Tuesday, May 21, 2024

ਖ਼ਾਲਸਾ ਕਾਲਜ ਵਿਖੇ ‘ਗੰਨੇ ਦੇ ਸੁਧਾਰ ਲਈ ਰਵਾਇਤੀ ਤੇ ਗੈਰ-ਰਵਾਇਤੀ ਪਹੁੰਚ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ‘ਗੰਨੇ ਦੀ ਸੁਧਾਰ ਲਈ ਰਵਾਇਤੀ ਅਤੇ ਗੈਰ-ਰਵਾਇਤੀ ਪਹੁੰਚ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ‘ਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਖੇਤਰੀ ਖੋਜ਼ ਕੇਂਦਰ ਕਪੂਰਥਲਾ ਤੋਂ ਡਾਇਰੈਕਟਰ-ਕਮ-ਪ੍ਰਿੰਸੀਪਲ ਸ਼ੂਗਰਕੇਨ ਬ੍ਰੀਡਰ ਡਾ. ਗੁਲਜ਼ਾਰ ਸਿੰਘ ਸੰਘੇੜਾ ਨੇ ਮੁੱਖ ਮਹਿਮਾਨ ਅਤੇ ਕੇਨ ਕਮਿਸ਼ਨਰ (ਪੰਜਾਬ) ਰਾਜੇਸ਼ ਕੁਮਾਰ ਰਹੇਜ਼ਾ, ਅਸਿਸਟੈਂਟ ਕੇਨ ਕਮਿਸ਼ਨਰ (ਪੰਜਾਬ) ਐਸ.ਐਸ ਬਾਜਵਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸੈਮੀਨਾਰ ਤੋਂ ਪਹਿਲਾਂ ਉਕਤ ਮਾਹਿਰਾਂ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਮੁਲਾਕਾਤ ਕਰਕੇ ਗੰਨੇ ਦੀ ਪੈਦਾਵਾਰ, ਗੁਣ ਅਤੇ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਸੰਘੇੜਾ ਨੇ ਗੰਨੇ ਸਬੰਧੀ ਭਾਸ਼ਣ ’ਚ ਕਿਹਾ ਕਿ ਰਵਾਇਤੀ ਅਤੇ ਬਾਇਓਟੈਕਨਾਲੋਜੀਕਲ ਤਕਨੀਕਾਂ ਦੇ ਇਸਤੇਮਾਲ ਨਾਲ ਗੰਨੇ ਦੀ ਫਸਲ ਨੂੰ ਬੇਹਤਰ ਬਣਾਉਣ ਦੇ ਮੁੱਖ ਉਦੇਸ਼ਾਂ ’ਚ ਗੰਨੇ ਦੀ ਉੱਚ ਉਪਜ ਦੀ ਸੰਭਾਵਨਾ, ਜਲਦੀ ਪੱਕਣ, ਰਹਿਣ ਲਈ ਪ੍ਰਤੀਰੋਧ, ਤਣਾਅ ਵਾਲੇ ਵਾਤਾਵਰਣਾਂ ਦਾ ਵਿਰੋਧ, ਰੋਗ ਪ੍ਰਤੀਰੋਧ, ਕੀੜੇ ਪ੍ਰਤੀਰੋਧ ਅਤੇ ਰਸ ਦੀ ਗੁਣਵੱਤਾ ਵਾਲੇ ਹਿੱਸੇ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨੂੰ ਗੰਨੇ ਦੀ ਗੁਣਵੱਤਾ ਅਤੇ ਉਤਪਾਦਨ ’ਚ ਸੁਧਾਰ ਲਈ ਅਪਨਾਇਆ ਗਿਆ ਹੈ ਅਤੇ ਝਾੜ, ਖੰਡ ਦੀ ਰਿਕਵਰੀ, ਬਿਮਾਰੀ ਪ੍ਰਤੀਰੋਧ, ਸੋਕੇ ਸਹਿਣਸ਼ੀਲਤਾ ਅਤੇ ਪਰਿਪੱਕਤਾ ਨੂੰ ਅਲੱਗ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਗੰਨਾ ਸੈਕਰਮ ਜੀਨਸ ਨਾਲ ਸਬੰਧਿਤ ਹੈ, ’ਚ ਸੈਕਰਮ ਬਾਰਬੇਰੀ, ਸੈਕਰਮ ਐਡੂਲੇ, ਸੈਕਰਮ ਆਫਿਸਿਨਾਰਮ, ਸੈਕਰਮ ਰੋਬਸਟਮ, ਸੈਕਰਮ ਸਾਈਨੈਂਸ ਅਤੇ ਸੈਕਰਮ ਸਪੋਂਟੇਨੀਅਮ ਸ਼ਾਮਿਲ ਹਨ।ਉਨ੍ਹਾਂ ਕਿਹਾ ਕਿ ਉਹ ਜੈਨੇਟਿਕ ਤੌਰ ’ਤੇ ਏਰਿਅਨਥਸ ਅਤੇ ਮਿਸਕੈਂਥਸ (ਅਮਲਰਾਜ ਅਤੇ ਬਾਲਸੁੰਦਰਮ 2006) ਸੋਰਘਮ ਅਤੇ ਹੋਰ ਮੈਂਬਰਾਂ ਨਾਲ ਨੇੜਿਓਂ ਜੁੜੇ ਹੋਏ ਹਨ।
ਡਾ. ਸੰਘੇੜਾ ਨੇ ਕਿਹਾ ਕਿ ਅੰਤਰ-ਵਿਸ਼ੇਸ਼ ਹਾਈਬ੍ਰਿਡਾਈਜੇਸ਼ਨ ਦੇ ਨਤੀਜੇ ਵਜੋਂ ਆਧੁਨਿਕ ਗੰਨੇ ਦੀਆਂ ਕਿਸਮਾਂ (ਸੈਕਰਮ ਐਸ.ਪੀ.ਪੀ) ’ਚ ਉੱਚ ਪੌਲੀਪਲੋਇਡੀ ਅਤੇ ਐਨੀਪਲੋਇਡੀ ਹੁੰਦੀ ਹੈ।ਗੰਨੇ ਦਾ ਅੰਦਾਜ਼ਨ ਜੀਨੋਮ ਆਕਾਰ 10 ਜੀ.ਬੀ.ਪੀ ਹੁੰਦਾ ਹੈ, ਜਿਸ ਵਿੱਚ 10-12 ਐਲੇਲਿਕ ਰੂਪਾਂ ਤੱਕ ਜੀਨ ਮੌਜ਼ੂਦ ਹੁੰਦੇ ਹਨ।ਉਨ੍ਹਾਂ ਕਿਹਾ ਕਿ ਅਨੁਮਾਨਿਤ ਮੋਨੋਪਲੋਇਡ ਜੀਨੋਮ ਦਾ ਆਕਾਰ ਲਗਭਗ 800-900 ਐਮ.ਬੀ ਹੈ, ਜੋ ਕਿ ਕਈ ਕਿਸਮਾਂ ਦੇ ਪੱਧਰ ’ਤੇ ਨਿਰਭਰ ਕਰਦਾ ਹੈ।ਉਨ੍ਹਾਂ ਕਿਹਾ ਕਿ ਸੋਕੇ-ਸਹਿਣਸ਼ੀਲ ਗੰਨੇ ਦੀਆਂ ਕਿਸਮਾਂ 36 ਦਿਨਾਂ ਤੱਕ ਪਾਣੀ ਦੇ ਦਬਾਅ ਦਾ ਸਾਹਮਣਾ ਕਰ ਸਕਦੀਆਂ ਹਨ ਅਤੇ ਸੋਕੇ ਦੇ ਦਬਾਅ ਹੇਠ ਕੰਟਰੋਲ ਕਿਸਮ ਬੀ.ਐਲ-19 ਨਾਲੋਂ ਕਾਫ਼ੀ ਜ਼ਿਆਦਾ ਝਾੜ ਦੇ ਸਕਦੀਆਂ ਹਨ।ਰਹੇਜ਼ਾ ਅਤੇ ਬਾਜਵਾ ਨੇ ਗੰਨੇ ਦੀ ਕੀਮਤ, ਵਿਕਾਸ ਅਤੇ ਮੁਸ਼ਕਿਲਾਂ ਸਬੰਧੀ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਵਿਸਥਾਰਤ ਜਾਣਕਾਰੀ ਦਿੱਤੀ।ਮਾਹਿਰਾਂ ਨੇ ਬਾਇਓ ਕੰਟੋਰਲ ਲੈਬ ਨੂੰ ਵੇਖਿਆ ਅਤੇ ਉਸ ਦੇ ਵਿਸਥਾਰ ਸਬੰਧੀ ਆਪਣੇ ਸੁਝਾਅ ਸਾਂਝੇ ਕੀਤੇ।ਡਾ. ਮਹਿਲ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਲੈਬ ਮੁੱਖੀ ਡਾ. ਰਜਿੰਦਰਪਾਲ ਸਿੰਘ ਅਤੇ ਵਿਭਾਗ ਮੁੱਖੀ ਡਾ. ਰਣਦੀਪ ਕੌਰ ਬੱਲ ਦੇ ਯਤਨਾਂ ਨਾਲ ਇਹ ਸੈਮੀਨਾਰ ਕਰਵਾਇਆ ਗਿਆ।ਡਾ. ਮਹਿਲ ਸਿੰਘ ਵੱਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਗਿੱਲ, ਗੁਰਬਖਸ਼ ਸਿੰਘ, ਪ੍ਰੋ: ਸਤਨਾਮ ਸਿੰਘ, ਲਵਲੀਨ ਕੌਰ ਆਦਿ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …