Thursday, May 29, 2025
Breaking News

ਮੈਰੀਟੋਰੀਅਸ ਸਕੂਲ ਘਾਬਦਾਂ ਦੇ ਵਿਦਿਆਰਥੀਆਂ ਦੀ ਤਬੀਅਤ ਵਿਗੜਨ ਦਾ ਮਾਮਲਾ

ਚਾਰ ਮੈਂਬਰੀ ਕਮੇਟੀ ਦਾ ਗਠਨ, ਇੱਕ ਹਫ਼ਤੇ ‘ਚ ਸੌਂਪੇਗੀ ਰਿਪੋਰਟ

ਸੰਗਰੂਰ, 2 ਦਸੰਬਰ (ਜਗਸੀਰ ਲੌਂਗੋਵਾਲ) – ਮੈਰੀਟੋਰੀਅਸ ਸਕੂਲ਼ ਘਾਬਦਾਂ ਦੇ ਵਿਦਿਆਰਥੀਆਂ ਦੀ ਤਬੀਅਤ ਵਿਗੜਣ ਦਾ ਮਾਮਲਾ ਸਾਹਮਣੇ ਆਉਂਦਿਆਂ ਹੀ ਜਿਲ੍ਹਾ ਪ੍ਰਸ਼ਾਸਨ ਸੰਗਰੂਰ ਵਲੋਂ ਤੁਰੰਤ ਐਕਸ਼ਨ ਲੈਂਦਿਆਂ ਸਕੂਲ ਦੇ ਠੇਕੇਦਾਰ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ।
ਅੱਜ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਤੇ ਹੋਰ ਅਧਿਕਾਰੀਆਂ ਦੀ ਮੌਜ਼ੂਦਗੀ ਵਿੱਚ ਪੱਤਰਕਾਰ ਸੰਮੇਲਨ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਮਿਲੇ ਨਿਰਦੇਸ਼਼ਾਂ ਹੇਠ ਇਸ ਮਾਮਲੇ ਵਿੱਚ ਸ਼਼ਾਮਲ ਕਿਸੇ ਵੀ ਪੱਧਰ ਦੇ ਅਧਿਕਾਰੀ ਜਾਂ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਲਈ ਉਪ ਮੰਡਲ ਮੈਜਿਸਟਰੇਟ ਸੰਗਰੂਰ ਚਰਨਜੋਤ ਸਿੰਘ ਵਾਲੀਆ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਇੱਕ ਹਫ਼ਤੇ ਅੰਦਰ ਆਪਣੀ ਰਿਪੋਰਟ ਸੌਂਪੇਗੀ।ਇਸ ਕਮੇਟੀ ਵਿੱਚ ਤਹਿਸੀਲਦਾਰ, ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਸੀਨੀਅਰ ਮੈਡੀਕਲ ਅਫ਼ਸਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੀ ਰਾਤ 18 ਵਿਦਿਆਰਥੀ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਹੋਏ ਸਨ, ਜਿਨ੍ਹਾਂ ਵਿਚੋਂ 14 ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਗਏ ਅਤੇ ਅੱਜ 36 ਦੇ ਕਰੀਬ ਹੋਰ ਵਿਦਿਆਰਥੀ ਸਿਵਲ ਹਸਪਤਾਲ ਅਤੇ 20 ਵਿਦਿਆਰਥੀ ਘਾਬਦਾਂ ਵਿੱਚ ਹੀ ਪੀ.ਜੀ.ਆਈ ਸੈਂਟਰ ਵਿੱਚ ਦਾਖਲ ਹੋਏ, ਜਿਨ੍ਹਾਂ ਦੀ ਹਾਲਤ ਸਥਿਰ ਹੈ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਦਿਆਰਥੀ ਨੂੰ ਹਸਪਤਾਲ ਵਿੱਚ ਦਸਤ ਜਾਂ ਉਲਟੀ ਜਿਹੀ ਸਮੱਸਿਆ ਸਾਹਮਣੇ ਨਹੀਂ ਆਈ, ਪਰ ਵਿਦਿਆਰਥੀਆਂ ਦੇ ਦੱਸਣ ਅਨੁਸਾਰ ਸਕੂਲ ਵਿੱਚ ਖਾਣੇ ਮਗਰੋਂ ਉਨ੍ਹਾਂ ਨੂੰ ਇਹ ਪ੍ਰੇਸ਼ਾਨੀ ਆਈ ਸੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਵਲੋਂ ਅਹਿਤਿਆਤ ਵਜੋਂ ਮੈਰੀਟੋਰੀਅਸ ਸਕੂੂਲ ਘਾਬਦਾਂ ਵਿੱਚ 2 ਡਾਕਟਰ, 14 ਪੈਰਾ ਮੈਡੀਕਲ ਸਟਾਫ ਅਤੇ 2 ਐਂਬੂਲੈਂਸ ਤਾਇਨਾਤ ਕੀਤੀਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਸਾਹਮਣੇ ਆਉਣ ਮਗਰੋਂ ਪੰਜਾਬ ਦੇ ਬਾਕੀ 9 ਮੈਰੀਟੋਰੀਅਸ ਸਕੂਲਾਂ ਵਿੱਚ ਵੀ ਖਾਣੇ ਦੀ ਸੈਂਪਲਿੰਗ ਕਰਵਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਘਾਬਦਾਂ ਮੈਰੀਟੋਰੀਅਸ ਸਕੂਲ ਵਿੱਚ ਕਿੰਗਜ਼ ਕਲਿੱਫ ਨਾਂ ਦੇ ਵੈਂਡਰ ਦਾ ਠੇਕਾ ਤੁਰੰਤ ਪ੍ਰਭਾਵ ਨਾਲ ਰੱਦ ਕਰਦਿਆਂ ਐਫ.ਆਈ.ਆਰ ਦਰਜ਼ ਕਰਨ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਜੋਰਵਾਲ ਨੇ ਸਪੱਸ਼ਟ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪ੍ਰੈਸ ਕਾਨਫਰੰਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਜਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ, ਸਿਵਲ ਸਰਜਨ ਡਾ. ਅੰਜ਼ੂ ਅਤੇ ਸੀਨੀਅਰ ਮੈਡੀਕਲ ਅਫ਼ਸਰ ਕਿਰਪਾਲ ਸਿੰਘ ਵੀ ਹਾਜ਼ਰ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …