Monday, May 27, 2024

ਵਿਚਾਰ-ਚਰਚਾ ਲੜੀ ਬਿਬੇਕ ਗੋਸਟਿ ਦੇ 31ਵੇਂ ਭਾਗ ਦਾ ਸਫ਼ਲ ਆਯੋਜਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਮਨੁੱਖੀ ਆਤਮ ਜਦੋਂ ਆਪਣੀ ਹੋਂਦ ਦੇ ਅਣਦਿਸਦੇ ਪਸਾਰੇ ਅਤੇ ਉਸ ਦੇ ਫੈਲਾਅ ਨੂੰ ਮੁਖਾਤਿਬ ਹੁੰਦੀ ਹੈ ਤਾਂ ਉਸ ਦੀ ਹਰਕਤ ਉਸ ਅਣਦਿਸਦੇ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸਿਰਜਦੀ ਹੈ।ਇਸੇ ਤਰਾਂ੍ਹ ਲਿਖਤ ਵੀ ਸਿਰਜਣਾ ਦਾ ਹੀ ਉਹ ਰੂਪ ਹੈ ਜੋ ਦੋ-ਪੱਖੀ ਧਰਾਤਲ ‘ਤੇ ਆਪਣੀ ਹੋਂਦ ਗ੍ਰਹਿਣ ਕਰਦੀ ਹੈ।ਸੋ ਆਤਮ ਦੀ ਇਹ ਸਿਰਜਣ ਪ੍ਰਕਿਰਿਆ ਕੀ ਗਤੀਸ਼ੀਲ ਵਿਹਾਰੀ-ਪ੍ਰਭਾਵਾਂ ਦੀ ਮੁਹਤਾਜ ਹੈ ਜਾਂ ਕੋਈ ਬ੍ਰਹਿਮੰਡੀ ਲੈਅ ਨਿਯਮ ਉਸ ਸਿਰਜਣ ਪ੍ਰਕਿਰਿਆ ਵਿਚ ਮੌਜੂਦ ਹੁੰਦਾ ਹੈ? ਅਜਿਹੇ ਪ੍ਰਸ਼ਨ ਨੂੰ ਦਾਰਸ਼ਨਿਕ ਧਰਾਤਲ ਦੇ ਨਾਲ ਹੀ ਸਾਹਿਤਕੀ ਅਤੇ ਲੈਅ ਅਨੁਸ਼ਾਸ਼ਨੀ ਨੇਮਾਂ ਰਾਹੀਂ ਵੀ ਸਮਝਣ ਦੀ ਲੋੜ ਹੈ, ਜਿਸ ਨੂੰ ਲਬਾਰਥ ਜਿਹੇ ਚਿੰਤਕ ਦੀ ਲਿਖਤਾਂ ਵਿੱਚ ਵਿਸ਼ੇਸ਼ ਨੁਕਤੇ ਵਜੋਂ ਉਭਾਰਿਆ ਗਿਆ ਹੈ।ਇਹਨਾਂ ਸ਼ਬਦਾਂ ਨਾਲ ਅੱਜ ਦੀ ਬਿਬੇਕ ਗੋਸ਼ਟਿ ਦੇ ਮੁੱਖ ਪ੍ਰਵਕਤਾ ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਖੋਜਾਰਥੀ ਸੰਦੀਪ ਸ਼ਰਮਾ ਨੇ ਆਪਣੇ ਭਾਸ਼ਣ ਦਾ ਆਗਾਜ਼ ਕੀਤਾ।ਬਿਬੇਕ ਗੋਸ਼ਟਿ ਖੋਜ਼ ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਮਹੀਨਾਵਾਰ ਕੀਤੀ ਜਾਂਦੀ ਵਿਚਾਰ-ਚਰਚਾ ਲੜੀ ਹੈ ਜਿਸ ਦੇ 31ਵੇਂ ਭਾਗ ਦਾ ਆਯੋਜਨ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਆਨਲਾਈਨ ਮਾਧਿਅਮ ਰਾਹੀਂ ਕੀਤਾ ਗਿਆ।ਅੱਜ ਦੇ ਇਸ ਆਯੋਜਨ ਵਿੱਚ ਉਹਨਾਂ ਪ੍ਰਸਿਧ ਫਰਾਂਸੀਸੀ ਸਾਹਿਤ ਚਿੰਤਕ ਅਤੇ ਦਾਰਸ਼ਨਿਕ ਫਿਲਿਪ ਲਕੂ-ਲਬਾਰਥ ਦੁਆਰਾ ਰਚਿਤ ਬਹੁ-ਚਰਚਿਤ ਲੇਖ ‘ਦ ਈਕੋ ਆਫ਼ ਦ ਸਬਜੈਕਟ’ ‘ਤੇ ਆਪਣਾ ਖੋਜ-ਪਰਚਾ ਪੇਸ਼ ਕੀਤਾ।ਇਸ ਰਚਨਾ ਰਾਹੀਂ ਲਬਾਰਥ ਮਨੋਵਿਸ਼ਲੇਸ਼ਣ, ਭਾਸ਼ਾਈ ਜੁਜ਼ਾਂ ਦੀ ਬਾਰੀਕ ਹਰਕਤ ਅਤੇ ਕਾਂਤੀਅਨ ਫ਼ਲਸਫ਼ੇ ਦੇ ਫੈਲਾਵਾਂ ਦੀ ਪਿੱਠਭੂਮੀ ਵਿਚ ਰਾਹੀਂ ਹੋਂਦ ਸੰਬੰਧੀ ਆਪਣੇ ਅਧਿਐਨ ਨੂੰ ਸੰਭਾਵਿਤ ਕਰਦਾ ਹੈ।
ਉਨ੍ਹਾਂ ਦੇ ਖੋਜ-ਪੱਤਰ ਦੀ ਸਮਾਪਤੀ ਤੋਂ ਬਾਅਦ ਸੰਵਾਦ ਰਚਾਇਆ ਗਿਆ ਜਿਸ ਵਿੱਚ ਜਾਮੀਆ ਮਿਲੀਆ ਇਸਲਾਮੀਆ ਤੋਂ ਖੋਜਾਰਥੀ ਜਸਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਖੋਜਾਰਥੀ ਹੀਰਾ ਸਿੰਘ, ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਡਾ. ਹਲਵਿੰਦਰ ਸਿੰਘ ਅਤੇ ਸੰਸਥਾ ਦੇ ਖੋਜਾਰਥੀ ਅਮਨਿੰਦਰ ਸਿੰਘ ਨੇ ਲਬਾਰਥ ਦੀ ਦਾਰਸ਼ਨਿਕ ਸੰਰਚਨਾ ਪਿੱਛੇ ਕਾਰਜਸ਼ੀਲ ਪ੍ਰਭਾਵਾਂ ਅਤੇ ਪਰਪੰਚਵਾਦ, ਸਰੰਚਨਾਵਾਦ ਅਤੇ ਦੈਰੀਦੀਅਨ ਚਿੰਤਨ ਦੇ ਯੋਗਦਾਨ ਬਾਬਤ ਪ੍ਰਸ਼ਨ ਕੀਤੇ।
ਇਸ ਆਯੋਜਨ ਵਿੱਚ ਜਾਮੀਆ ਮਿਲੀਆ ਇਸਲਾਮੀਆ ਨਵੀਂ ਦਿੱਲੀ ਜਸਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜੈਪ੍ਰੀਤ ਕੌਰ, ਹੀਰਾ ਸਿੰਘ, ਦਿੱਲੀ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਜਗਜੀਤ ਸਿੰਘ, ਕਰਮਜੀਤ ਕੋਮਲ, ਅੰਕਿਤਾ ਸੇਠੀ, ਇਮਰਤਪਾਲ ਸਿੰਘ, ਹਰਮਨਗੀਤ ਕੌਰ, ਆਈ.ਆਈ.ਐਸ.ਐਸ.ਈ.ਆਰ ਭੋਪਾਲ ਤੋਂ ਮੁਹੰਮਦ ਅਸਦ ਖਾਨ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਲਖਵੀਰ ਸਿੰਘ ਅਤੇ ਸੰਸਥਾ ਦੇ ਖੋਜ਼ਾਰਥੀ ਰਾਜਵੀਰ ਕੌਰ, ਅਮਨਿੰਦਰ ਸਿੰਘ, ਨਵਜੋਤ ਕੌਰ ਨੇ ਭਾਗ ਲਿਆ।ਮੰਚ ਦਾ ਸੰਚਾਲਨ ਦਿੱਲੀ ਯੂਨੀਵਰਸਿਟੀ ਨਵੀਂ ਦਿੱਲੀ ਦੇ ਖੋਜ਼ਾਰਥੀ ਹਰਪ੍ਰੀਤ ਸਿੰਘ ਨੇ ਕੀਤਾ।
ਇਸ ਆਯੋਜਨ ਦੇ ਸੰਚਾਲਕ ਗੁਰਦਿਆਲ ਸਿੰਘ ਨੇ ਦੱਸਿਆ ਅਗਲੀ ਬਿਬੇਕ ਗੋਸਟਿ ਦਾ ਆਯੋਜਨ 15 ਮਈ 2024 ਨੂੰ ਕੀਤਾ ਜਾਵੇਗਾ।

 

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …