Wednesday, December 4, 2024

ਯਾਦਗਾਰੀ ਹੋ ਨਿਬੜਿਆ ਪ੍ਰੋ. ਨੌਸ਼ਹਿਰਵੀ ਸਾਹਿਤਕ ਸਮਾਗਮ

ਸਿਰਮੌਰ ਕਹਾਣੀਕਾਰ ਸੁਖਜੀਤ ਦਾ ਕੀਤਾ ਵਿਸ਼ੇਸ਼ ਸਨਮਾਨ

ਸਮਰਾਲਾ, 5 ਦਸੰਬਰ (ਇੰਦਰਜੀਤ ਸਿੰਘ ਕੰਗ)- ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਵਲੋਂ ਤੀਜ਼ਾ ਸਾਹਿਤਕ ਸਮਾਗਮ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿਖੇ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਉਘੇ ਸ਼ਾਇਰ ਪ੍ਰੋ. ਗੁਰਭਜਨ ਗਿੱਲ, ਭਾਰਤੀ ਸਾਹਿਤ ਅਕਾਦਮੀ ਦੇ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ ਅਤੇ ਪ੍ਰਧਾਨਗੀ ਮੰਡਲ ਲਈ ਕਹਾਣੀਕਾਰ ਜਤਿੰਦਰ ਹਾਂਸ, ਜਸਵੀਰ ਰਾਣਾ, ਮੁਖਤਿਆਰ ਸਿੰਘ, ਤੇਲੂ ਰਾਮ ਕੁਹਾੜਾ, ਰਾਮ ਸਰੂਪ ਰਿਖੀ ਅਤੇ ਦਲਜੀਤ ਸ਼ਾਹੀ ਪੁੱਜੇ।ਮੰਚ ਸੰਚਾਲਕ ਰਾਜਵਿੰਦਰ ਸਮਰਾਲਾ ਦੇ ਸੱਦੇ ‘ਤੇ ਯਾਦਗਾਰੀ ਕਮੇਟੀ ਦੇ ਪ੍ਰਧਾਨ ਪ੍ਰਿੰ (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ ਮੁੱਖ ਮਹਿਮਾਨ, ਸਨਮਾਨਿਤ ਸਖ਼ਸ਼ੀਅਤਾਂ, ਪ੍ਰਧਾਨਗੀ ਮੰਡਲ ਅਤੇ ਹਾਜ਼ਰੀਨ ਨੂੰ ‘ਜੀ ਆਇਆਂ’ ਆਖਦਿਆਂ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੇ ਜੀਵਨ ਅਤੇ ਸਾਹਿਤਕ ਸਫਰ ਉਪਰ ਪੰਛੀ ਝਾਤ ਪੁਆਈ।
ਸਨਮਾਨ ਰਸਮ ਸ਼ੁਰੂ ਕਰਦਿਆਂ ਰਾਜਵਿੰਦਰ ਸਮਰਾਲਾ ਨੇ ਭਾਰਤੀ ਸਾਹਿਤ ਅਕਾਦਮੀ ਦੇ ਪੁਰਸਕਾਰ ਵਿਜੇਤਾ ਸੁਖਜੀਤ ਲਈ ਕਮੇਟੀ ਵਲੋਂ ਤਿਆਰ ਕੀਤਾ ਸਨਮਾਨ ਪੱਤਰ ਪੜ੍ਹਿਆ ਅਤੇ ਮੁੱਖ ਮਹਿਮਾਨ, ਪ੍ਰਧਾਨਗੀ ਮੰਡਲ, ਮਹਿਮਾਨ ਸ਼ਾਇਰਾਂ ਅਤੇ ਯਾਦਗਾਰੀ ਕਮੇਟੀ ਵਲੋਂ ਸਨਮਾਨ-ਪੱਤਰ, ਸਨਮਾਨ-ਚਿੰਨ੍ਹ ਅਤੇ ਪੈਂਤੀ ਅੱਖਰਾਂ ਨਾਲ ਉਣੀ ਹੋਈ ਕੀਮਤੀ ਲੋਈ ਸੁਖਜੀਤ ਨੂੰ ਭੇਂਟ ਕੀਤੀ ਗਈ।ਸੁਖਜੀਤ ਨੇ ਆਪਣੇ ਸੰਬੋਧਨ ’ਚ ਆਖਿਆ ਕਿ ਸਮਰਾਲਾ ਮੇਰੀ ਜਨਮ ਭੂਮੀ ਹੈ। ਇਥੋਂ ਦੇ ਵੱਡੇ ਲੇਖਕਾਂ ਅਤੇ ਮਾਲਵਾ ਕਾਲਜ ਬੌਂਦਲੀ ਵਰਗੀ ਵਕਾਰੀ ਸੰਸਥਾ ’ਚ ਪੜ੍ਹਾਉਂਦੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਵਿਸ਼ੇਸ਼ ਤੌਰ ‘ਤੇ ਅਤੇ ਹੋਰ ਅਧਿਆਪਕਾਂ ਪਾਸੋਂ ਪ੍ਰਾਪਤ ਕੀਤੇ ਅਨੁਭਵ ਸਦਕਾ ਹੀ ਸਾਹਿਤ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ।ਇਸ ਵੱਡਮੁਲੀ ਦੇਣ ਲਈ ਉਹ ਹਮੇਸ਼ਾਂ ਸਮਰਾਲੇ ਦਾ ਰਿਣੀ ਰਹਿਣਗੇ।
ਮੁੱਖ ਮਹਿਮਾਨ ਪ੍ਰੋ. ਗੁਰਭਜਨ ਗਿੱਲ ਨੇ ‘ਅਜੋਕੇ ਸੰਦਰਭ ’ਚ ਪੰਜਾਬ ਦੀ ਸਭਿਆਚਾਰਕ ਵਿਰਾਸਤ’ ਵਿਸ਼ੇ ਬਾਰੇ ਬੋਲਦਿਆਂ ਆਖਿਆ ਕਿ ਪ੍ਰੋ. ਨੌਸ਼ਹਿਰਵੀ ਨਾਲ ਹੋਰ ਰਿਸ਼ਤਿਆਂ ਤੋਂ ਇਲਾਵਾ ਵੱਡਾ ਰਿਸ਼ਤਾ ਸ਼ਬਦ-ਸਾਂਝ ਦਾ ਸੀ। ਸਆਦਤ ਹਸਨ ਮੰਟੋ, ਲਾਲ ਸਿੰਘ ਦਿਲ, ਮਾ. ਤਰਲੋਚਨ ਸਿੰਘ ਦੇ ਸ਼ਬਦ ਸਾਡੇ ਲਈ ਪ੍ਰੇਰਣਾ ਸਰੋਤ ਹਨ।ਗੁਰੂ ਸਾਹਿਬਾਨ ਦੀ ਬਾਣੀ, ਸੂਫੀ ਕਲਾਮ ਕਿੱਸਾਕਾਰਾਂ ਅਤੇ ਸੁਹਿਰਦ ਤੇ ਉਸਾਰੂ ਸੋਚ ਦੇ ਧਾਰਨੀ ਸਾਹਿਤਕਾਰਾਂ ਦੇ ਬਚਨ ਸਾਡੀ ਵਿਰਾਸਤ ਹਨ।ਬਾਬੇ ਨਾਨਕ ਨੇ ਸਾਨੂੰ ਕਿਰਤ ਕਰਨ ਦਾ ਉਪਦੇਸ਼ ਦਿੱਤਾ ਤੇ ਅੱਜ ਅਸੀਂ ਉਸ ਨੂੰ ਭੁਲਾ ਦਿੱਤਾ ਹੈ।ਅਸੀਂ ਆਪਣਾ ਵੱਡਮੁਲਾ ਤੇ ਨਰੋਈਆਂ ਮਾਨਵੀ ਕਦਰਾਂ ਕੀਮਤਾਂ ਵਾਲਾ ਸਭਿਆਚਾਰ ਭੁਲਾ ਕੇ ਆਪਣਾ ਸਮਾਜਿਕ ਤਾਣਾ ਬਾਣਾ ਖਿੰਡਾ ਲਿਆ ਹੈ।ਅੱਜ ਜੋ ਵਿਕਾਸ ਦਾ ਰੌਲਾ ਹੈ, ਦਰਅਸਲ ਇਹ ਸਾਡਾ ਵਿਨਾਸ਼ ਹੈ, ਕਿਉਂਕਿ ਇਸ ਵਿੱਚੋਂ ਸਾਡੀ ਮਾਨਵੀ ਕਦਰਾਂ ਕੀਮਤਾਂ ਨੂੰ ਪਰਨਾਈ ਸਭਿਆਚਾਰਕ ਵਿਰਾਸਤ ਮਨਫ਼ੀ ਹੈ।ਉਨ੍ਹਾਂ ਨੇ ਮਾ. ਤਰਲੋਚਨ ਸਿੰਘ ਨਾਲ ਆਪਣੀ ਸਾਂਝ ਦਾ ਵਾਰ-ਜ਼ਿਕਰ ਕੀਤਾ ਅਤੇ ਸਮਰਾਲਾ ਹਾਕੀ ਕਲੱਬ ਦੀ ‘ਹਰਿਆਵਲ ਲਹਿਰ’ ਦੀ ਭਰਪੂਰ ਪ੍ਰਸੰਸਾ ਕੀਤੀ।ਉਪਰੰਤ ਮੁੱਖ ਮਹਿਮਾਨ ਸਮੇਤ ਸਮੁੱਚੇ ਪ੍ਰਧਾਨਗੀ ਮੰਡਲ ਨੂੰ ਯਾਦਗਾਰੀ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ।ਵੱਖ-ਵੱਖ ਸਕੂੂਲਾਂ ਦੇ 12 ਵਿਦਿਆਰਥੀਆਂ ਨੇ ਪ੍ਰੋ. ਹਮਦਰਦਵੀਰ ਦੀਆਂ ਕਵਿਤਾਵਾਂ ਦਾ ਉਚਾਰਨ ਕੀਤਾ ਅਤੇ ਉਨ੍ਹਾਂ ਨੂੰ ਕਮੇਟੀ ਦੇ ਜਨਰਲ ਸਕੱਤਰ ਹਰਜਿੰਦਰਪਾਲ ਸਿੰਘ, ਮੁੱਖ ਅਧਿਆਪਕ ਮੇਘ ਸਿੰਘ ਜਵੰਦਾ, ਇੰਦਰਜੀਤ ਸਿੰਘ ਕੰਗ, ਹਰਬੰਸ ਮਾਲਵਾ ਅਤੇ ਲਖਵੀਰ ਸਿੰਘ ਬਲਾਲਾ ਦੀ ਅਗਵਾਈ ਹੇਠ ਇਨਾਮ ਪ੍ਰਦਾਨ ਕੀਤੇ ਗਏ।
ਉਘੇ ਗ਼ਜ਼ਲਗੋਂ ਸਰਦਾਰ ਪੰਛੀ ਜੀ ਦੀ ਪ੍ਰ੍ਰਧਾਨਗੀ ’ਚ ਹੋਏ ਕਵੀ ਦਰਬਾਰ ਵਿੱਚ ਪੰਦਰਾਂ ਮਹਿਮਾਨ ਤੇ ਸਥਾਨਕ ਸ਼ਾਇਰਾਂ ਨੇ ਆਪਣੇ ਕਲਾਮ ਪੇਸ਼ ਕਰਕੇ ਸਰੋਤਿਆਂ ਨੂੰ ਘੰਟਿਆਂਬੱਧੀ ਕੀਲੀ ਰੱਖਿਆ।ਕਮੇਟੀ ਦੇ ਸਰਪ੍ਰਸਤ ਕਰਨੈਲ ਸਿੰਘ ਧਾਲੀਵਾਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਨਨਕਾਣਾ ਸਾਹਿਬ ਪਬਲਿਕ ਸਕੂੂਲ ਦੀ ਪ੍ਰਬੰਧਕੀ ਕਮੇਟੀ, ਦੀਪ ਦਿਲਬਰ ਦਾ ਪੁਸਤਕ ਪਦਰਸ਼ਨੀ, ਰਿੰਕੂ ਵਾਲੀਆ ਦਾ ਵਿਦਿਆਰਥੀਆਂ ਲਈ ਪੁਸਤਕਾਂ ਦੇਣ ਅਤੇ ਵੱਡੀ ਗਿਣਤੀ ’ਚ ਸੱਦਾ ਪ੍ਰਵਾਨ ਕਰਕੇ ਪੁੱਜੇ ਮਹਿਮਾਨ ਸਰੋਤਿਆਂ ਦਾ ਹਾਰਦਿਕ ਧੰਨਵਾਦ ਕੀਤਾ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …