250 ਵਿਅਕਤੀਆਂ ਨੂੰ ਮਿਲੇਗਾ ਰੋਜ਼ਗਾਰ
ਅੰਮ੍ਰਿਤਸਰ, 13 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਕਾਰੋਬਾਰ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਸਹੂਲਤਾਂ ਆਨਲਾਈਨ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਉਦਯੋਗਪਤੀਆਂ ਨੂੰ ਦਫ਼ਤਰ ਦੇ ਚੱਕਰ ਨਹੀਂ ਮਾਰਨੇ ਪੈਂਦੇ।ਇਹ ਸਾਰੀਆਂ ਸਹੂਲਤਾਂ ਇਕੋ ਹੀ ਖਿੜਕੀ ਰਾਹੀਂ ਦੇ ਦਿੱਤੀਆਂ ਜਾਂਦੀਆਂ ਹਨ।ਇਸੇ ਸਹੂਲਤ ਤਹਿਤ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜਿਲ੍ਹਾ ਪੱਧਰੀ ਅਪਰੂਵਲ ਕਮੇਟੀ ਦੀ ਮੀਟਿੰਗ ਦੌਰਾਨ ਯੋਗ ਪਾਈਆਂ ਗਈਆਂ ਦੋ ਇਕਾਈਆਂ ਨੂੰ ਪ੍ਰਵਾਨਗੀ ਜਾਰੀ ਕੀਤੀ।ਉਨਾਂ ਦੱਸਿਆ ਕਿ ਇਨਾਂ ਦੋ ਇਕਾਈਆਂ ਵਿੱਚ ਸਿੱਧੇ ਅਤੇ ਅਸਿੱਧੇ ਤੌਰ ‘ਤੇ 250 ਵਿਅਕਤੀਆਂ ਨੂੰ ਰੋਜ਼ਗਾਰ ਮਿਲੇਗਾ।ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਮੈਸਰਜ਼ ਗਲੋਬਲ ਫੂਡਜ਼ ਯੁਨਿਟ-2 ਪਿੰਡ ਭੰਗਵਾਂ ਤਹਿਸੀਲ ਮਜੀਠਾ ਅਤੇ ਮੈਸਰਜ਼ ਵਿਸ਼ਾਲ ਟੈਕਸਟਾਈਲਜ਼ ਪ੍ਰਾਈਵੇਟ ਲਿਮਟਿਡ ਪਿੰਡ ਨਤਗ ਕਲਾਂ ਮਜੀਠਾ ਰੋਡ ਨੂੰ ਪ੍ਰਵਾਨਗੀ ਪੱਤਰ ਭੇਟ ਕੀਤੇ।