ਅੰਮ੍ਰਿਤਸਰ, 4 ਦਸੰਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਨੇ ਸਟੇਟ ਪਬਲਿਕ ਸਕੂਲ ਜਲੰਧਰ ਛਾਉਣੀ ਵਿੱਚ ਹੋਏ 14ਵੇਂ ਆਲ ਇੰਡੀਆ ਸਰਦਾਰ ਦਰਸ਼਼ਨ ਸਿੰਘ ਯਾਦਗਾਰੀ ਵਾਦ-ਵਿਵਾਦ (ਡਿਬੇਟ) ਮੁਕਾਬਲੇ ਵਿੱਚ ਲਗਾਤਾਰ ਦੂਸਰੀ ਵਾਰ ਪਹਿਲਾ ਸਥਾਨ ਹਾਸਲ ਕੀਤਾ ਹੈ।ਮੁਕਾਬਲਿਆਂ ਵਿੱਚ ਪੰਜਾਬ ਦੇ 30 ਉਘੇ ਸਕੂਲਾਂ ਦੇ 60 ਵਿਦਿਆਰਥੀਆਂ ਨੇ ਭਾਗ ਲਿਆ ।
ਵਾਦ-ਵਿਵਾਦ ਦਾ ਵਿਸ਼ਾ `ਬਣਾਉਟੀ ਗਿਆਨ ਮਨੁੱਖਤਾ ਲਈ ਖ਼ਤਰਾ ਹੈ` ਸੀ।ਗਿਆਰ੍ਹਵੀਂ ਆਰਟਸ ਦੇ ਗੁਰੂਤਾ ਨੰਦਨ ਅਤੇ ਗਿਆਰਵੀਂ ਕਾਮਰਸ ਦੀ ਭਾਵਿਕਾ ਅਗਰਵਾਲ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ ਅਤੇ 10000 ਰੁਪਏ ਨਕਦ ਇਨਾਮ ਦੇ ਨਾਲ ਚਮਕਦੀ ਹੋਈ ਸ਼ਾਨਦਾਰ ਰਨਿੰਗ ਟਰਾਫ਼ੀ ਆਪਣੇ ਘਰ ਲੈ ਆਏ।ਜੱਜਾਂ ਨੇ ਉਹਨਾਂ ਦੀ ਭਾਸ਼ਣ ਕਲਾ ਅਤੇ ਰਵਾਨਗੀ ਦੀ ਪ੍ਰਸੰਸਾ ਕੀਤੀ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਦੇ ਲਈ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਤੇ ਆਪਣਾ ਅਸ਼ੀਰਵਾਦ ਦਿੱਤਾ।
ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਲਈ ਉਹਨਾਂ ਦੀ ਸਰਾਹਨਾ ਕੀਤੀ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਉਹਨਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ।