Friday, July 5, 2024

ਖ਼ਾਲਸਾ ਕਾਲਜ ਅੰਮ੍ਰਿਤਸਰ ਨੇ ‘ਚਾਲੀ ਦਿਨ’ ਪੁਸਤਕ ’ਤੇ ਕਰਾਈ ਵਿਚਾਰ ਗੋਸ਼ਟੀ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਪਰਵਾਸੀ ਪੰਜਾਬੀ ਸਾਹਿਤਕਾਰ ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਦੀ ਬਹੁ-ਚਰਚਿਤ ਪੁਸਤਕ ‘ਚਾਲੀ ਦਿਨ’ ਤੇ ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਵਿਚਾਰ ਗੋਸ਼ਟੀ ਕਰਵਾਈ ਗਈ।ਸਮਾਗਮ ਵਿਚ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਰਚਨਾ ਬਣੇ ਬਣਾਏ ਚੌਖਟਿਆਂ ਨੂੰ ਤੋੜਦੀ ਹੋਈ ਵਿਧਾ ਪੱਖੋਂ ਨਵੇਂ ਪ੍ਰਤੀਮਾਨ ਸਿਰਜ਼ਦੀ ਹੈ।ਉਨ੍ਹਾਂ ਕਿਹਾ ਕਿ ਇਹ ਪੁਸਤਕ ਪੱਛਮ ਦੀ ਤੇਜ਼ ਦੌੜ ਵਾਲੀ ਜ਼ਿੰਦਗੀ ਵਿਚੋਂ ਸਹਿਜ਼ਤਾ ਦਾ ਸੰਦੇਸ਼ ਲੈ ਕੇ ਆਈ ਹੈ। ਅੱਖਰ ਰਸਾਲੇ ਦੇ ਸੰਪਾਦਕ ਵਿਸ਼ਾਲ ਕੁਮਾਰ ਨੇ ਪੁਸਤਕ ਨਾਲ ਜਾਣ-ਪਛਾਣ ਕਰਾਉਂਦਿਆਂ ਕਿਹਾ ਕਿ ਡਾ. ਧੁਗਾ ਨੇ ਬੜੀ ਮਿਹਨਤ ਨਾਲ ਇਸ ਪੁਸਤਕ ਦੀ ਰਚਨਾ ਕੀਤੀ ਹੈ, ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਸਹੀ ਜੀਵਨ ਸੇਧ ਦਿੰਦੀ ਹੈ ਅਤੇ ਇਹ ਪੁਸਤਕ ਸਾਡੇ ਸਿਲੇਬਸਾਂ ਦਾ ਹਿੱਸਾ ਬਣਨੀ ਚਾਹੀਦੀ ਹੈ।
ਜਲੰਧਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਕੁਲਵੰਤ ਸਿੰਘ ਸੰਧੂ ਅਤੇ ਬਲਬੀਰ ਪੂਵਾਨਾ ਨੇ ਕਿਹਾ ਕਿ ਅਮਰੀਕਾ ਵਿੱਚ ਡਾਕਟਰੀ ਪੇਸ਼ੇ ਨਾਲ ਸੰਬੰਧਤ ਡਾ. ਧੁੱਗਾ ਵੱਲੋਂ ਸਾਹਿਤ ਸਿਰਜਣਾ ਲਈ ਸਮਾਂ ਕੱਢਣਾ ਪੰਜਾਬੀ ਸਮਾਜ ਅਤੇ ਪੰਜਾਬੀ ਭਾਸ਼ਾ ਦੀ ਵੱਡੀ ਸੇਵਾ ਹੈ।ਡਾ. ਰਮਿੰਦਰ ਕੌਰ ਸਾਬਕਾ ਮੁਖੀ ਅਤੇ ਪ੍ਰੋਫੈਸਰ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ ਪੁਸਤਕ ਦੇ ਪਾਤਰ ਕੇਸਰ ਤੇ ਫਕੀਰ ਅਤੇ ਪੁਸਤਕ ਦਾ ਨਾਮ ‘ਚਾਲੀ ਦਿਨ’ ਪ੍ਰਤੀਕਾਤਮਕ ਹਨ।ਇਹਨਾਂ ਪ੍ਰਤੀਕਾਂ ਦੇ ਅਰਥ ਸਾਡੇ ਸਭਿਆਚਾਰ ਵਿਚੋਂ ਮਿਲਦੇ ਹਨ।‘ਚਾਲੀ ਦਿਨ’ ਬੰਦੇ ਦੇ ਅੰਦਰੋਂ ਪਰਿਵਰਤਿਤ ਹੋਣ ਦਾ ਸਮਾਂ ਹੁੰਦਾ ਹੈ।ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਚਿੰਤਕ ਜੱਸ ਮੰਡ ਅਤੇ ਸੁਕੀਰਤ ਨੇ ਕਿਹਾ ਕਿ ਚਾਲੀ ਦਿਨ ਦੀ ਸ਼ਬਦਾਵਲੀ ਤੋਂ ਪਤਾ ਲਗਦਾ ਹੈ ਕਿ ਡਾ. ਧੁੱਗਾ ਕੋਲ ਭਾਸ਼ਾਈ ਸਮਰੱਥਾ ਹੈ।ਜੇਕਰ ਉਹ ਆਪਣੇ ਕਿੱਤੇ ਦੀਆਂ ਸਮੱਸਿਆਵਾਂ ਨੂੰ ਇਸ ਭਾਸ਼ਾਈ ਸਮਰੱਥਾ ਨਾਲ ਪ੍ਰਗਟਾਉਣ ਤਾਂ ਉਹ ਵੀ ਪੰਜਾਬੀ ਸਮਾਜ ਲਈ ਵਰਦਾਨ ਹੋਵੇਗਾ। ਡਾ. ਵਿਕਰਮ ਅਤੇ ਪ੍ਰਵੀਨ ਪੁਰੀ ਨੇ ਵੀ ਡਾ. ਧੁੱਗਾ ਨੂੰ ਉੱਤਮ ਸਿਰਜਣਾ ਲਈ ਵਧਾਈ ਦਿੱਤੀ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰਿੰਸੀਪਲ ਡਾ. ਮਹਿਲ ਸਿੰਘ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਵਿਦੇਸ਼ ਦੀ ਧਰਤੀ ਤੇ ਰਹਿ ਕੇ ਉਥੋਂ ਦਾ ਵਿਅਸਤ ਜੀਵਨ ਜਿਉਂਦਿਆਂ ਪੰਜਾਬੀ ਭਾਸ਼ਾ ਨਾਲ ਪਿਆਰ ਰੱਖਣਾ, ਪੰਜਾਬੀ ਸਾਹਿਤ ਦੀ ਸਿਰਜਣਾ ਕਰਨਾ ਵੱਡੀ ਅਤੇ ਮਾਣ ਵਾਲੀ ਗੱਲ ਹੈ।ਜਦੋਂ ਅਸੀਂ ਚਾਲੀ ਦਿਨ ਪੁਸਤਕ ਦਾ ਪਾਠ ਕਰਦੇ ਹਾਂ ਤਾਂ ਇਸ ਪੁਸਤਕ ਰਾਹੀਂ ਸਾਨੂੰ ਜੀਵਨ ਦੇ ਅਸਲ ਮੁੱਲਾਂ ਨਾਲ ਮਿਲਣ ਦਾ ਸਬੱਬ ਬਣਦਾ ਹੈ।ਸਾਡੇ ਸਭਿਆਚਾਰਕ ਇਤਿਹਾਸ ਵਿੱਚ ਪਈਆਂ ਲੋਕ-ਕਹਾਣੀਆਂ ਨੂੰ ਇਕ ਨਵੇਂ ਚੌਖਟੇ ਅਤੇ ਨਵੇਂ ਰੂਪ ਵਿੱਚ ਡਾ. ਧੁੱਗਾ ਨੇ ਪੇਸ਼ ਕਰਕੇ ਨੌਜਵਾਨ ਪੀੜ੍ਹੀ ਲਈ ਪੇਸ਼ ਕੀਤਾ ਹੈ।ਜਿਸ ਲਈ ਉਹ ਵਧਾਈ ਦੇ ਪਾਤਰ ਹਨ।ਚੰਗੀ ਲਿਖਤ ਚਾਹੇ ਉਹ ਵਾਰਤਕ ਹੋਵੇ ਜਾਂ ਕੁੱਝ ਹੋਰ ਫਿਕਸ਼ਨ ਦੀ ਛੋਹ ਨਾਲ ਰੌਚਕ ਬਣਦੀ ਹੈ ਅਤੇ ਇਹ ਪੁਸਤਕ ਫਿਕਸ਼ਨ ਨਾਲ ਭਰਪੂਰ ਹੈ।ਮੰਚ ਸੰਚਾਲਨ ਡਾ. ਹੀਰਾ ਸਿੰਘ ਨੇ ਕੀਤਾ ਅਤੇ ਵਿਭਾਗ ਦੇ ਡਾ. ਪਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਹਰਜੀਤ ਕੌਰ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਦਯਾ ਸਿੰਘ, ਡਾ. ਮਨੀਸ਼ ਕੁਮਾਰ, ਡਾ. ਜਸਬੀਰ ਸਿੰਘ, ਡਾ. ਪਰਮਜੀਤ ਸਿੰਘ ਕੱਟੂ, ਡਾ. ਚਿਰਜੀਵਨ ਕੌਰ, ਡਾ. ਗੁਰਸ਼ਿੰਦਰ ਕੌਰ, ਡਾ. ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …