ਅੰਮ੍ਰਿਤਸਰ, 25 ਫਰਵਰੀ (ਦੀਪ ਦਵਿੰਦਰ ਸਿੰਘ) – ਖਾਲਸਾ ਕਾਲਜ ਵਿਖੇ ਚੱਲ ਰਹੇ ਅੰਮ੍ਰਿਤਸਰ ਸਾਹਿਤ ਪੁਸਤਕ ਮੇਲੇ ਦੌਰਾਨ ਪੰਜਾਬੀ ਦੇ ਬਹੁ-ਮਿਆਰੀ ਸਾਹਿਤਕ ਰਸਾਲੇ `ਹੁਣ` ਦਾ 48ਵਾਂ ਅੰਕ ਲੋਕ ਅਰਪਿਤ ਕੀਤਾ ਗਿਆ।
ਡਾ. ਆਤਮ ਰੰਧਾਵਾ ਦੇ ਸਵਾਗਤੀ ਸਬਦਾਂ ਨਾਲ ਸ਼ੁਰੂ ਹੋਏ ਇਸ ਅਦਬੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਲਖਵਿੰਦਰ ਜੌਹਲ ਅਤੇ ਸ਼ਰੋਮਣੀ ਸ਼ਾਇਰ ਦਰਸ਼ਨ ਬੁੱਟਰ ਨੇ `ਹੁਣ` ਨੂੰ ਕੇਂਦਰ ਬਿੰਦੂ ਵਿੱਚ ਰੱਖ ਕੇ ਕਿਹਾ ਕਿ ਉਤਮ ਦਰਜ਼ੇ ਦਾ ਲੋਕ ਸਾਹਿਤ ਅਤੇ ਸੁਹਿਰਦ ਪਾਠਕਾਂ ਨੂੰ ਇਕ ਤੰਦ ਵਿੱਚ ਪਰੋਣ ਲਈ ਸਾਹਿਤਕ ਰਸਾਲੇ ਸਭ ਤੋਂ ਉਤਮ ਜ਼ਰੀਆ ਹਨ।ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਗੁਰਭੇਜ ਸਿੰਘ ਗੁਰਾਇਆ ਨੇ ਕਿਹਾ ਕਿ ਜਿਥੇ `ਹੁਣ` ਵਰਗੇ ਮਿਆਰੀ ਰਸਾਲੇ ਦੁਨੀਆਂ ਭਰ ਦੇ ਇਤਿਹਾਸ ਅਤੇ ਸਭਿਆਚਾਰ ਨੂੰ ਨੇੜੇ ਲੈ ਕੇ ਆਉਂਦੇ ਹਨ ਉਥੇ ਦੁਨੀਆਂ ਭਰ ਵਿੱਚ ਰਚੇ ਜਾ ਰਹੇ ਸਾਹਿਤ ਨੂੰ ਘੋਖਣ, ਪੜਤਾਲਣ ਅਤੇ ਨਵੀਆਂ ਦਿਸ਼ਾਵਾਂ ਨਿਰਧਾਰਤ ਕਰਨ ਵਿਚ ਸਹਾਈ ਹੁੰਦੇ ਹਨ।`ਹੁਣ` ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਦਸਿਆ ਕਿ ਉਹਨਾਂ ਵਲੋਂ ਡਾ. ਗੁਰਦਿਆਲ ਸਿੰਘ ਫੁੱਲ, ਜਸਵੰਤ ਸਿੰਘ ਕੰਵਲ, ਪ੍ਰੋ. ਅਜਮੇਰ ਔਲਖ, ਬਾਬਾ ਨਜ਼ਮੀ, ਸੁਰਜੀਤ ਪਾਤਰ ਅਤੇ ਗੁਰਭਜਨ ਗਿੱਲ ਆਦਿ ਸਥਾਪਿਤ ਸਾਹਿਤਕਾਰਾਂ ਦੀਆਂ ਅਦਬੀ ਮੁਲਾਕਾਤਾਂ ਦੇ ਲੜੀਵਾਰ ਸਿਲਸਿਲੇ ਨੇ ਪਾਠਕਾਂ ਨੂੰ ਇਹਨਾਂ ਸਾਹਿਤਕਾਰਾਂ ਦੀ ਜੀਵਨ ਸ਼ੈਲੀ ਅਤੇ ਲਿਖਣ ਸ਼ੈਲੀ ਨੂੰ ਹੋਰ ਨੇੜਿਓਂ ਸਮਝਣ ਦਾ ਸਬੱਬ ਪੈਦਾ ਕੀਤਾ ਹੈ।
ਪਰਵਾਸੀ ਸ਼ਾਇਰ ਰਵਿੰਦਰ ਸਹਿਰਾਅ ਅਤੇ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਮਿਆਰੀ ਸਾਹਿਤ ਨੂੰ ਲੋਕ ਉਡੀਕਦੇ ਵੀ ਨੇ ਅਤੇ ਮੁੱਲ ਖਰੀਦ ਕੇ ਪੜ੍ਹਨ ਦੀ ਚੇਟਕ ਵੀ ਰੱਖਦੇ ਹਨ।ਸੁਰਿੰਦਰ ਸਿੰਘ ਸੁੰਨੜ ਅਤੇ ਸ਼ਾਇਰ ਜਸਵੰਤ ਜ਼ਫਰ ਨੇ ਕਿਹਾ ਕਿ ਅਜਿਹੇ ਮੈਗਜ਼ੀਨ ਮਨੁੱਖ ਨੂੰ ਕਵਿਤਾ, ਕਹਾਣੀ ਅਤੇ ਸਾਹਿਤ ਦੀਆਂ ਹੋਰ ਵਿਧਾਵਾਂ ਦੇ ਨਾਲ-ਨਾਲ ਬਹੁਮੁੱਲੀਆਂ ਇਨਸਾਨੀ ਕਦਰਾਂ ਕੀਮਤਾਂ ਨਾਲ ਵੀ ਜੋੜਦੇ ਹਨ।ਸਵਰਨਜੀਤ ਸਵੀ ਅਤੇ ਦੀਪ ਜਗਦੀਪ ਨੇ ਦੱਸਿਆ ਕਿ ਲੇਖਕ ਦੀ ਸਥਾਪਤੀ ਅਤੇ ਭਾਸ਼ਾ ਦੀ ਤਰੱਕੀ ਲਈ ਹੁਣ ਵਰਗੇ ਮਿਆਰੀ ਰਸਾਲੇ ਵੱਡਾ ਯੋਗਦਾਨ ਪਾਉਂਦੇ ਹਨ।
ਨੀਰੂ ਸਹਿਰਾਅ ਅਤੇ ਕਮਲ ਦੁਸਾਂਝ ਨੇ ਕਿਹਾ ਕਿ ਆਮ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਮਿਆਰੀ ਅਤੇ ਲੋਕ ਪੱਖੀ ਸਾਹਿਤ ਨਾਲ `ਹੁਣ` ਦਾ ਪੰਜਾਬੀ ਸਾਹਿਤ ਵਿੱਚ ਗੌਲਣਯੋਗ ਸਥਾਨ ਹੈ।
Check Also
ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ
ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …