ਸੰਗਰੂਰ, 21 ਮਈ (ਜਗਸੀਰ ਲੌਂਗੋਵਾਲ) – ਸਾਉਣੀ 2024 ਦੀਆਂ ਫਸਲਾਂ, ਫਸਲੀ ਵਿਭਿੰਨਤਾ, ਮਿਲਟਸ ਦੀਆਂ ਫਸਲਾਂ ਅਤੇ ਫਸਲਾਂ ਦੀ ਰਹਿੰਦ ਖੂੰਹਦ ਬਾਰੇ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਜਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਸੰਗਰੂਰ ਵਿਖੇ ਲਗਾਇਆ ਗਿਆ।ਜਿਸ ਵਿੱਚ ਜਿਲ੍ਹਾ ਭਰ ਵਿਚੋਂ ਵੱਡੀ ਗਿਣਤੀ ‘ਚ ਕਿਸਾਨਾਂ ਨੇ ਭਾਗ ਲਿਆ।ਮੁੱਖ ਮਹਿਮਾਨ ਵਰਜੀਤ ਵਾਲੀਆ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਲੋਂ ਉਚੇਚੇ ਤੌਰ ‘ਤੇ ਪਹੁੰਚੇ।ਇਸ ਕੈਂਪ ਦੀ ਪ੍ਰਧਾਨਗੀ ਡਾ: ਅਰੁਣ ਕੁਮਾਰ ਸੰਯੁਕਤ ਡਾਇਰੈਕਟਰ ਖੇਤੀਬਾੜੀ (ਹਜ) ਪੰਜਾਬ ਵਲੋਂ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਲੋਂ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨ ਖੇਤੀ ਮਾਹਿਰਾਂ ਦੁਆਰਾ ਦੱਸੀਆਂ ਸਿਫਾਰਸ਼ਾਂ ‘ਤੇ ਅਮਲ ਕਰਨ ਤੇ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਜਿਵੇਂ ਮਧੂ ਮੱਖੀ ਪਾਲਣ, ਪਸ਼ੂ ਪਾਲਣ, ਮੱਛੀ ਪਾਲਣ, ਮੁਰਗੀ ਪਾਲਣ, ਡੇਅਰੀ, ਬਾਗਬਾਨੀ, ਫੁੱਲਾਂ ਦੀ ਕਾਸ਼ਤ ਆਦਿ ਅਪਣਾਏ ਜਾਣ ਤਾਂ ਕਿ ਵੱਧ ਆਮਦਨ ਲਈ ਜਾ ਸਕੇ।ਉਨਾਂ ਕਿਹਾ ਕਿ ਸੰਗਰੂਰ ਜਿਲ੍ਹੇ ਦੇ ਕਿਸਾਨ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੀ ਮਿਹਨਤ ਸਦਕਾ ਸੰਗਰੂਰ ਜਿਲ੍ਹਾ ਕਣਕ ਦਾ ਔਸਤ ਝਾੜ ਪੈਦਾ ਕਰਕੇ ਪਹਿਲੇ ਸਥਾਨ ‘ਤੇ ਰਿਹਾ ਹੈ।
ਡਾ: ਅਰੁਣ ਕੁਮਾਰ ਸੰਯੁਕਤ ਡਾਇਰੈਕਟਰ ਖੇਤੀਬਾੜੀ ਨੇ ਕਿਹਾ ਕਿ ਸਾਉਣੀ 2024 ਲਈ ਖਾਦਾਂ, ਬੀਜ਼ਾਂ ਅਤੇ ਕੀੜੇਮਾਰ ਦਵਾਈਆਂ ਦੇ ਸਰਕਾਰ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਬਿਜਾਈ ਸਮੇਂ ਕਿਸੇ ਵੀ ਖੇਤੀ ਇਨਪੁਟਸ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਜਿਲ੍ਹੇ ‘ਚ ਚੱਲ ਰਹੀਆਂ ਤੋਂ ਪਰਖ ਪ੍ਰਯੋਗਸ਼ਾਲਾਵਾਂ ਧੂਰੀ, ਸੰਗਰੂਰ, ਸੁਨਾਮ ਅਤੇ ਮਲੇਰਕੋਟਲਾ ਵਿਚੋਂ ਮਿੱਟੀ ਟੈਸਟ ਕਰਾਉਣ ਉਪਰੰਤ ਹੀ ਰਿਪੋਰਟ ਦੇ ਅਧਾਰ ‘ਤੇ ਜਰੂਰਤ ਅਨੁਸਾਰ ਖਾਦਾਂ ਦੀ ਵਰਤੋਂ ਕੀਤੀ ਜਾਵੇ। ਡਾ: ਅਮਰਜੀਤ ਸਿੰਘ ਖੇਤੀਬਾੜੀ ਅਫਸਰ ਸੰਗਰੂਰ ਨੇ ਮੰਚ ਸੰਚਾਲਨ ਕੀਤਾ।ਉਨ੍ਹਾਂ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਕਿਸੇ ਵੀ ਖੇਤੀ ਇਨਪੁਟਸ ਜਿਵੇਂ ਬੀਜ਼, ਖਾਦ, ਕੀੜੇਮਾਰ ਦਵਾਈਆਂ ਦੀ ਖਰੀਦ ਸਮੇਂ ਵਿਕਰੇਤਾ ਪਾਸੋਂ ਪੱਕਾ ਬਿਲ ਜਰੂਰ ਲਿਆ ਜਾਵੇ।ਪਾਣੀ ਦੀ ਬੱਚਤ ਅਤੇ ਖੇਤੀ ਖਰਚ ਘਟਾਉਣ ਦੇ ਮੰਤਵ ਨਾਲ ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਦੀ ਲਵਾਈ ਅਤੇ ਬਿਜ਼ਾਈ ਸਰਕਾਰ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ ਅਨੁਸਾਰ ਕਰਨ ਲਈ ਪ੍ਰੇਰਿਤ ਕੀਤਾ।
ਤਕਨੀਕੀ ਸੈਸ਼ਨ ਦੌਰਾਨ ਪੀਏਯੂ ਤੇ ਖੇਤੀ ਵਿਭਾਗ ਦੇ ਮਾਹਿਰਾਂ ਵਲੋਂ ਭਰਪੂਰ ਜਾਣਕਾਰੀ ਦਿੱਤੀ ਗਈ।ਜਿਨ੍ਹਾਂ ਵਿੱਚ ਫਾਰਮ ਸਲਾਹਕਾਰ ਸੇਵਾ ਕੇਂਦਰ ਤੋਂ ਸਹਾਇਕ ਪ੍ਰੋਫੈਸਰ ਡਾ: ਅਸ਼ੋਕ ਕੁਮਾਰ ਨੇ ਮਿੱਟੀ ਤੇ ਪਾਣੀ ਪਰਖ ਮਹੱਤਤਾ ਅਤੇ ਕੇ.ਵੀ.ਕੇ ਤੋਂ ਡਾ: ਰਣਬੀਰ ਸਿੰਘ ਨੇ ਸਾਉਣੀ ਦੀਆਂ ਫਸਲਾਂ ਤੇ ਕੀੜੇ ਮਕੌੜਿਆਂ ਤੇ ਬਿਮਾਰੀਆਂ ਤੋਂ ਬਚਾਅ ਬਾਰੇ, ਡਾ: ਸੁਨੀਲ ਕੁਮਾਰ ਵਲੋਂ ਖੇਤੀ ਮਸ਼ੀਨਰੀ ਦੀ ਸਾਂਭ ਸੰਭਾਲ ਅਤੇ ਸੁਚੱਜੀ ਵਰਤੋਂ, ਡਾ: ਅਜੇ ਸਿੰਘ ਵਲੋਂ ਪਸ਼ੂਆਂ ਵਿੱਚ ਪ੍ਰਚਲਿਤ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਡਾ: ਰਕਿੰਦਰਪ੍ਰੀਤ ਸਿੰਘ ਧਾਲੀਵਾਲ ਨੇ ਸਾਉਣੀ ਦੀਆਂ ਫਸਲਾਂ ਲਈ ਸੁਧਰੇ ਬੀਜ਼ਾਂ ਅਤੇ ਖੇਤ ਦੇ ਕਾਸ਼ਤਕਾਰੀ ਢੰਗਾਂ ਬਾਰੇ ਅਤੇ ਡਾ: ਮਨਦੀਪ ਸਿੰਘ ਇੰਚਾਰਜ ਕੇ.ਵੀ.ਕੇ ਖੇੜੀ ਵਲੋਂ ਕੇ.ਵੀ.ਕੇ ਵਲੋਂ ਸਮੇਂ ਸਮੇਂ ਤੇ ਚਲਾਈਆਂ ਜਾਣ ਵਾਲੀਆਂ ਟ੍ਰੇਨਿੰਗਾਂ ਅਤੇ ਸੁੱਧਰੇ ਬੀਜਾਂ ਦੀ ਮਹੱਤਤਾ ਬਾਰੇ ਦੱਸਿਆ। ਡਾ: ਮੁਕੇਸ਼ ਗੁਪਤਾ ਪਸ਼ੂ ਪਾਲਣ ਵਿਭਾਗ ਵਲੋਂ ਪਸ਼ੂਆਂ ਵਿੱਚ ਪੈਣ ਵਾਲੀਆਂ ਬਿਮਾਰੀਆਂ ਦੀ ਵੈਕਸੀਨੇਸ਼ਨ ਸੰਬੰਧੀ ਅਤੇ ਪੰਕਜ ਉੱਪਲ ਚੀਫ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਸੰਗਰੂਰ ਵਲੋਂ ਬੈਂਕ ਵਲੋਂ ਚਲਾਈਆਂ ਜਾਣ ਵਾਲੀਆਂ ਲਿਮਟ ਅਤੈ ਲੋਨ ਸਕੀਮਾਂ ਬਾਰੇ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ।ਵੱਖ ਵੱਖ ਸਰਕਾਰੀ ਵਿਭਾਗਾਂ ਵਲੋਂ ਪ੍ਰਭਾਵਸ਼ਾਲੀ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।
ਅੰਤ ‘ਚ ਡਾ: ਰਜਿੰਦਰ ਕੁਮਾਰ ਜਿਲ੍ਹਾ ਸਿਖਲਾਈ ਅਫਸਰ ਸੰਗਰੂਰ ਨੇ ਜਿਲ੍ਹੇ ਵਿੱਚ ਸਾਉਣੀ ਸੀਜ਼ਨ ਦੌਰਾਨ ਪਿੰਡ ਤੇ ਬਲਾਕ ਪੱਧਰ ‘ਤੇ ਲਗਾਏ ਗਏ ਕੈਂਪਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …