Thursday, May 29, 2025
Breaking News

ਖ਼ਾਲਸਾ ਕਾਲਜ ਵਿਖੇ ‘ਵਰਮੀ ਕੰਪੋਸਟਿੰਗ ਅਤੇ ਲਾਭ’ ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਵਰਮੀਕੰਪੋਸਟਿੰਗ ਇਕ ਕੁਦਰਤੀ ਕਿਰਿਆ ਹੈ, ਜਿਸ ’ਚ ਗੰਡੋਏ ਗੋਬਰ, ਰਸੋਈ ’ਚ ਸਬਜ਼ੀਆਂ ਦੀ ਰਹਿੰਦ-ਖੁੰਹਦ ਆਦਿ ਨੂੰ ਖਾ ਕੇ ਕੰਪੋਸਟ, ਖਾਦ ’ਚ ਬਦਲ ਦਿੰਦੇ ਹਨ।ਗੰਡੋਏ ਕਿਸਾਨਾਂ ਦੇ ਮਿੱਤਰ ਹਨ ਤੇ ਇਸ ਤੋਂ ਮਿਲਣ ਵਾਲੀ ਖਾਦ ਨੂੰ ਕਾਲਾ ਸੋਨਾ ਵੀ ਕਹਿੰਦੇ ਹਨ।ਇਹ ਪ੍ਰਗਟਾਵਾ ਖ਼ਾਲਸਾ ਕਾਲਜ ਵਿਖੇ ਪਿ੍ਰੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ‘ਵਰਮੀ ਕੰਪੋਸਟਿੰਗ ਵਿਧੀ ਅਤੇ ਲਾਭ’ ਵਿਸ਼ੇ ’ਤੇ ਕਰਵਾਈ ਗਈ ਵਰਕਸ਼ਾਪ ਮੌਕੇ ਸਬੰਧਿਤ ਮਾਹਿਰਾਂ ਦੁਆਰਾ ਕੀਤਾ ਗਿਆ।
ਉਕਤ 8 ਰੋਜ਼ਾ ਵਰਕਸ਼ਾਪ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਕਰਵਾਈ ਗਈ, ਜਿਸ ’ਚ ਜ਼ਿਲੇ੍ਹ ਦੇ ਕਰੀਬ 350 ਸਰਕਾਰੀ ਸਕੂਲ ਅਧਿਆਪਕਾਂ ਨੂੰ ਗੰਡੋਇਆ ਖਾਦ ਬਣਾਉਣ ਦੀ ਸਿਖਲਾਈ ਦਿੱਤੀ ਗਈ।
ਡਾ. ਮਹਿਲ ਸਿੰਘ ਨੇ ਪੰਜਾਬ ਦੇ ਖੇਤੀਬਾੜੀ ਮਾਹੌਲ ਦੀਆਂ ਮੁੱਖ ਤਬਦੀਲੀਆਂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਗੋਬਰ, ਗਲੇ-ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ-ਖੁੰਹਦ, ਨੀਮਾਟੋਡ, ਬੈਕਟੀਰੀਆ, ਉਲੀ ਆਦਿ ਨੂੰ ਖਾਂਦੇ ਹਨ ਅਤੇ ਹਵਾ, ਪਾਣੀ ਤੇ ਛਾਂ ’ਚ ਗੰਡੋਏ ਜੈਵਿਕ ਕਚਰੇ ਨੂੰ ਗਲਨ-ਸੜਨ ’ਚ ਸਹਾਇਤਾ ਕਰਦੇ ਹਨ।ਇਹ ਸਾਰੀ ਪ੍ਰੀਕ੍ਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮੁੱਖ ਮਾਹਿਰ ਪ੍ਰੋ: (ਡਾ.) ਸਰੋਜ ਅਰੋੜਾ ਅਤੇ ਕਿਸਾਨ ਵਿਕਾਸ ਕੇਂਦਰ ਨਾਗ ਕਲਾਂ ਤੋਂ ਡਾ. ਰਾਜਨ ਭੱਟ ਨੇ ਅਧਿਆਪਕਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਗੰਡੋਏ ਗੌਬਰ, ਸਬਜ਼ੀਆਂ ਤੇ ਖੇਤੀਬਾੜੀ ਰਹਿੰਦ-ਖੂੰਹਦ ਨੂੰ ਖਾ ਕੇ ਵਧੀਆ ਕੰਪੋਸਟ ’ਚ ਬਦਲ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਗੋਬਰ, ਛਾਂ ਅਤੇ ਹਵਾਦਾਰ ਜਗ੍ਹਾ, ਪਾਣੀ ਅਤੇ ਗੰਡੋਏ ਮੁੱਢਲੇ ਤੌਰ ’ਤੇ ਵਰਮੀਕੰਪੋਸਟਿੰਗ ਦੀਆਂ 4 ਲੋੜਾਂ ਹੁੰਦੀਆਂ ਹਨ।ਵਰਮੀਕੰਪੋਸਟਿੰਗ ’ਚ ਇਸੀਨੀਆ ਫਿਟੀਡਾ ਜਾਂ ਯੂਡਰੀਲਸ ਯੂਜੀਨਿਆਂ ਖਾਸ ਤਰ੍ਹਾਂ ਦੇ ਗੰਡੋਏ ਵਰਤੇ ਜਾਂਦੇ ਹਨ।ਇਹ ਛੋਟੇ ਆਕਾਰ ਦੇ ਭੂਮੀ ਦੀ ਉਪਰਲੀ ਤਹਿ ’ਤੇ ਰਹਿਣ ਵਾਲੇ ਹਨ।ਇਨ੍ਹਾਂ ਦੀ ਕਾਰਜਸ਼ੀਲਤਾ ਅਤੇ ਜੀਵਨਕਾਲ ਘੱਟ ਹੁੰਦਾ ਹੈ।ਪਰ ਪ੍ਰਜਣਨ ਦਰ ਜਿਆਦਾ ਹੁੰਦੀ ਹੈ।ਇਹ ਕਰੀਬ 28 ਮਹੀਨ੍ਹਿਆਂ ਤੱਕ ਜਿਉਂਦੇ ਰਹਿ ਸਕਦੇ ਹਨ।ਇਹ ਕਾਰਬਨਿਕ ਪਦਾਰਥਾਂ ਨੂੰ 90 ਪ੍ਰਤੀਸ਼ਤ ਅਤੇ ਮਿੱਟੀ ਨੂੰ 10 ਫ਼ੀਸਦੀ ਖਾਂਦੇ ਹਨ।ਇਨ੍ਹਾਂ ਦੀ ਕਾਰਜਸ਼ੀਲਤਾ 25-30 ਡਿਗਰੀ ਸੈਂਟਂਗ੍ਰੇਡ ਤਾਪਮਾਨ ਅਤੇ 30-40 ਪ੍ਰਤੀਸ਼ਤ ਨਮੀ ’ਚ ਠੀਕ ਰਹਿੰਦੀ ਹੈ।
ਵਰਕਸ਼ਾਪ ਦੌਰਾਨ ਜੂਆਲੋਜ਼ੀ ਵਿਭਾਗ ਦੇ ਮੁੱਖੀ ਡਾ. ਜਸਜੀਤ ਕੌਰ ਰੰਧਾਵਾ ਪ੍ਰੋਗਰਾਮ ਕੋਆਰਡੀਨੇਟਰ ਅਤੇ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਜਸਵਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਸੂਬੇ ਦੇ ਕਿਸਾਨਾਂ ਨੂੰ ਉਕਤ ਵਿਧੀ ਸਬੰਧੀ ਉਚਿੱਤ ਗਿਆਨ ਹਾਸਲ ਕਰਕੇ ਇਸ ਨੂੰ ਅਪਨਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਤੋਂ ਬਣੀ ਖਾਦ ਨਾਲ ਪੌਦੇ ਦੇ ਵਾਧੇ ਅਤੇ ਫ਼ਸਲਾਂ ਦੀ ਪੈਦਾਵਾਰ ’ਚ ਵਾਧਾ ਹੋਣ ਦੇ ਨਾਲ-ਨਾਲ ਮਿੱਟੀ ਦੀ ਭੌਤਿਕ ਬਣਤਰ ’ਚ ਸੁਧਾਰ, ਪੌਦੇ ਦੀਆਂ ਜੜ੍ਹਾਂ ਦਾ ਵਿਕਾਸ, ਮਿੱਟੀ ਦੀ ਪਾਣੀ ਰੱਖਣ ਦੀ ਸਮਰੱਥਾ ’ਚ ਵਾਧਾ, ਜੈਵਿਕ ਕਚਰੇ ਦਾ ਖਾਤਮਾ, ਮਿੱਟੀ ਦੀ ਉਪਜਾਊ ਸ਼ਕਤੀ ’ਚ ਵਾਧਾ, ਮਿੱਟੀ ’ਚ ਸੂਖਮ-ਜੀਵਾਣੂਆਂ ਦੀ ਭਰਮਾਰ, ਜ਼ਹਿਰਲੇ ਰਸਾਇਣਾਂ ਤੋਂ ਮੁਕਤੀ, ਪੌਸ਼ਟਿਕ ਤੱਤਾਂ ਦੀ ਭਰਮਾਰ ਅਤੇ ਪੌਦਿਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਆਦਿ ਫ਼ਾਇਦੇ ਮਿਲਦੇ ਹਨ।ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਸਿੰਘ ਭਾਟੀਆ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਸਰਟੀਫ਼ਿਕੇਟ ਤਕਸੀਮ ਕੀਤੇ।
ਇਸ ਮੌਕੇ ਡਾ. ਜ਼ੋਰਾਵਰ ਸਿੰਘ, ਡਾ. ਅਮਨਦੀਪ ਸਿੰਘ, ਡਾ. ਰਣਦੀਪ ਸਿੰਘ, ਡਾ. ਰਾਜਬੀਰ ਕੌਰ, ਡਾ. ਸਤਿੰਦਰ ਕੌਰ ਪਨੂੰ, ਗੁਰਪ੍ਰ੍ਰੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।

 

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …