Friday, August 1, 2025
Breaking News

ਈ.ਟੀ.ਓ ਨੇ 29 ਲੱਖ ਦੀ ਲਾਗਤ ਨਾਲ ਬਣਨ ਵਾਲੇ ਥਾਪਰ ਮਾਡਲ ਛੱਪੜਾਂ ਦੀ ਕੀਤੀ ਸ਼ੁਰੂਆਤ

ਕਿਹਾ, ਸਾਰੇ ਪਿੰਡਾਂ ਵਿੱਚ ਥਾਪਰ ਮਾਡਲ ਅਤੇ ਖੇਡ ਮੈਦਾਨ ਹੋਣਗੇ

ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪਿੰਡ ਕਿਲਾ ਜੀਵਨ ਸਿੰਘ ਵਾਲਾ ਤੇ ਦੇਵੀਦਾਸਪੁਰਾ ਵਿਖੇ ਥਾਪਰ ਮਾਡਲ ਨਾਲ ਬਣਨ ਵਾਲੇ ਛੱਪੜਾਂ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ।
ਉਨ੍ਹਾਂ ਕਿਹਾ ਕਿ ਪਿੰਡ ਦੇ ਛੱਪੜ ਦਾ ਨਵੀਨੀਕਰਨ ਥਾਪਰ ਮਾਡਲ ਦੇ ਆਧਾਰ ’ਤੇ ਕੀਤਾ ਜਾਣਾ ਹੈ, ਜਿਸ ’ਤੇ ਕਰੀਬ 29 ਲੱਖ ਦੀ ਲਾਗਤ ਆਵੇਗੀ ਜਿਸ ਨਾਲ ਪਿੰਡ ਵਾਸੀਆਂ ਨੂੰ ਛੱਪੜ ਦੀ ਗੰਦਗੀ ਤੋਂ ਰਾਹਤ ਮਿਲੇਗੀ।ਉਨ੍ਹਾਂ ਕਿਹਾ ਕਿ ਸੋਧੇ ਹੋਏ ਪਾਣੀ ਨੂੰ ਸਿੰਜਾਈ ਲਈ ਵਰਤਿਆ ਜਾਵੇਗਾ ਤੇ ਖੇਤਾਂ ਨੂੰ ਪਾਇਪਲਾਈਨ ਪਾਈ ਜਾਵੇਗੀ ਤਾਂ ਜੋ ਸੋਧਿਆ ਹੋਇਆ ਪਾਣੀ ਖੇਤਾਂ ਲਈ ਵਰਤਿਆ ਜਾ ਸਕੇ।ਮੰਤਰੀ ਈ.ਟੀ.ਓ ਨੇ ਆਖਿਆ ਕਿ ਕੋਈ ਵੀ ਪਿੰਡ ਥਾਪਰ ਮਾਡਲ, ਖੇਡ ਮੈਦਾਨ ਤੇ ਕਮਿਊਨਿਟੀ ਹਾਲ ਵਲੋਂ ਨਹੀਂ ਰਹਿਣ ਦਿੱਤਾ ਜਾਵੇਗਾ, ਇਹ ਸਹੂਲਤ ਹਰ ਪਿੰਡ ਵਿੱਚ ਦਿੱਤੀ ਜਾਵੇਗੀ।
ਉਨ੍ਹਾਂ ਆਖਿਆ ਕਿ ਪੰਜਾਬ ਸੂਬਾ ਡਾਰਕ ਜ਼ੋਨ ਵਿੱਚ ਹੈ।ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ, ਇਸ ਲਈ ਪੰਜਾਬ ਸਰਕਾਰ ਵਲੋਂ ਇਸ ਵਾਰ ਨਹਿਰੀ ਪਾਣੀ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ।ਇਸ ਤੋਂ ਇਲਾਵਾ ਨਹਿਰੀ ਖਾਲਾਂ ਨੂੰ ਬਹਾਲ ਕੀਤਾ ਗਿਆ ਹੈ ਅਤੇ ਪਾਇਪਲਾਈਨ ਪ੍ਰੋਜੈਕਟਾਂ ’ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ ਤਾਂ ਜੋ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਹੋ ਸਕੇ।
ਉਨ੍ਹਾਂ ਕਿਹਾ ਕਿ ਸੂਬੇ ਦੀ ਨੌਜਵਾਨੀ ਨੂੰ ਖੇਡਾਂ ਵੱਲ ਮੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲਈ ਕੌਮਾਂਤਰੀ ਪੱਧਰ ’ਤੇ ਤਗਮੇ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਸਿੱਧੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਏਸ਼ੀਆਈ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਵਲੋਂ ਬੇਹਤਰੀਨ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜੋ ਸੂਬੇ ਲਈ ਮਾਣ ਵਾਲੀ ਗੱਲ ਹੈ।ਕੈਬਨਿਟ ਮੰਤਰੀ ਨੇ ਪਿੰਡ ਵਡਾਲੀ ਡੋਗਰਾਂ ਵਿਖੇ ਗਲੀਆਂ, ਫਿਰਨੀ ਅਤੇ ਪੰਚਾਇਤ ਘਰ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਸਤਿੰਦਰ ਸਿੰਘ, ਬਲਾਕ ਪ੍ਰਧਾਨ ਕਵਲਜੀਤ ਧਾਰੜ, ਬੀ.ਡੀ.ਪੀ.ਓ, ਐਕਸੀਅਨ ਮਨਿੰਦਰ, ਸੂਬੇਦਾਰ ਛਨਾਖ ਸਿੰਘ ਚੇਅਰਮੈਨ ਅਤੇ ਵੱਡੀ ਗਿਣਤੀ ਇਲਾਕਾ ਵਾਸੀ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …