Friday, October 18, 2024

ਖ਼ਾਲਸਾ ਕਾਲਜ ਵਿਖੇ 2 ਰੋਜ਼ਾ ਸਾਇੰਸ ਅਕੈਡਮਿਸ ਵਰਕਸ਼ਾਪ ’ਚ ਪਹੁੰਚੇ ਦੇਸ਼ ਭਰ ਤੋਂ ਉਚ ਕੋਟੀ ਦੇ ਸਾਇੰਸਦਾਨ

ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਮਿਸਟਰੀ ਵਿਭਾਗ ਵਲੋਂ ‘ਆਪਟੀਕਲ ਅਤੇ ਫੰਕਸ਼ਨਲ ਆਰਗੈਨਿਕ ਮਟੀਰੀਅਲ’ ਵਿਸ਼ੇ ’ਤੇ 2 ਰੋਜ਼ਾ ਵਿਗਿਆਨ ਬੁੱਧੀਜੀਵੀਆਂ ਦੀ ਲੈਕਚਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਵਰਕਸ਼ਾਪ ਵਿਗਿਆਨ ਅਕੈਡਮੀਆਂ ਮੁੱਖ ਤੌਰ ’ਤੇ ਇੰਡੀਅਨ ਅਕੈਡਮੀ ਆਫ ਸਾਇੰਸਿਜ਼, ਬੈਂਗਲੁਰੂ, ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਨਵੀਂ ਦਿੱਲੀ ਅਤੇ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼ ਪ੍ਰਯਾਗਰਾਜ ਉੱਤਰ ਪ੍ਰਦੇਸ਼ ਦੇ ਸਹਿਯੋਗ ਨਾਲ ਕਰਵਾਈ ਗਈ, ਜਿਸ ਵਿੱਚ ਖੇਤਰ ਦੇ ਚੋਟੀ ਦੇ ਵਿਗਿਆਨੀਆਂ ਨੇ ਹਿੱਸਾ ਲਿਆ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਹ ਕਾਲਜ ਸੂਬੇ ਦਾ ਇਕਲੌਤਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬਾਅਦ ਇਸ ਸਨਮਾਨ ਦੀ ਮੇਜ਼ਬਾਨੀ ਕਰਨ ਵਾਲਾ ਦੂਜਾ ਕਾਲਜ ਹੈ, ਜਿਥੇ ਵਿਗਿਆਨੀਆਂ ਨੇ ਰਸਾਇਣ ਵਿਗਿਆਨ ’ਚ ਨਵੀਨਤਮ ਵਿਕਾਸ ਦਾ ਇੰਨ੍ਹੇ ਵੱਡੇ ਪੱਧਰ ’ਤੇ ਆਦਾਨ-ਪ੍ਰਦਾਨ ਕੀਤਾ।ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ’ਚ ਵਿਸ਼ਵ ਪ੍ਰਸਿੱਧ ਵਿਗਿਆਨੀ ਪ੍ਰੋ. ਪੁਸਪੈਂਡੂ ਕੇ.ਦਾਸ, ਪ੍ਰੋ. ਉਦੈ ਮੈਤਰਾ, ਪ੍ਰੋ. ਕਮਲਜੀਤ ਸਿੰਘ ਅਤੇ ਪ੍ਰੋ. ਪਰਮਜੀਤ ਕੌਰ ਨੇ ਬਤੌਰ ਸਰੋਤ ਵਿਅਕਤੀਆਂ ਵਜੋਂ ਭਾਗ ਲਿਆ।
ਡਾ. ਪੁਸਪੈਂਡੂ ਨੇ ਵਰਕਸ਼ਾਪ ਦੇ ਉਦੇਸ਼ਾਂ ਦੀ ਜਾਣ-ਪਛਾਣ ਕਰਵਾਉਂਦਿਆਂ ਗੈਰ-ਰੇਖਿਕ ਆਪਟੀਕਲ ਜੈਵਿਕ ਪਦਾਰਥਾਂ ਦੇ ਬੁਨਿਆਦੀ ਅਤੇ ਡਿਜ਼ਾਈਨ ਸਬੰਧੀ ਸਿਧਾਂਤਾਂ ਬਾਰੇ ਚਾਨਣਾ ਪਾਇਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋ: ਕਮਲਜੀਤ ਸਿੰਘ ਨੇ ਇਸ ਖੇਤਰ ’ਚ ਬੀਤੇ ਦਿਨੀਂ ਹੋਏ ਵਿਸ਼ਵ ਪੱਧਰੀ ਵਿਕਾਸ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਉਪਰੰਤ ਆਈ.ਆਈ.ਐਸ.ਸੀ ਬੰਗਲੌਰ ਤੋਂ ਪ੍ਰੋ. ਉਦੈ ਮੈਤਰਾ ਵਲੋਂ ਇਕ ਪ੍ਰੈਜਨਟੇਸ਼ਨ ਦਿੱਤੀ ਗਈ, ਜਿਸ ਵਿੱਚ ਪ੍ਰਯੋਗਾਂ ਦੁਆਰਾ ਪਦਾਰਥ ਦੇ ਨਾਲ ਪ੍ਰਕਾਸ਼ ਦੇ ਪ੍ਰ੍ਰਸਪਰ ਪ੍ਰ੍ਰਭਾਵ ਦੇ ਪ੍ਰਦਰਸ਼ਨ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਉਨ੍ਹਾਂ ਨੇ ਪ੍ਰਯੋਗਾਤਮਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਸਿੱਖਣ ਦੇ ਤਜਰਬੇ ਨੂੰ ਬੇਹਤਰੀਨ ਢੰਗ ਨਾਲ ਪੇਸ਼ ਕੀਤਾ।ਜੀ.ਐਨ.ਡੀ.ਯੂ ਤੋਂ ਡਾ. ਪਰਮਜੀਤ ਕੌਰ ਨੇ ਚਮਕਦਾਰ ਜੈਵਿਕ ਪਦਾਰਥਾਂ ਦੇ ਖੇਤਰ ’ਚ ਖੋਜ਼ ਕੀਤੀ ਅਤੇ ਚਾਰਜ਼ ਟਰਾਂਸਫਰ ਕੈਮਿਸਟਰੀ ਦੀਆਂ ਬੁਨਿਆਦੀ ਗੱਲਾਂ ਬਾਰੇ ਜਾਣਕਾਰੀ ਦਿੱਤੀ।ਡਾ. ਹਰਦੀਪ ਕੌਰ ਨੇ ਵਿਭਾਗ ਅਤੇ ਕਾਲਜ ਬਾਰੇ ਸੰਖੇਪ ਜਾਣਕਾਰੀ ਦਿੱਤੀ, ਜਦਕਿ ਕੈਮਿਸਟਰੀ ਵਿਭਾਗ ਦੇ ਮੁਖੀ ਅਤੇ ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਅਮਿਤ ਆਨੰਦ ਨੇ ਕਿਹਾ ਕਿ ਕਾਲਜ ਸਮੇਤ ਹਿੰਦੂ ਕਾਲਜ, ਡੀ.ਏ.ਵੀ ਕਾਲਜ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਅਤੇ ਐਸ.ਆਰ ਸਰਕਾਰੀ ਕਾਲਜ ਫ਼ਾਰ ਵੁਮੈਨ ਅੰਮ੍ਰਿਤਸਰ ਦੇ ਨਾਲ-ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਕੈਮਿਸਟਰੀ ਦੇ ਵਿਦਿਆਰਥੀਆਂ ਨੇ ਵੀ ਇਸ ਵਰਕਸ਼ਾਪ ’ਚ ਭਾਗ ਲਿਆ।
ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਆਏ ਬੁਲਾਰਿਆਂ ਤੋਂ ਸਵਾਲ ਜਵਾਬ ਵੀ ਕੀਤੇ, ਜਿਨ੍ਹਾਂ ਦਾ ਉਨ੍ਹਾਂ ਵੱਲੋਂ ਬਾਖੂਬੀ ਢੰਗ ਨਾਲ ਜਵਾਬ ਦਿੱਤਾ ਗਿਆ।ਵਿਦਿਆਰਥੀਆਂ ਨੇ ਇਸ ਦੌਰਾਨ ਉਨ੍ਹਾਂ ਤੋਂ ਰਸਾਇਣ ਵਿਗਿਆਨ ’ਚ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ।ਵਿਦਿਆਰਥੀਆਂ ਨੇ ਉਕਤ ਵਰਕਸ਼ਾਪ ਮੌਕੇ ਹੋਏ ਲੈਕਚਰਾਂ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਭਵਿੱਖ ’ਚ ਅਜਿਹੇ ਹੋਰ ਸਮਾਗਮਾਂ ਲਈ ਉਤਸੁਕਤਾ ਪ੍ਰਗਟਾਈ।
ਅਕਾਦਮਿਕ ਡੀਨ ਡਾ. ਤਮਿੰਦਰ ਸਿੰਘ ਭਾਟੀਆ ਨੇ ਵਰਕਸ਼ਾਪ ਨੂੰ ਸ਼ਾਨਦਾਰ ਸਫ਼ਲ ਬਣਾਉਣ ਵਾਲੇ ਸਹਿਯੋਗੀ ਸਟਾਫ਼ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।ਡਾ. ਮਹਿਲ ਸਿੰਘ ਤੇ ਡਾ. ਅਮਿਤ ਆਨੰਦ ਨੇ ਸਾਰੇ ਬੁਲਾਰਿਆਂ ਅਤੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕੀਤਾ।

 

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …