Saturday, December 21, 2024

ਜੀ.ਐਨ.ਡੀ.ਯੂ ਦਾ ਦੁਨੀਆਂ ਭਰ ਦੀਆਂ ਚੋਟੀ ਦੀਆਂ 23 ਫੀਸਦ ਸਰਵੋਤਮ ਯੂਨੀਵਰਸਿਟੀਆਂ ‘ਚ ਸ਼ੁਮਾਰ

ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ ਖੁਰਮਣੀਆਂ) – ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਰਵੋਤਮ ਯੂਨੀਵਰਸਿਟੀਆਂ ਦੀ ਵਿਸ਼ਵ ਰੈਂਕਿੰਗ 2024 ਵਿੱਚ ਦੁਨੀਆ ਭਰ ਦੀਆਂ ਚੋਟੀ ਦੀਆਂ 23 ਫੀਸਦ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਕੀਤਾ ਗਿਆ ਹੈ।ਸਟੱਡੀ ਅਬਰੋਡ ਏਡ ਵੱਲੋਂ ਵਿਸ਼ਵ ਦੀਆਂ 8032 ਯੂਨੀਵਰਸਿਟੀਆਂ ਦੇ ਕਰਵਾਏ ਗਏ ਇੱਕ ਸਰਵੇਖਣ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਉੱਚ-ਗੁਣਵੱਤਾ ਵਾਲੀ ਸਿੱਖਿਆ ਅਤੇ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕਿਫਾਇਤੀ ਸਹੂਲਤਾਂ ਮੁਹਈਆ ਕਰਵਾਉਣ ਲਈ ਵਿਸ਼ਵ ਪੱਧਰ `ਤੇ 1782 ਸਥਾਨ ‘ਤੇ ਆਈ ਹੈ।ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਰਵੋਤਮ ਮੁੱਲ ਯੂਨੀਵਰਸਿਟੀ ਦਰਜ਼ਾਬੰਦੀ ਦੋ ਮੈਟ੍ਰਿਕਸ `ਤੇ ਅਧਾਰਿਤ ਹੈ, ਜਿਨ੍ਹਾਂ ਵਿੱਚ ਅਕਾਦਮਿਕ ਗੁਣਵੱਤਾ, ਵੇਟਜ਼ 75 ਫੀਸਦ, ਅਤੇ ਬਾਕੀ 25 ਫੀਸਦ ਲਈ ਸਿੱਖਿਆ ਦੀ ਲਾਗਤ ਸ਼ਾਮਿਲ ਹੈ।ਏਜੰਸੀ ਅਨੁਸਾਰ ਵਿਸ਼ਵ ਯੂਨੀਵਰਸਿਟੀ ਰੈਂਕਿੰਗ 2024 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ, ਵਿਭਿੰਨਤਾ ਅਤੇ ਵਿਦਿਆਰਥੀ ਭਲਾਈ ਦੇ ਠੋਸ ਸਾਕਾਰਤਾਮਕ ਆਧਾਰਾਂ `ਤੇ ਵਿਸ਼ਵ ਪੱਧਰ ਦੀਆਂ ਚੋਟੀ ਦੀਆਂ 27 ਫੀਸਦ ਯੂਨੀਵਰਸਿਟੀਆਂ ਵਿਚੋਂ ਇੱਕ ਹੈ ਅਤੇ ਇਹ ਉੱਤਰੀ ਖੇਤਰ (ਜੰਮੂ, ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼) ਦੀ ਇਕੋ-ਇਕ ਬਹੁ-ਅਨੁਸ਼ਾਸਨੀ ਰਾਜ ਯੂਨੀਵਰਸਿਟੀ ਹੈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਪਿਛਲੇ ਕੁੱਝ ਸਾਲਾਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਰੈਂਕਿੰਗ ਨੂੰ ਉੱਚਾ ਚੁੱਕਣ ਲਈ ਉੱਚ ਗੁਣਵੱਤਾ ਵਾਲੀਆਂ ਅਕਾਦਮਿਕ ਪਹਿਲਕਦਮੀਆਂ, ਫੈਕਲਟੀ ਦੀ ਉੱਚ ਪੱਧਰੀ ਖੋਜ਼ ਅਤੇ ਵਿਦਿਆਰਥੀ ਅਨੁਕੂਲ ਕੈਂਪਸ ਵਰਗੇ ਪ੍ਰਮੁੱਖ ਕਾਰਕਾਂ ਨੂੰ ਸਹਾਈ ਮੰਨਿਆ ਹੈ।ਉਚ ਪਾਏ ਦੀ ਖੋਜ਼ ਨੇ ਸਕੋਪਸ ਵਿੱਚ ਸਿਖਰਲੇ 10 ਫੀਸਦ ਖੋਜ ਪੱਤਰਾਂ ਦੇ ਹਵਾਲੇ ਨਾਲ ਯੂਨੀਵਰਸਿਟੀ ਦਾ ਐਚ ਇੰਡੈਕਸ 64 ਤੋਂ 145 ਤੱਕ ਪਹੁੰਚ ਗਿਆ ਹੈ।ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਵੀ ਅਤਿ-ਆਧੁਨਿਕ ਵਾਤਾਵਰਣ ਪ੍ਰਦਾਨ ਕਰਦੀ ਹੈ ਅਤੇ ਰਾਸ਼ਟਰੀ ਯੁਵਕ ਮੇਲਿਆਂ ਵਿੱਚ ਚੋਟੀ ਦੀਆਂ ਪੁਜ਼ੀਸ਼ਨਾਂ ਦੇ ਨਾਲ ਰਿਕਾਰਡ 25 ਵਾਰ ਵੱਕਾਰੀ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਜਿੱਤਣਾ ਵੀ ਇਸ ਵਿੱਚ ਸ਼ਾਮਿਲ ਹੈ।ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਅਤੇ ਸਟਾਫ਼ ਨੂੰ ਵਧਾਈ ਦਿੰਦਿਆਂ ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਪਰਿਵਾਰ ਦੇ ਸੁਹਿਰਦ ਯਤਨਾਂ ਸਦਕਾ ਯੂਨੀਵਰਸਿਟੀ ਨੇ ਦੇਸ਼-ਵਿਦੇਸ਼ ਵਿੱਚ ਨਾਮਣਾ ਖੱਟਿਆ ਹੈ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਆਉਣ ਵਾਲੇ ਸਮੇਂ ਵਿੱਚ ਆਪਣੀ ਰੈਂਕਿੰਗ ਵਿੱਚ ਹੋਰ ਵੀ ਸੁਧਾਰ ਕਰੇਗੀ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …