ ਆਖ ਕੇ ਚਲੇ ਗਏ।ਪਰ ਉਹ ਥਾਣੇ ਨਹੀਂ ਸਨ ਗਏ ਅਤੇ ਕਾਫ਼ੀ ਦੇਰ ਮਗਰੋਂ ਫਿਰ ਘਰ ਪਰਤ ਆਏ।ਉਨ੍ਹਾਂ ਨੂੰ ਜਿਸ ਬੰਦੇ ’ਤੇ ਸ਼ੱਕ ਸੀ, ਉਸ ਬਾਰੇ ਉਹ ਇਹ ਵੀ ਜਾਣਦੇ ਸਨ ਕਿ ਉਹ ਡਰਪੋਕ ਵੀ ਹੈ, ਇਸ ਲਈ ਉਹ ਕਿਤੇ ਨੇੜੇ-ਤੇੜੇ ਰੱਖ ਵੀ ਸਕਦਾ ਹੈ।ਉਨ੍ਹਾਂ ਉਸ ਬੰਦੇ ਨੂੰ ਸੁਣਾ ਕੇ ਆਖਿਆ ਕਿ ਪੁਲੀਸ ਆ ਰਹੀ ਹੈ।ਪਰ ਉਸ ਬੰਦੇ ਨੇ ਤਾਇਆ ਜੀ ਦੇ ਜਾਣ ਤੋਂ ਬਾਅਦ ਹੀ ਉਹ ਰੇਡੀਓ ਲਾਗੇ ਪਈਆਂ ਪਾਥੀਆਂ ਵਿੱਚ ਲੁਕਾ ਕੇ ਰੱਖ ਦਿੱਤਾ ਸੀ।ਕਿਸੇ ਨੇ ਉਸਨੂੰ ਟਰਾਂਜਿਸਟਰ ਰੱਖਦਿਆਂ ਵੇਖ ਲਿਆ ਸੀ ਤੇ ਉਸ ਨੇ ਦੱਸ ਵੀ ਦਿੱਤਾ।ਟਰਾਂਜਿਸਟਰ ਪਾਥੀਆਂ ਵਿੱਚ ਪਿਆ ਸੀ।ਲੇਖ 2311202303
ਮਨਮੋਹਨ ਸਿੰਘ ਢਿਲੋਂ
ਮੋ – 98784-47635