Saturday, April 13, 2024

ਖ਼ਾਲਸਾ ਸੰਸਥਾਵਾਂ ਵੱਲੋਂ ਬਸੰਤ ਦਾ ਤਿਉਹਾਰ ਮਨਾਇਆ ਗਿਆ

ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿੱਦਿਅਕ ਅਦਾਰਿਆਂ ਖ਼ਾਲਸਾ ਕਾਲਜ ਫ਼ਾਰ ਵੂਮੈਨ ਅਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਵਿਖੇ ਬਸੰਤ ਦਾ ਤਿਉਹਾਰ ਮਨਾਇਆ ਗਿਆ।ਵੂਮੈਨ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਅਤੇ ਐਜ਼ੂਕੇਸ਼ਨ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੇ ਸਹਿਯੋਗ ਸਦਕਾ ਕਰਵਾਏ ਗਏ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਦੇ ਪਤੰਗਸਾਜ਼ੀ, ਪਤੰਗਬਾਜ਼ੀ ਅਤੇ ਮਿਸ ਬਸੰਤ ਦੇ ਮੁਕਾਬਲੇ ਕਰਵਾਏ ਗਏ।
ਬਸੰਤ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਵੂਮੈਨ ਕਾਲਜ ਵਿਖੇ ਮੁੱਖ ਮਹਿਮਾਨ ਵਜੋਂ ਸਾਬਕਾ ਵਿਦਿਆਰਥਣ ਅਤੇ ਵਧੀਕ ਡਿਪਟੀ ਸੁਪਰਡੈਂਟ ਖੁਸ਼ਬੀਰ ਕੌਰ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਡਾ. ਸੁਰਿੰਦਰ ਕੌਰ ਨੇ ਪੌਦਾ ਭੇਂਟ ਕਰਕੇ ‘ਜੀ ਆਇਆ’ ਕਿਹਾ।ਖੁਸ਼ਬੀਰ ਕੌਰ ਨੇ ਸੰਬੋਧਨ ਕਰਦਿਆਂ ਆਪਣੇ ਨਿੱਜੀ ਤਜ਼ੱਰਬੇ ਸਾਂਝੇ ਕੀਤੇ ਅਤੇ ਵਿਦਿਆਰਥਣਾਂ ਨੂੰ ਜੀਵਨ ਦੀਆਂ ਤਮਾਮ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਅਗਾਂਹ ਵੱਧਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਾਲਜ ਦਾ ਅਲੂਮਨੀ ਹੋਣ ’ਤੇ ਫਖ਼ਰ ਮਹਿਸੂਸ ਕਰਦਿਆਂ ਸੰਸਥਾ ਅਤੇ ਸਟਾਫ਼ ਦੁਆਰਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਕਾਲਜ ਵਿਖੇ 93.5 ਐਫ.ਐਮ ਦੀ ਟੀਮ ਨੇ ਵਿਦਿਆਰਥਣਾਂ ਲਈ ਭੰਗੜਾ ਵਾਈਬ ਦਾ ਆਯੋਜਨ ਵੀ ਕੀਤਾ।ਪ੍ਰੋਗਾਰਮ ਦਾ ਸੰਚਾਲਨ ਪੰਜਾਬੀ ਵਿਭਾਗ ਦੇ ਡਾ. ਕੁਲਵੰਤ ਕੌਰ ਨੇ ਕੀਤਾ।
ਉਨ੍ਹਾਂ ਕਿਹਾ ਕਿ ਪ੍ਰਾਚੀਨ ਭਾਰਤ ’ਚ ਸਾਲ ਦੀਆਂ 6 ਰੁੱਤਾਂ ’ਚੋਂ ਬਸੰਤ ਲੋਕਾਂ ਦੀ ਮਨਚਾਹੀ ਰੁੱਤ ਹੈ।ਜਦੋਂ ਫੁੱਲਾਂ ’ਤੇ ਬਹਾਰ ਆ ਜਾਂਦੀ, ਖੇਤਾਂ ’ਚ ਸਰ੍ਹੋਂ ਦੇ ਫੱਲ ਚਮਕਣ ਲੱਗਦੇ, ਜੌਂ ਅਤੇ ਕਣਕਾਂ ਨਿਸਰਣ ਲੱਗਦੀਆ, ਅੰਬਾਂ ਨੂੰ ਬੂਰ ਪੈ ਜਾਂਦਾ ਅਤੇ ਹਰ ਪਾਸੇ ਰੰਗ-ਬਿਰੰਗੀਆਂ ਤਿੱਤਲੀਆਂ ਮੰਡਰਾਉਣ ਲੱਗਦੀਆਂ ਹਨ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ’ਚ ਪਹਿਲੀ ਵਾਰੀ ਬਸੰਤ ਦਾ ਮੇਲਾ ਤਕਰੀਬਨ 1599 ’ਚ ਲੱਗਾ ਸੀ, ਜਦ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਵਡਾਲੀ ਤੋਂ ਅੰਮ੍ਰਿਤਸਰ ਲਿਆਂਦਾ ਗਿਆ ਸੀ। ਅੰਮ੍ਰਿਤਸਰ ਨਜ਼ਦੀਕ ਸ੍ਰੀ ਗੁਰੂ ਹਰਿਗੋਬਿੰਦ ਦੀ ਯਾਦ ’ਚ ਜਿਥੇ ਛੇਹਰਟਾ ਵਾਲਾ ਖੂਹ ਹੈ, ਇੱਥੇ ਹੀ ਬਸੰਤ ਪੰਚਮੀ ਦਾ ਮੇਲਾ ਲੱਗਦਾ ਹੈ।
ਕਾਲਜਾਂ ’ਚ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।ਸਟਾਫ਼ ਅਤੇ ਵਿਦਿਆਰਥਣਾਂ ਨੇ ਮਿੱਠੇ ਜਰਦੇ ਵਾਲੇ ਚੌਲ, ਦਹੀ, ਕੜਾਹ, ਸਮੋਸੇ ਅਤੇ ਪਕੌੜਿਆਂ ਦਾ ਆਨੰਦ ਵੀ ਮਾਣਿਆ।ਵੂਮੈਨ ਕਾਲਜ ਵਿਖੇ ਸਟੂਡੈਂਟ ਐਡਵਾਈਜ਼ਰੀ ਕਮੇਟੀ ਦੇ ਕੋਆਰਡੀਨੇਟਰ ਡਾ. ਚੰਚਲ ਬਾਲਾ ਅਤੇ ਐਜ਼ੂਕੇਸ਼ਨ ਕਾਲਜ ਵਿਖੇ ਪ੍ਰੋਗਰਾਮ ਕੋਆਰਡੀਨੇਟਰ ਡਾ. ਸਤਿੰਦਰ ਢਿੱਲੋਂ ਨੇ ਪਿ੍ਰੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਦਾ ਪ੍ਰੋਗਰਾਮ ਦੀ ਸਫ਼ਲਤਾ ਲਈ ਧੰਨਵਾਦ ਕੀਤਾ।

Check Also

ਦਿੱਲੀ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ …