ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਪੰਜਾਬੀ ਨਾਟਕ ਦਾ ਸਿਧਾਂਤ ਅਤੇ ਬਲਵੰਤ ਗਾਰਗੀ ਦੇ ਨਾਟਕ ਵਿਸ਼ੇ ’ਤੇ ਡਾ. ਹਰਭਜਨ ਸਿੰਘ ਢਿਲੋਂ ਦਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਡਾ. ਢਿੱਲੋਂ ਦਾ ਖੋਜ਼ ਕਾਰਜ਼ ਪੰਜਾਬੀ ਨਾਟਕ ਉਪਰ ਹੈ ਅਤੇ ਉਹ ਪੰਜਾਬ ਦੇ ਵੱਖ-ਵੱਖ ਕਾਲਜਾਂ ਅਤੇ ਵਿਸ਼ੇਸ਼ਕਰ ਬੇਅਰਿੰਗ ਯੂਨੀਅਨ ਕਰਿਸ਼ਚੀਅਨ ਕਾਲਜ ਬਟਾਲੇ ਵਿੱਚ ਲੰਮਾ ਸਮਾਂ ਅਧਿਆਪਨ ਕਰਨ ਤੋਂ ਬਾਅਦ ਅਜਕਲ ਪਰਿਵਾਰ ਸਮੇਤ ਕਨੇਡਾ ਰਹਿ ਰਹੇ ਹਨ।ਉਹ ਵਿਦੇਸ਼ ਜਾ ਕੇ ਵੀ ਪੰਜਾਬੀ ਸਾਹਿਤ ਨਾਲੋਂ ਨਹੀਂ ਟੁੱਟੇ, ਸਗੋਂ ਉਥੋਂ ਦੀਆਂ ਸਾਹਿਤ ਸਭਾਵਾਂ ਵਿਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ।ਪ੍ਰਿੰਸੀਪਲ ਮਹਿਲ ਸਿੰਘ ਨੇ ਇੱਕ ਪੌਦਾ ਅਤੇ ਕਾਲਜ ਦੀਆਂ ਪ੍ਰਕਾਸ਼ਨਾਵਾਂ ਦਾ ਇਕ ਸੈਟ ਦੇ ਕੇ ਡਾ. ਢਿੱਲੋਂ ਦਾ ਸਵਾਗਤ ਕੀਤਾ।
ਆਪਣੇ ਵਿਦਵਤਾ ਭਰਪੂਰ ਭਾਸ਼ਣ ਵਿੱਚ ਡਾ. ਢਿੱਲੋਂ ਨੇ ਦੱਸਿਆ ਕਿ ਨਾਟਕ ਭਾਰਤ ਦੀ ਹੀ ਨਹੀਂ ਸੰਸਾਰ ਦੀ ਪੁਰਾਤਨ ਸਾਹਿਤ ਵਿਧਾ ਹੈ।ਭਾਰਤ ਦੇ ਪੁਰਾਣੇ ਮਹਾਂ ਕਾਵਿ ਰਮਾਇਣ ਅਤੇ ਮਹਾਂਭਾਰਤ ਵੀ ਨਾਟਕੀ ਰੂਪ ਵਿੱਚ ਹੀ ਲਿਖੇ ਗਏ ਸਨ।ਉਹਨਾਂ ਦੱਸਿਆ ਕਿ ਪਾਠਕਾਂ/ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਪੱਖੋਂ ਨਾਟਕ ਸਾਹਿਤ ਦੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਵਿਧਾ ਹੈ।ਭਾਵੇਂ ਕਿ ਮੁਗਲ ਕਾਲ ਸਮੇਂ ਸੰਗੀਤ ਅਤੇ ਥੀਏਟਰ ਨੂੰ ਜ਼ਬਰੀ ਦਬਾ ਦਿੱਤਾ ਗਿਆ ਸੀ, ਪਰ ਲੋਕ-ਮਨ ਨੇ ਲੋਕ-ਸਾਹਿਤ ਦੇ ਰੂਪਾਂ ਜਿਵੇਂ ਨਕਲਾਂ, ਭੰਡਾਂ, ਰਾਸਲੀਲਾ ਅਤੇ ਰਾਮਲੀਲਾ ਦੇ ਰੂਪ ਵਿੱਚ ਇਸ ਨੂੰ ਜ਼ਿੰਦਾ ਰੱਖਿਆ।ਯੂਰਪੀ ਕੌਮਾਂ ਦੀ ਭਾਰਤ ਆਮਦ ਨੇ ਭਾਰਤ ਵਿਚ ਨਾਟਕ ਦੀ ਮੁੜ ਨਵੇਂ ਰੂਪ ਵਿੱਚ ਸ਼ੁਰੂਆਤ ਕੀਤੀ।ਜਿਸ ਦੇ ਪ੍ਰਭਾਵ ਨਾਲ 1913 ਤੋਂ ਬਾਅਦ ਪੰਜਾਬੀ ਨਾਟਕ ਇੱਕ ਨਵੀਂ ਸ਼ਕਤੀ ਦੇ ਰੂਪ ਵਿੱਚ ਉਭਰਿਆ।ਉਹਨਾਂ ਦੱਸਿਆ ਕਿ ਪੰਜਾਬੀ ਨਾਟਕ ਦਾ ਨਵਾਂ ਰੂਪ ਲੋਕ-ਲਹਿਰਾਂ, ਲੋਕ-ਮਸਲਿਆਂ ਦੇ ਨਾਲ-ਨਾਲ ਜਵਾਨ ਹੁੰਦਾ ਹੈ।ਬਹੁ-ਅਰਥੀ ਅਤੇ ਪ੍ਰਤੀਕਾਤਮਕ ਸ਼ਬਦਾਵਲੀ ਨਾਟਕਾਂ ਨੂੰ ਸਫਲ ਨਾਟਕ ਵਿੱਚ ਬਦਲ ਦਿੰਦੀ ਹੈ।
ਉਨ੍ਹਾਂ ਨੇ ਬਲਵੰਤ ਗਾਰਗੀ ਦੇ ਨਾਟਕ ‘ਪੱਤਣ ਦੀ ਬੇੜੀ’ ਬਾਰੇ ਕਿਹਾ ਕਿ ਇਸ ਵਿੱਚਲੇ ਪਾਤਰਾਂ ਦੇ ਨਾਮ ਵੀ ਪ੍ਰਤੀਕਾਤਮਕ ਹਨ ਅਤੇ ਇਹ ਜੀਵਨ ਦੀਆਂ ਦੋ ਵਿਰੋਧੀ ਵਿਚਾਰਧਾਰਾਵਾਂ ਦੇ ਟਕਰਾਅ ਨੂੰ ਪੇਸ਼ ਕਰਦਾ ਹੈ।ਗਾਰਗੀ ਦੀ ਵਿਸ਼ੇਸ਼ਤਾ ਹੀ ਇਹ ਹੈ ਕਿ ਉਹ ਜੀਵਨ ਦੀਆਂ ਵਿਰੋਧਤਾਵਾਂ ਨੂੰ ਪੂਰੀ ਟੱਕਰ ਨਾਲ ਸਫਲਤਾ ਪੂਰਵਕ ਪੇਸ਼ ਕਰਦਾ ਹੈ।
ਸਮਾਗਮ ਦਾ ਸੰਚਾਲਨ ਡਾ. ਹਰਜੀਤ ਕੌਰ ਨੇ ਕੀਤਾ।ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਨਾਟਕ ਨੂੰ ਮੰਚ ਕਲਾ ਦੇ ਪੱਖ ਤੋਂ ਪੜਚੋਲਣ ਦੀ ਮੁਹਾਰਤ ਡਾ. ਢਿੱਲੋਂ ਬਾਖੂਬੀ ਰੱਖਦੇ ਹਨ।
ਇਸ ਮੌਕੇ ਡਾ. ਭੁਪਿੰਦਰ ਸਿੰਘ, ਡਾ. ਮਿੰਨੀ ਸਲਵਾਨ, ਡਾ. ਜਸਬੀਰ ਸਿੰਘ, ਪ੍ਰੋ. ਦਯਾ ਸਿੰਘ, ਪ੍ਰੋ. ਬਲਜਿੰਦਰ ਸਿੰਘ, ਡਾ. ਪਰਮਜੀਤ ਸਿੰਘ ਕੱਟੂ ਆਦਿ ਹਾਜ਼ਰ ਸਨ।