Saturday, July 27, 2024

ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਮੌਕੇ ਉਚ ਪੱੱਧਰੀ ਸਮਾਗਮ ਸਮਾਪਤ

ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ ਅਤੇ ਉਹ ਸਿੰਘ ਸਭਾ ਲਹਿਰ ਦੇ ਪੈਦਾ ਕੀਤੇ ਵਿਦਵਾਨਾਂ-ਸਾਹਿਤਕਾਰਾਂ ’ਚੋਂ ਸਿਰਮੌਰ ਹਨ।ਭਾਈ ਵੀਰ ਸਿੰਘ ਖ਼ਾਲਸਾ ਟਰੈਕਟ ਸੁਸਾਇਟੀ, ਚੀਫ ਖ਼ਾਲਸਾ ਦੀਵਾਨ, ਸੈਂਟਰਲ ਖ਼ਾਲਸਾ ਯਤੀਮਖਾਨਾ, ਸਿੱਖ ਐਜ਼ੂਕੇਸ਼ਨ ਕਮੇਟੀ ਤੇ ਸੈਂਟਰਲ ਖ਼ਾਲਸਾ ਵਿਦਿਆਲਾ ਤਰਨ ਤਾਰਨ, ਗੁਰਦੁਆਰਾ ਹੇਮਕੁੰਟ ਟਰੱਸਟ, ਸੈਂਟਰਲ ਸੂਰਮਾ ਸਿੰਘ ਆਸ਼ਰਮ, ਫ੍ਰੀ ਹੋਮਿਓਪੈਥਿਕ ਹਸਪਤਾਲ ਆਦਿ ਕਈ ਪੰਥਕ ਸੰਸਥਾਵਾਂ ਦੇ ਸੰਸਥਾਪਕ ਸੰਚਾਲਕ ਤੇ ਮੈਂਬਰ ਸਨ। ਉਨ੍ਹਾਂ ਦਾ ਖ਼ਾਲਸਾ ਕਾਲਜ ਦੇ ਮੁੱਢਲੇ ਪ੍ਰਬੰਧ ’ਚ ਅਤੇ ਪੰਜਾਬ ਐਂਡ ਸਿੰਧ ਬੈਂਕ ਆਰੰਭ ਕਰਨ ’ਚ ਅਹਿਮ ਯੋਗਦਾਨ ਸੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲਾਰੈਂਸ ਰੋਡ ਸਥਿਤ ਨਿਵਾਸ ਅਸਥਾਨ ਭਾਈ ਵੀਰ ਸਿੰਘ ਵਿਖੇ ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਮੌਕੇ ਉਪ ਪ੍ਰਧਾਨ ਗੁਨਬੀਰ ਸਿੰਘ ਨੇ ਕੀਤਾ।
ਇਸ ਸਮਾਗਮ ਦੇ ਪਹਿਲੇ ਪੜ੍ਹਾਅ ’ਚ ਪ੍ਰਸਿੱਧ ਸੂਫੀ ਗਾਇਕ ਬੀਰ ਸਿੰਘ ਨੇ ਭਾਵਪੂਰਤ ਪੇਸ਼ਕਾਰੀ ਦਿੰਦਿਆਂ ਹਾਜ਼ਰ ਸਰੋਤਿਆਂ ਨੂੰ ਮੰਤਰ ਮੁੰਗਧ ਕਰ ਦਿੱਤਾ।ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਝਰ ਨੇ ਮੱਖ ਮਹਿਮਾਨ ਅਤੇ ਰਾਜਦੂਤ ਨਵਦੀਪ ਸੂਰੀ, ਬਰੈਂਪਟਨ ਤੋਂ ਅਜਾਇਬ ਸਿੰਘ ਚੱਠਾ, ਡੀ.ਜੀ.ਐਮ ਪੀ.ਐਸ.ਬੀ ਕਰਮਜੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਗੁਨਬੀਰ ਸਿੰਘ ਨੇ ਭਾਈ ਵੀਰ ਸਿੰਘ ਦੇ 150 ਸਾਲਾ ਜਨਮ ਦਿਨ ਨੂੰ ਸਮਰਪਿਤ ਸੂਬੇ ’ਚ ਵੱਖ-ਵੱਖ ਥਾਵਾਂ ’ਤੇ ਉਲੀਕੇ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਵੀਰ ਸਿੰਘ ਦੀ ਸ਼ਖ਼ਸੀਅਤ ਤੇ ਸਾਹਿਤਕ ਪ੍ਰਤਿਭਾ ਸਦਕਾ ਭਾਈ ਗੁਰਦਾਸ ਜੀ ਦੇ ਬਾਅਦ ਭਾਈ ਵੀਰ ਸਿੰਘ ਦੇ ਨਾਮ ਦਾ ਜ਼ਿਕਰ ਹੁੰਦਾ ਹੈ।ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਨੇ ਸੰਨ 1890 ’ਚ ‘ਖ਼ਾਲਸਾ ਸਮਾਚਾਰ’ ਨਾਂ ਦਾ ਹਫ਼ਤਾਵਾਰੀ ਅਖ਼ਬਾਰ ਹੋਂਦ ’ਚ ਲਿਆਂਦਾ, ਜੋ ਅੱਜ ਵੀ ਜਾਰੀ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ 1893 ’ਚ ਖ਼ਾਲਸਾ ਟਰੈਕਟ ਸੁਸਾਇਟੀ ਦੀ ਨੀਂਹ ਰੱਖੀ ਗਈ, ਜਿਸ ਨੇ ਮਾਸਿਕ ਪਰਚਾ ‘ਨਿਰਗੁਣੀਆਰਾ’ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ, ਜੋ ਨਿਰਵਿਘਨ ਪ੍ਰਕਾਸ਼ਿਤ ਹੋ ਰਿਹਾ ਹੈ।
ਗੁਨਬੀਰ ਸਿੰਘ ਨੇ ਯਾਦਗਾਰ ਭਾਈ ਵੀਰ ਸਿੰਘ ਮੈਮੋਰੀਅਲ ਨਿਵਾਸ ਅਸਥਾਨ ’ਚ ਮੌਜ਼ੂਦ ਉਨ੍ਹਾਂ ਦੀਆਂ ਪੁਰਾਤਨ ਵਸਤੂਆਂ ਜ਼ਿਕਰ ਕਰਦਿਆਂ ਕਿਹਾ ਕਿ ਸੋਸਾਇਟੀ ਜਿੱਥੇ ਉਨ੍ਹਾਂ ਦੀਆਂ ਅਨਮੋਲ ਵਸਤੂਆਂ ਦੇ ਰੱਖ-ਰਖਾਅ ਸਬੰਧੀ ਵਚਨਬੱਧ ਹੈ, ਉਥੇ ਇੱਥੇ ਇਕ ਗੁਰਦੁਆਰਾ ਸਾਹਿਬ ਸਥਾਪਿਤ ਹੈ।ਇਸ ਦੇ ਨਾਲ ਭਾਈ ਵੀਰ ਸਿੰਘ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਹੈ, ਜੋ ਕਿ ਦੇਸ਼ ਵਿਦੇਸ਼ ਤੋਂ ਆਉਂਦੇ ਸੈਲਾਨੀਆਂ ਅਤੇ ਸਾਹਿਤ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਹੈ।
ਨਿੱਝਰ ਨੇ ਕਿਹਾ ਕਿ ਭਾਈ ਵੀਰ ਸਿੰਘ ਇਕ ਮਹਾਨ ਕਵੀ ਤੇ ਦਾਰਸ਼ਨਿਕ ਵਿਦਵਾਨ ਸਨ।ਉਨ੍ਹਾਂ ਕਿਹਾ ਕਿ ਭਾਈ ਸਾਹਿਬ ਨੇ ਪੰਜਾਬੀ ਸਾਹਿਤ ਨੂੰ ਪ੍ਰੰਪਰਾਵਾਦੀ ਲੀਂਹਾਂ ਤੋਂ ਆਧੁਨਿਕ ਲੀਂਹਾਂ ’ਤੇ ਲਿਆਂਦਾ, ਜਿਸ ਕਰਕੇ ਇਨਾਂ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਰਚੇਤਾ ਵੀ ਕਿਹਾ ਜਾਂਦਾ ਹੈ।ਭਾਈ ਵੀਰ ਸਿੰਘ’ ਵੱਲੋਂ ਆਪਣੀ ਕਵਿਤਾ ਨੂੰ ਸਿੱਖ ਧਰਮ ਤੇ ਗੁਰਮਤਿ ਫਿਲਾਸਫੀ ਨਾਲ ਜੋੜਣ ਕਰਕੇ ਇਨ੍ਹਾਂ ਨੂੰ ‘ਭਾਈ ਜੀ’ ਕਿਹਾ ਜਾਣ ਲੱਗਿਆ।ਉਨ੍ਹਾਂ ਕਿਹਾ ਕਿ ਭਾਈ ਜੀ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ, ਇਤਿਹਾਸ, ਜੀਵਨੀਆਂ, ਲੇਖਾਂ ਤੇ ਸਾਖੀਆਂ ਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਉਨ੍ਹਾਂ ਕਿਹਾ ਕਿ ਭਾਈ ਸਾਹਿਬ ਨੂੰ ਅੱਜ ਦੇ ਸਿਰਲੇਖ ਹੇਠ ਕਰਵਾਏ ਗਏ ਸਮਾਗਮ ‘ਮੇਰੇ ਸਾਈਆਂ ਜੀਓ’ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨ ਪ੍ਰਾਪਤ ਹੋਇਆ।1949 ’ਚ ਪੰਜਾਬੀ ਯੂਨੀਵਰਸਿਟੀ ਵਲੋਂ ਉਨ੍ਹਾਂ ਦੀਆਂ ਸਾਹਿਤਕ ਕਿਰਤਾਂ ਦੇ ਸਤਿਕਾਰ ਵਜੋਂ ‘ਡਾਕਟਰ ਆਫ ਓਰੀਐਂਟਲ ਲਿਟਰੇਚਰ’ ਦੀ ਡਿਗਰੀ ਪ੍ਰਦਾਨ ਕੀਤੀ ਗਈ। ਬੰਬਈ ਵਿਖੇ ਸਰਬ ਹਿੰਦ ਸਿੱਖ ਵਿੱਦਿਅਕ ਕਾਨਫਰੰਸ ਦੌਰਾਨ ‘ਅਭਿਨੰਦਨ ਗ੍ਰੰਥ’ ਭੇਟ ਕੀਤਾ ਗਿਆ।ਇਸੇ ਹੀ ਸਾਲ ਉਨ੍ਹਾਂ ਨੂੰ ਪੰਜਾਬ ਲੈਜਿਸਲੇਟਿਵ ਕੌਂਸਲ ਦਾ ਸਰਕਾਰੀ ਤੌਰ ’ਤੇ ਮੈਂਬਰ ਨਾਮਜ਼ਦ ਕੀਤਾ ਗਿਆ।ਭਾਈ ਸਾਹਿਬ ਨੂੰ 1956 ’ਚ ਭਾਰਤ ਸਰਕਾਰ ਵਲੋਂ ਪਦਮ ਭੂਸ਼ਣ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਦਿੱਲੀ ਸਦਨ ਦੇ ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ, ਸੁਖਬੀਰ ਕੌਰ ਮਾਹਲ, ਜਸਵਿੰਦਰ ਸਿੰਘ ਜੱਸੀ ਆਦਿ ਨੇ ਵੀ ਸ਼ਿਰਕਤ ਕੀਤੀ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …