ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਅਤੇ ਹਿੰਦੀ ਵਿਭਾਗ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਉਪ-ਕੁਲਪਤੀ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਸੁਯੋਗ ਅਗਵਾਈ ਅਧੀਨ ਡਾ. ਹਰਮਿੰਦਰ ਸਿੰਘ ਬੇਦੀ ਦੀ ਸਵੈ-ਜੀਵਨੀ “ਲੇਖੇ ਆਵਹਿ ਭਾਗ” ਉੱਤੇ ਵਿਚਾਰ-ਗੋਸ਼ਟੀ ਗੁਰੂ ਨਾਨਕ ਭਵਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੀ ਗਈ।
ਇਸ ਗੋਸ਼ਟੀ ਵਿੱਚ ਮੁੱਖ ਮਹਿਮਾਨ ਡਾ. ਬਿਕਰਮਜੀਤ ਸਿੰਘ ਬਾਜਵਾ ਡੀਨ ਅਕਾਦਮਿਕ ਮਾਮਲੇ ਤੇ ਡਾ. ਸੁਨੀਲ ਕੁਮਾਰ ਮੁਖੀ ਹਿੰਦੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਇਸ ਸਮਾਗਮ ਵਿੱਚ ਪੁਸਤਕ ਬਾਰੇ ਵਿਚਾਰ ਚਰਚਾ ਕੀਤੀ।ਇਸ ਤੋਂ ਇਲਾਵਾ ਨਾਮਵਰ ਚਿੰਤਕ ਡਾ. ਅਵਤਾਰ ਸਿੰਘ ਅਤੇ ਡਾ. ਬਲਜੀਤ ਕੌਰ ਸਹਾਇਕ ਪ੍ਰੋਫ਼ੈਸਰ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਇਸ ਪੁਸਤਕ ਦਾ ਬਹੁਪੱਖੀ ਵਿਸ਼ਲੇਸ਼ਣ ਕਰਦੇ ਖੋਜ਼-ਪੱਤਰ ਪੜ੍ਹੇ।
ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਚਰਚਾ ਦਾ ਆਗਾਜ਼ ਕਰਦੇ ਹੋਏ ਹਾਜ਼ਿਰ ਸਰੋਤਿਆਂ ਨੂੰ ਮਾਤ-ਭਾਸ਼ਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਇਹ ਸਵੈ-ਜੀਵਨੀ ਕੇਵਲ ਕਿਸੇ ਵਿਅਕਤੀ ਤੱਕ ਸੀਮਤ ਨਹੀਂ ਨਹੀਂ ਬਲਕਿ ਇਹ ਸੰਸਥਾ ਦੀ ਸਵੈ-ਜੀਵਨੀ ਹੈ।ਇਹ ਪੁਸਤਕ ਸਰਬੱਤ ਦੇ ਭਲੇ ਨੂੰ ਆਪਣਾ ਆਦਰਸ਼ ਮੰਨਦੀ ਹੈ, ਇਸ ਲਈ ਇਸਨੂੰ ਪੰਜਾਬੀ ਭਾਸ਼ਾ ਦੀਆਂ ਸ਼ਾਹਕਾਰ ਸਵੈ-ਜੀਵਨੀਆਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਮੁੱਖ ਮਹਿਮਾਨ ਡਾ. ਬਿਕਰਮਜੀਤ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਵਿਸ਼ਵ ਦੀਆਂ ਮੋਹਰਲੀਆਂ ਭਾਸ਼ਾਵਾਂ ਵਿੱਚ ਸ਼ੁਮਾਰ ਹੁੰਦੀ ਹੈ।ਉਹਨਾਂ ਕਿਹਾ ਕਿ ਡਾ. ਬੇਦੀ ਦੀ ਸਵੈ-ਜੀਵਨੀ ਇਸ ਪੰਜਾਬੀ ਭਾਸ਼ਾ ਵਿੱਚ ਗੁਣਾਤਮਕ ਵਾਧਾ ਕਰਦੀ ਹੋਈ ਲੇਖਕ ਦੀ ਬਹੁਪੱਖੀ ਸਾਹਿਤਕ ਸਖ਼ਸ਼ੀਅਤ ਦੇ ਦਰਸ਼ਨ ਕਰਵਾਉਂਦੀ ਹੈ।ਵਿਚਾਰ-ਗੋਸ਼ਟੀ ਦੇ ਅਗਲੇ ਹਿੱਸੇ ਵਿੱਚ ਡਾ. ਸੁਨੀਲ ਕੁਮਾਰ ਨੇ ਕਿਹਾ ਕਿ ਭਾਸ਼ਾਈ ਵਿਵਿਧਤਾ ਹੀ ਭਾਰਤ ਦੀ ਸ਼ਕਤੀ ਅਤੇ ਸਮਰੱਥਾ ਹੈ। ਇਸ ਸੰਦਰਭ ਵਿੱਚ ਡਾ. ਹਰਮਿੰਦਰ ਸਿੰਘ ਬੇਦੀ ਦਾ ਹਿੰਦੀ ਦੇ ਖੇਤਰ ਨਾਲ ਜੁੜੇ ਹੋਣ ਦੇ ਬਾਵਜ਼ੂਦ ਵੀ ਪੰਜਾਬੀ ਭਾਸ਼ਾ ਵਿੱਚ ਸਵੈ-ਜੀਵਨੀ ਦੀ ਰਚਨਾ ਕਰਨਾ, ਮਾਤ ਭਾਸ਼ਾ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ।ਪੁਸਤਕ ਸੰਬੰਧੀ ਵਿਚਾਰ-ਵਟਾਂਦਰੇ ਨੂੰ ਅੱਗੇ ਤੋਰਦਿਆਂ ਡਾ. ਅਵਤਾਰ ਸਿੰਘ ਨੇ ਕਿਹਾ ਕਿ ਮਾਤ ਭਾਸ਼ਾ ਵਾਸਤਵ ਵਿੱਚ ਜੋੜਨ ਦਾ ਉਪਰਾਲਾ ਕਰਦੀ ਹੈ, ਤੋੜਨ ਦਾ ਨਹੀਂ।ਉਹਨਾਂ ਕਿਹਾ ਕਿ ਇਸ ਕਿਤਾਬ ਦਾ ਪਹਿਲਾ ਰਿਵਿਊਕਾਰ ਹੋਣ ਦੇ ਨਾਤੇ ਇਸ ਪੁਸਤਕ ਨੂੰ ਪ੍ਰਾਪਤ ਹੋ ਰਹੇ ਭਰਪੂਰ ਹੁੰਗਾਰੇ ਤੋਂ ਅਸੀਂ ਸਾਰੇ ਭਲੀਭਾਂਤ ਜਾਣੂ ਹਾਂ। ਇਹ ਸਵੈ-ਜੀਵਨੀ ਆਪੇ ਦੀ ਪ੍ਰਸੰਸਾ ਤੋਂ ਬਿਲਕੁਲ ਮੁਕਤ ਅਤੇ ਤੱਥ ਭਰਪੂਰ ਕਿਤਾਬ ਹੈ।ਇਹ ਆਪਣੇ ਸਮਕਾਲ ਦੇ ਬੌਧਿਕ ਇਤਿਹਾਸ ਨੂੰ ਪੇਸ਼ ਕਰਦੀ ਹੋਈ ਲੇਖਕ ਦੀ ਜ਼ਿੰਦਗੀ ਦੀਆਂ ਵਿਭਿੰਨ ਚੁਣੌਤੀਆਂ ਪ੍ਰਤੀ ਅਪਣਾਈ ਗਈ ਪਹੁੰਚ ਨੂੰ ਉਜਾਗਰ ਕਰਦੀ ਹੈ।ਇਹ ਪੁਸਤਕ ਲੇਖਕ ਦੇ ਇੱਕੋ ਵੇਲੇ ਕਾਬਿਲ ਅਤੇ ਜ਼ਿੰਮੇਵਾਰ ਮਨੁੱਖ ਹੋਣ ਦੀ ਸ਼ਾਹਦੀ ਭਰਦੀ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਡਾ. ਬੇਦੀ ਦੀ ਵਿਰਾਸਤ ਉਹਨਾਂ ਦੀ ਸਵੈ-ਜੀਵਨੀ ਦੇ ਆਰ-ਪਾਰ ਫੈਲੀ ਹੋਈ ਹੈ। ਉਹਨਾਂ ਦਾ ਵਿਅਕਤੀਤਵ ਗੁਰਮਤਿ ਵਿਚਾਰਧਾਰਾ ਦਾ ਵਿਹਾਰਕ ਪ੍ਰਮਾਣ ਹੈ।ਡਾ. ਬੇਦੀ ਦੇ ਸੁਹਿਰਦ ਵਿਦਿਆਰਥੀ ਡਾ. ਸੁਧਾ ਜਤਿੰਦਰ ਨੇ ਡਾ. ਬੇਦੀ ਦੇ ਯੋਗਦਾਨ ਨੂੰ ਦਰਸਾਉਂਦਿਆਂ ਕਿਹਾ ਕਿ ਸਾਹਿਤ ਅਤੇ ਭਾਸ਼ਾ ਦਾ ਕਦੇ ਅੰਤ ਨਹੀਂ ਹੁੰਦਾ।ਡਾ. ਬੇਦੀ ਦੀ ਸਵੈ-ਜੀਵਨੀ ਵੀ ਇਸੇ ਸ਼੍ਰੇਣੀ ਵਿੱਚ ਹੀ ਆਉਂਦੀ ਹੈ।ਡਾ. ਬੇਦੀ ਦਾ ਦਰਜ਼ਾ ਇਕ ਵਿਸ਼ਵਕੋਸ਼ ਦੇ ਸਮਾਨ ਹੈ।ਇਸ ਲਈ ਇਹ ਪੁਸਤਕ ਇਕ ਹਵਾਲਾ ਕੋਸ਼ ਵਜੋਂ ਵੀ ਸਾਹਮਣੇ ਆਉਂਦੀ ਹੈ।ਪ੍ਰੋਗਰਾਮ ਦੇ ਪਹਿਲੇ ਸੈਸ਼ਨ ਦੇ ਅੰਤ ‘ਚ ਡਾ. ਪਰਮਜੀਤ ਸਿੰਘ ਕਲਸੀ ਨੇ ਆਏ ਹੋਏ ਮਹਿਮਾਨਾਂ ਦਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਡਾ. ਬੇਦੀ ਦਾ ਯੋਗਦਾਨ ਕੇਵਲ ਸਵੈ-ਜੀਵਨੀ ਤੱਕ ਸੀਮਤ ਨਹੀਂ ਬਲਕਿ ਇਸ ਤੋਂ ਬਹੁਤ ਜ਼ਿਆਦਾ ਹੈ।ਉਹਨਾਂ ਦੀ ਇਹ ਪੁਸਤਕ ਪਾਠਕਾਂ ਨੂੰ ਵੀ ਮਹਾਨ ਬਣਨ ਲਈ ਪ੍ਰੇਰਿਤ ਕਰਦੀ ਹੈ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …