ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਅਤੇ ਅੱਖਰ ਸਾਹਿਤ ਅਕਾਦਮੀ ਵਲੋਂ ਉਪ-ਕੁਲਪਤੀ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਅਗਵਾਈ ਅਧੀਨ ਡਾ. ਗੁਰਪ੍ਰੀਤ ਸਿੰਘ ਧੁੱਗਾ ਦੀ ਪੁਸਤਕ ‘ਚਾਲੀ ਦਿਨ’ ਉਤੇ ਵਿਚਾਰ-ਗੋਸ਼ਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੀ ਗਈ।
ਇਸ ਵਿੱਚ ਮੁੱਖ ਵਕਤਾ ਨਾਮਵਰ ਅਦਬੀ ਸਖ਼ਸ਼ੀਅਤ ਡਾ. ਮਨਮੋਹਨ ਸਿੰਘ (ਆਈ.ਪੀ.ਐਸ) ਸਨ ਜਦੋਂਕਿ ਡਾ. ਪਲਵਿੰਦਰ ਸਿੰਘ (ਪ੍ਰੋਫ਼ੈਸਰ ਇੰਚਾਰਜ਼ ਪ੍ਰੀਖਿਆਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਦਾ ਪੌਦੇ ਅਤੇ ਫੁੱਲਕਾਰੀ ਭੇਟ ਕਰ ਕੇ ਸਵਾਗਤ ਕੀਤਾ ਗਿਆ।
ਇਸ ਉਪਰੰਤ ਡਾ. ਮਨਜਿੰਦਰ ਸਿੰਘ ਹੁਰਾਂ ਚਰਚਾ ਦਾ ਆਗਾਜ਼ ਕਰਦੇ ਹੋਏ ਕਿਹਾ ਕਿ ਲੇਖਕ ਨੇ ਪੁਸਤਕ ‘ਚਾਲੀ ਦਿਨ’ ਲਿਖਣ ਤੋਂ ਪਹਿਲਾਂ ਸਮੁੱਚੇ ਵਿਸ਼ਵ ਸਾਹਿਤ ਦਾ ਵਿਸਤ੍ਰਿਤ ਅਧਿਐਨ ਕੀਤਾ ਜਾਪਦਾ ਹੈ। ਇਸ ਸੰਬਾਦਾਤਾਮਕ ਪੁਸਤਕ ਦੀਆਂ ਰਚਨਾਤਮਕ ਜੜ੍ਹਾਂ ਖ਼ਲੀਲ ਜਿਬਰਾਨ ਦੀ ਪੁਸਤਕ ‘ਪੈਗੰਬਰ’, ਨਾਗਸੈਨ ਕ੍ਰਿਤ “ਮਿਲਿੰਦ ਪ੍ਰਸ਼ਨ” ਅਤੇ ਗੁਰੂ ਨਾਨਕ ਦੇਵ ਜੀ ਰਚਿਤ “ਸਿੱਧ ਗੋਸ਼ਟਿ” ਵਰਗੀਆਂ ਸ਼ਾਹਕਾਰ ਰਚਨਾਵਾਂ ਵਿੱਚ ਪਈਆਂ ਹੋਈਆਂ ਹਨ।ਇਹ ਪੁਸਤਕ ਮਨੁੱਖ ਅੰਦਰੂਨੀ ਅਤੇ ਬਾਹਰੀ ਜਗਤ ਵਿੱਚਲੇ ਤਨਾਓ ਨੂੰ ਰੂਪਮਾਨ ਕਰਦੀ ਹੋਈ ਸੰਜ਼ੀਦਾ ਸਾਹਿਤ ਵਾਂਗ ਅਕਸਰ ਆਪਣੇ ਪੂਰਵ-ਨਿਰਧਾਰਿਤ ਵਿਧਾਗਤ ਚੌਖਟੇ ਤੋਂ ਪਾਰ ਫੈਲ ਜਾਂਦੀ ਹੈ।
ਇਸ ਤੋਂ ਬਾਅਦ ਡਾ. ਪਲਵਿੰਦਰ ਸਿੰਘ ਨੇ ਸਰੋਤਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ‘ਚਾਲੀ ਦਿਨ’ ਪੁਸਤਕ, ਸਾਹਿਤ ਦੇ ਤ੍ਰੈਕਾਲੀ ਚਰਿੱਤਰ ਦੇ ਧਾਰਨੀ ਹੋਣ ਦੀ ਵਿਸ਼ੇਸ਼ਤਾ ਨੂੰ ਸਾਬਿਤ ਕਰਦੀ ਹੈ।ਉਹਨਾਂ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਦੀ ਸ਼ਦੀਦ ਲੋੜ ਹੈ।ਇਸ ਨਾਲ ਹੀ ਪੰਜਾਬੀ ਜ਼ੁਬਾਨ ਆਪਣਾ ਮਾਣਮੱਤਾ ਮਰਤਬਾ ਪ੍ਰਾਪਤ ਕਰ ਸਕਦੀ ਹੈ।
ਵਿਚਾਰ-ਗੋਸ਼ਟੀ ਦੇ ਅਗਲੇ ਹਿੱਸੇ ਵਿੱਚ ਡਾ. ਮਨਮੋਹਨ ਸਿੰਘ ਨੇ ਮੁਖ਼ਾਤਿਬ ਹੁੰਦੇ ਹੋਏ ਕਿਹਾ ਕਿ ਪੁਸਤਕ ‘ਚਾਲੀ ਦਿਨ’ ਦੀ ਕਥਾਸਾਜ਼ੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਬਿਰਤਾਂਤ ਸ਼ਾਸਤਰ ਦੇ ਪ੍ਰਮੁੱਖ ਨੁਕਤਿਆਂ ਨੂੰ ਬੜੇ ਕਲਾਤਮਕ ਅੰਦਾਜ਼ ਵਿੱਚ ਆਪਣੇ ਵਿੱਚ ਸਮੇਟਦੀ ਹੈ।ਕਿਤਾਬ ਦੇ ਅਧਿਐਨ ਤੋਂ ਪੂਰਵ ਲੇਖਕ, ਬਿਰਤਾਂਤਕਾਰ ਅਤੇ ਚਰਿੱਤਰ ਦੇ ਸੰਕਲਪਾਂ ਵਿੱਚਲੇ ਮਹੀਨ ਅੰਤਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ।ਇਸ ਸੰਦਰਭ ‘ਚ ਇਸ ਨੂੰ ਦਾਰਸ਼ਨਿਕ ਵਾਰਤਕ ਦਾ ਬਿਰਤਾਂਤ ਕਹਿਣਾ ਹੀ ਮੁਨਾਸਿਬ ਹੋਵੇਗਾ।ਉਹਨਾਂ ਕਿਹਾ ਕਿ ਭਾਵੇਂ ਇਹ ਰਚਨਾ ਦਰਸ਼ਨ-ਸ਼ਾਸਤਰ ਦੇ ਇਤਿਹਾਸਿਕ ਪਿਛੋਕੜ ਨੂੰ ਕਈ ਵਾਰੀ ਖੰਡਿਤ ਵੀ ਕਰਦੀ ਹੈ, ਪ੍ਰੰਤੂ ਇਸ ਦੇ ਬਾਵਜ਼ੂਦ ਵੀ ਯਾਤਰਾ ਨਾਲ ਸੰਬੰਧਿਤ ਸਾਹਿਤ ਵਿੱਚ ਇਹ ਪੁਸਤਕ ਇਕ ਪੜ੍ਹਨਯੋਗ ਕ੍ਰਿਤ ਹੈ।
ਡਾ. ਪ੍ਰਵੀਨ ਕੁਮਾਰ, ਸਹਾਇਕ ਪ੍ਰੋਫ਼ੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕਿਹਾ ਕਿ ਸ਼੍ਰੇਣੀ ਦੀ ਦ੍ਰਿਸ਼ਟੀ ਤੋਂ ਇਸ ਪੁਸਤਕ ਦੀ ਚੇਤਨਾ ਆਧੁਨਿਕ ਕਾਲ ਦੀ ਜਗ੍ਹਾ ਮੱਧਕਾਲ ਦੀ ਪ੍ਰਵਿਰਤੀ ਨਾਲ ਵਧੇਰੇ ਤਾਅਲੁੱਕ ਰੱਖਦੀ ਹੈ, ਏਸੇ ਲਈ ਹੀ ਇਸਦਾ ਫੈਲਾਉ ਯਥਾਰਥ ਦੀ ਥਾਂ ਕਲਪਨਾ ਵਿੱਚ ਵਧੇਰੇ ਹੁੰਦਾ ਹੈ।ਇਸ ਦਾ ਬਿਰਤਾਂਤ ਚੱਕਰਮੁਖੀ ਪ੍ਰਕਿਰਤੀ ਦਾ ਹੋਣ ਕਾਰਨ ਇਹ ਕਿਤਾਬ ਵਿਚਾਰਧਾਰਾ ਤੋਂ ਮੁਕਤ ਹੋਣ ਦਾ ਸੱਦਾ ਦਿੰਦੀ ਹੈ।ਚਰਚਾ ਵਿੱਚ ਯੋਗਦਾਨ ਪਾਉਂਦਿਆਂ ਡਾ. ਵਿਕਰਮ ਹੁਰਾਂ ਇਸ ਨੂੰ ਲੋਕਧਾਰਾ ਦਾ ਕੋਸ਼ ਕਰਾਰ ਦਿੰਦਿਆਂ ਕਿਹਾ ਕਿ ਇਹ ਰਚਨਾ ਆਪਣੇ ਆਪ ਵਿੱਚ ਕਈ ਲੋਕਧਾਰਾਈ ਰੂਪਾਂ ਦਾ ਸੰਗ੍ਰਹਿ ਹੈ।ਇਸ ਤੋਂ ਬਾਅਦ ਵਿਸ਼ਾਲ ਬਿਆਸ ਨੇ ਕਿਹਾ ਕਿ ਇਹ ਕਿਤਾਬ ਅਜੋਕੇ ਰੁਝੇਵੇਂ ਭਰੇ ਜੀਵਨ ਵਿੱਚ ਇਕ ਸਧਾਰਨ ਮਨੁੱਖ ਅੰਦਰ ਗੁਰੂ ਦੀ ਤਲਬ ਪੈਦਾ ਕਰਦੀ ਹੈ।ਸੁਰਿੰਦਰ ਸੁੰਨੜ ਨੇ ਕਿਹਾ ਕਿ ਇਹ ‘ਚਾਲੀ ਦਿਨ’ ਹੀ ਨਹੀਂ ਬਲਕਿ ਚਾਲੀ ਸੰਵਾਦ ਵੀ ਹਨ।ਪੁਸਤਕ ਦੇ ਲੇਖਕ ਡਾ. ਗੁਰਪ੍ਰੀਤ ਸਿੰਘ ਧੁਗਾ ਨੇ ਸਵੈ-ਕਥਨ ਦੇ ਅੰਤਰਗਤ ਕਿਹਾ ਕਿ ਇਸ ਰਚਨਾ ਬਾਰੇ ਪਾਠਕਾਂ ਅਤੇ ਵਿਦਵਾਨਾਂ, ਦੋਹਾਂ ਧਿਰਾਂ ਦਾ ਭਰਵਾਂ ਹੁੰਗਾਰਾ ਮੇਰੀ ਹੌਂਸਲਾ ਅਫਜ਼ਾਈ ਕਰਦਾ ਹੈ।ਇਹ ਕਿਤਾਬ ਹੱਡਬੀਤੀ ਨੂੰ ਹੀ ਬਿਆਨ ਕਰਦੀ ਹੈ।ਇਸ ਲਈ ਇਸ ਪੁਸਤਕ ਨੂੰ ਤਮਾਮ ਪੂਰਵ-ਨਿਸ਼ਚਿਤ ਧਾਰਨਾਵਾਂ ਤੋਂ ਮੁਕਤ ਹੋ ਕੇ ਇਕ ਵਿਲੱਖਣ ਸਿਰਜਨਾਤਮਕ ਪ੍ਰਯੋਗ ਵਜੋਂ ਵੇਖਣਾ ਚਾਹੀਦਾ ਹੈ।
ਅੰਤ ‘ਚ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਪਵਨ ਕੁਮਾਰ ਨੇ ਡਾ. ਮਨਮੋਹਨ ਸਿੰਘ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਦੀ ਭੂਮਿਕਾ ਡਾ. ਬਲਜੀਤ ਰਿਆੜ ਨੇ ਬਾਖ਼ੂਬੀ ਨਿਭਾਈ।ਇਸ ਸਮਾਗਮ ਵਿਚ ਪੰਜਾਬੀ ਸਾਹਿਤ ਜਗਤ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਅਰਤਿੰਦਰ ਸੰਧੂ, ਸੁਰਿੰਦਰ ਸਿੰਘ ਸੁੰਨੜ, ਦਲਵਿੰਦਰ ਯੂ.ਕੇ, ਸੁਰਿੰਦਰ ਸੀਰਤ, ਸੰਸਕ੍ਰਿਤ ਵਿਭਾਗ ਤੋਂ ਡਾ. ਵਿਸ਼ਾਲ ਭਾਰਦਵਾਜ, ਡਾ. ਰੇਨੂੰ ਭਾਰਦਵਾਜ, ਉਰਦੂ ਵਿਭਾਗ ਤੋਂ ਡਾ. ਰੇਹਾਨ ਹਸਨ, ਡਾ. ਸੁਖਬੀਰ ਕੌਰ ਮਾਹਲ, ਡਾ. ਸਰਘੀ, ਭਾਸ਼ਾ ਵਿਭਾਗ ਪੰਜਾਬ ਤੋਂ ਡਾ. ਹਰਜੀਤ ਸਿੰਘ ,ਡਾ. ਸਤਿੰਦਰ ਕੌਰ, ਪੂਰਨ ਪਿਆਸਾ, ਸਤਪਾਲ ਸਿੰਘ ਸੋਖੀ, ਮੋਹਨ ਬੇਗੋਵਾਲ ਆਦਿ ਨੇ ਸ਼ਿਰਕਤ ਕੀਤੀ। ਇਸ ਸਮੇਂ ਡਾ. ਹਰਿੰਦਰ ਸੋਹਲ, ਡਾ. ਚੰਦਨਪ੍ਰੀਤ ਸਿੰਘ, ਡਾ. ਕੰਵਲਦੀਪ ਕੌਰ, ਡਾ. ਜਸਪਾਲ ਸਿੰਘ, ਡਾ. ਇੰਦਰਪ੍ਰੀਤ ਕੌਰ, ਡਾ. ਅਸ਼ੋਕ ਭਗਤ, ਡਾ. ਅੰਜ਼ੂ ਬਾਲਾ ਅਤੇ ਵੱਡੀ ਗਿਣਤੀ ਵਿੱਚ ਖੋਜ਼ ਅਤੇ ਹੋਰ ਵਿਦਿਆਰਥੀ ਹਾਜ਼ਰ ਸਨ।
Check Also
ਸ਼ਾਹਬਾਜ਼ ਸਿੰਘ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿੱਜੀ ਸਕੱਤਰ
ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …