Sunday, June 23, 2024

ਮਜੀਠੀਆ ਤੇ ਛੀਨਾ ਨੇ ‘ਸਰਦਾਰ ਸੂਰਤ ਸਿੰਘ ਮਜੀਠੀਆ ਅਤੇ ਦੂਸਰਾ ਐਂਗਲੋ-ਸਿੱਖ ਯੁੱਧ’ ਪੁਸਤਕ ਰਲੀਜ਼

ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਅੰਗਰੇਜ ਸਰਕਾਰ ਨੇ ਸ: ਸੂਰਤ ਸਿੰਘ ਮਜੀਠੀਆ ਨੂੰ ਬਨਾਰਸ ਵਿਖੇ ਜੰਗੀ ਕੈਦੀਆਂ ’ਚ ਨਜ਼ਰਬੰਦ ਕਰਕੇ ਇਨ੍ਹਾਂ ਦੀ ਸਮੁੱਚੀ ਜਾਗੀਰ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਚੱਲੀ ਆਉਂਦੀ ਸੀ, ਉਹ ਜ਼ਬਤ ਕੀਤੀ ਸੀ।ਖ਼ਾਲਸਾਈ ਫ਼ੌਜਾਂ ’ਚ ਮਜੀਠੀਆ ਦਾ ਬਹੁਤ ਸਤਿਕਾਰ ਸੀ ਅਤੇ ਉਹ ਬਹਾਦਰ ਯੋਧੇ, ਦਾਨੀ ਅਤੇ ਗੁਰਬਾਣੀ ਦੇ ਨਿਤਨੇਮੀ ਜਰਨੈਲ ਸਿੰਘ ਸਨ।ਇਹ ਪ੍ਰਗਟਾਵਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜ਼ੂਦਗੀ ’ਚ ਹਰਭਜਨ ਸਿੰਘ ਚੀਮਾ ਦੁਆਰਾ ਲਿਖ਼ਤ ਪੁਸਤਕ ‘ਸਰਦਾਰ ਸੂਰਤ ਸਿੰਘ ਮਜੀਠੀਆ ਅਤੇ ਦੂਸਰਾ ਐਂਗਲੋ-ਸਿੱਖ ਯੁੱਧ’ ਪੁਸਤਕ ਨੂੰ ਲੋਕ ਅਰਪਿਤ ਮੌਕੇ ਕੀਤਾ।
ਮਜੀਠੀਆ ਨੇ ਲੇਖਕ ਚੀਮਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੂਰਤ ਸਿੰਘ ਮਜੀਠੀਆ ਦੇ ਜੀਵਨਕਾਲ ਨਾਲ ਸਬੰਧਿਤ ਜੀਵਨੀ ਜੱਗ-ਜ਼ਾਹਿਰ ਹੋਵੇ ਬੜੇ ਚਿਰਾਂ ਤੋਂ ਤਮੰਨਾ ਸੀ।ਕਿਉਂਕਿ ਸਾਡੇ ਇਨ੍ਹਾਂ ਪੁਰਖਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਤਿਹਾਸਕ ਦ੍ਰਿਸ਼ਟੀ ਤੋਂ ਇਨ੍ਹਾਂ ਦੇ ਪੜਦਾਦਾ ਸ: ਇੱਜ਼ਤ ਸਿੰਘ ਮੈਦਾਨ-ਏ-ਜੰਗ ’ਚ 1772 ਈਂ: ’ਚ ਸ਼ਹੀਦ ਹੋਏ, ਜਦਕਿ ਦਾਦਾ ਫ਼ਤਹਿ ਸਿੰਘ ਕਰੀਬ 28 ਸਾਲ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ਼ ’ਚ ਸੰਨ 1800 ’ਚ ਗੁਜਰਾਤ ਪਾਸ ਅਫ਼ਗਾਨਾਂ ਨਾਲ ਹੋਏ ਯੁੱਧ ’ਚ ਸ਼ਹੀਦ ਹੋਏ ਸਨ ਅਤੇ ਸੂਰਤ ਸਿੰਘ ਦੇ ਪਿਤਾ ਸ: ਅਤਰ ਸਿੰਘ ਸਿੱਖ ਰਾਜ ਲਈ ਜੂਝਦਿਆਂ ਹਜ਼ਾਰਾ ਦੇ ਇਲਾਕੇ ’ਚ 1843 ਈ: ਨੂੰ ਸ਼ਹੀਦੀ ਪਾ ਗਏ ਸਨ।
ਛੀਨਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਚੀਮਾ ਨੇ ਪੁਸਤਕ ’ਚ ਮਜੀਠੀਆ ਦੇ ਜੀਵਨਕਾਲ ਨੂੰ ਬੜ੍ਹੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਖੂਬਸੂਰਤ ਅੱਖ਼ਰਾਂ ਦੀ ਮਾਲਾ ’ਚ ਪਰੋਇਆ ਹੈ, ਜੋ ਕਿ ਬਹੁਤ ਸਲਾਹੁਣਯੋਗ ਹੈ।ਉਨ੍ਹਾਂ ਕਿਹਾ ਕਿ ਇਸ ’ਚ ‘ਖ਼ਾਨਦਾਨ, ਜੁਝਾਰੂਪਣ ਦੀ ਗੁੜ੍ਹਤੀ, ਮਹਾਰਾਣੀ ਜਿੰਦਾਂ ਦਾ ਦੇਸ ਨਿਕਾਲਾ, ਅੰਗਰੇਜ਼ਾਂ ਵੱਲੋਂ ਮੁਲਤਾਨ ਦੀ ਬਗਾਵਤ ਲਮਕਾਉਣਾ, ਦੂਸਰੇ ਐਂਗਲੋਂ ਸਿੱਖ ਯੁੱਧ ਦਾ ਅਗਾਜ਼, ਸੂਰਤ ਸਿੰਘ ਤੇ ਮੁੱਖ ਸਰਦਾਰਾਂ ਵੱਲੋਂ ਗਿ੍ਰਫ਼ਤਾਰੀ ਅਤੇ ਪੰਜਾਬ ਵਾਪਸੀ’ ਦੀ ਸਿਰਲੇਖ ਸੂਚੀ ਸਮੇਤ ਕਈ ਅਹਿਮ ਪਹਿਲੂਆਂ ਉਜਾਗਰ ਕੀਤਾ ਹੈ।ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵੀ ਚੀਮਾ ਨੂੰ ਉਕਤ ਪੁਸਤਕ ਲਈ ਮੁਬਾਰਕਬਾਦ ਦਿੱਤੀ।
ਚੀਮਾ ਨੇ ਕਿਹਾ ਕਿ ਮਜੀਠੀਆ ਪਰਿਵਾਰ ਦੇ ਕਈ ਮੈਂਬਰ ਦੇਸ਼ ਅਤੇ ਸੂਬੇ ਦੀ ਰਾਜਨੀਤੀ ਨਾਲ ਸਬੰਧਿਤ ਰਹੇ ਹਨ ਅਤੇ ਹੁਣ ਵੀ ਸਰਗਰਮ ਹਨ।ਉਨ੍ਹਾਂ ਕਿਹਾ ਕਿ ਇਤਿਹਾਸਕ ਮੁਤਾਬਕ ਇਸ ਪਰਿਵਾਰ ਦੇ ਸਬੰਧ ਪੀੜ੍ਹੀ-ਦਰ-ਪੀੜ੍ਹੀ ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਤੇ ਦੇਸ਼ ਦੀ ਅਜ਼ਾਦੀ ਨਾਲ ਜੁੜਦੇ ਹਨ, ਜੋ ਕਿ ਕਈ ਨਾਮਵਰ ਕਿਤਾਬਾਂ ਲਿਖਦੇ ਸਮੇਂ ਘੋਖਣ ਉਪਰੰਤ ਪ੍ਰਤੱਖ ਪਾਇਆ ਹੈ।
ਇਸ ਮੌਕੇ ਉਨ੍ਹਾਂ ਨੇ ਕਿਤਾਬ ਦੇ ਮੁੱਖਬੰਧ ਲਈ ਉਚੇਰਾ ਆਪਣਾ ਕੀਮਤੀ ਸਮਾਂ ਦੇਣ ਲਈ ਲੇਖਕ ਡਾ. ਸੁਖਦਿਆਲ ਸਿੰਘ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਤੇ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਦਾ ਵੀ ਧੰਨਵਾਦ ਕੀਤਾ।

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …