Wednesday, December 4, 2024

ਅਮਰੀਕੀ ਡਾਕਟਰ ਕ੍ਰਿਪਾਲ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਅਮਰੀਕਾ ਦੀ ਫਲੋਰਿਡਾ ਸਟੇਟ ਦੇ ਡੇਟੋਨਾ ਸ਼ਹਿਰ ਵਿੱਚ ਨਿਵਾਸ ਕਰਨ ਵਾਲੇ ਡਾ. ਕ੍ਰਿਪਾਲ ਸਿੰਘ ਦੇ ਅਕਾਲ ਚਲਾਣੇ ‘ਤੇ ਡਾ. ਜਸਬੀਰ ਸਿੰਘ ਸਰਨਾ , ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਪੰਜਾਬ ਯੂਨਵਿਰਸਿਟੀ ਲਾਹੌਰ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਕਲਿਆਣ ਸਿੰਘ ਕਲਿਆਣ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਈਮੇਲ ਨਾਲ ਇਥੇ ਭੇਜੇ ਸਾਂਝੇ ਬਿਆਨ ਵਿੱਚ ਇਨ੍ਹਾਂ ਲੇਖਕਾਂ ਨੇ ਕਿਹਾ ਕਿ ਡਾ. ਕ੍ਰਿਪਾਲ ਸਿੰਘ ਦਾ ਜਨਮ 10 ਅਕਤੂਬਰ 1942 ਵਿੱਚ ਸ਼ਹਿਰ ਮੋਗਾ ਵਿਖੇ ਹਰਚੰਦ ਸਿੰਘ ਦੇ ਗ੍ਰਹਿ ਵਿਖੇ ਬੀਬੀ ਜਗੀਰ ਕੌਰ ਦੀ ਕੁੱਖੋਂ ਹੋਇਆ।ਉਹ ਆਪਣੇ ਪਿੱਛੇ ਆਪਣੀ ਸੁਪਤਨੀ ਫਿਲਸ, ਸਪੁੱਤਰੀਆਂ ਪ੍ਰਮਿੰਦਰ ਕੌਰ ਤੇ ਨਵਦੀਪ ਕੌਰ ਅਤੇ ਸਪੁੱਤਰ ਤੇਜਿੰਦਰ ਸਿੰਘ ਛੱਡ ਗਏ ਹਨ।ਉਨ੍ਹਾਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐਮ.ਬੀ.ਬੀ.ਐਸ ਦੀ ਡਿਗਰੀ ਪ੍ਰਾਪਤ ਕੀਤੀ।ਕੁੱਝ ਸਮਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿੱਚ ਨੌਕਰੀ ਕੀਤੀ।ਫਿਰ ਉਹ ਇੰਗਲੈਂਡ ਚਲੇ ਗਏ ਤੇ ਉਥੋਂ ਉਹ ਅਮਰੀਕਾ ਦੇ ਆਈਓਵਾ ਸੂਬੇ ਦੇ ਕ੍ਰੈਸਟੋਨ ਸ਼ਹਿਰ ਵਿੱਚ ਬਤੌਰ ਮਨੋਵਿਗਿਆਨ (ਸਾਈਕੈਟਰਿਕ) ਡਾਕਟਰ ਪ੍ਰੈਕਟਿਸ ਕਰਨ ਲੱਗੇ।ਸੇਵਾ ਮੁਕਤੀ ਪਿਛੋਂ ਉਹ ਫਲੋਰਿਡਾ ਸੂਬੇ ਦੇ ਡੇਟੋਨਾ ਸ਼ਹਿਰ ਵਿੱਚ ਨਿਵਾਸ ਕਰਨ ਲੱਗੇ, ਜਿਥੇ ਉਹ ਸੰਖੇਪ ਬਿਮਾਰੀ ਪਿੱਛੋਂ 16 ਨਵੰਬਰ 2023 ਨੂੰ ਸਵਰਗਵਾਸ ਹੋ ਗਏ।ਉਨ੍ਹਾਂ ਦੀ ਦੇਹ ਨੂੰ ਪਰਿਵਾਰ ਵਲੋਂ ਉਨ੍ਹਾਂ ਦੀ ਇੱਛਾ ਅਨੁਸਾਰ ਮੈਡੀਕਲ ਖੋਜ ਲਈ ਮੈਡੀਕਲ ਰਿਸਰਚ ਸੰਸਥਾ ਨੂੰ ਦੇ ਦਿੱਤੀ ਗਈ।
ਉਹ ਜਿਥੇ ਚੰਗੇ ਡਾਕਟਰ ਸਨ, ਉਥੇ ਉਹ ਅਗਾਂਹਵਧੂ ਖਿਆਲਾਂ ਤੇ ਸਿੱਖ ਧਰਮ ਨਾਲ ਪ੍ਰਣਾਏ ਹੋਏ ਸਨ।ਉਹ ਸਿੱਖ ਧਰਮ ਸੰਬੰਧੀ ਹੁੰਦੇ ਵੈਬੀਨਾਰਾਂ ਤੇ ਟੀ.ਵੀ ਪ੍ਰੋਗਰਾਮਾਂ ਵਿੱਚ ਹੁੰਦੀਆਂ ਬਹਿਸਾਂ ਵਿੱਚ ਭਾਗ ਲੈਂਦੇ ਸਨ।ਉਹ ਲੋੜਵੰਦ ਲੇਖਕਾਂ ਨੂੰ ਕਿਤਾਬਾਂ ਛਪਵਾਉਣ ਤੇ ਪਾਕਿਸਤਾਨ ਵਿੱਚ ਸਿੱਖ ਬੱਚਿਆਂ ਦੀ ਪੜਾਈ ਵਿੱਚ ਸਹਾਇਤਾ ਕਰਦੇ ਹੁੰਦੇ ਸਨ। ਉਨ੍ਹਾਂ ਨੇ ਪਾਕਿਸਤਾਨ ਵਿੱਚ ਸਿੱਖ ਧਰਮ ਨਾਲ ਸੰਬੰਧਿਤ ਕੁੱਝ ਪੁਸਤਕਾਂ ਉਰਦੂ ਵਿੱਚ ਛਪਵਾ ਕੇ ਮੁਫ਼ਤ ਵੰਡੀਆਂ, ਜਿਵੇਂ ਜਫ਼ਰਨਾਮਾ, ਤਵਾਰੀਖ ਬੱਬਰ ਅਕਾਲੀ ਲਹਿਰ (ਸੰਪਾਦਕ ਬੀ.ਐਸ ਨਿੱਜ਼ਰ), ਜਪੁਜੀ ਤੇ ਸੁਖਮਨੀ ਸਾਹਿਬ (ਲੇਖਕ ਖ਼ਵਾਜ਼ਾ ਦਿੱਲ ਮੁਹੰਮਦ ਐਮ.ਏੇ), ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਲੇ ਵਾਲੀ (ਸੰਪਾਦਕ ਡਾ. ਏ. ਐਸ ਔਲਖ), ਗੁਰੂ ਗ੍ਰੰਥ ਸਾਹਿਬ ਅਤੇ ਇਸਲਾਮ (ਇਤਿਹਾਸ ਤੇ ਸਿੱਖਿਆ) ਆਦਿ।ਉਹ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ, ਪਰ ਉਨ੍ਹਾਂ ਦੁਆਰਾ ਕੀਤੀ ਗਈ ਸਾਹਿਤਕ ਤੇ ਸਮਾਜਿਕ ਸੇਵਾ ਕਰਕੇ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …