Friday, March 28, 2025

ਜਿਲ੍ਹਾ ਮੈਜਿਸਟਰੇਟ ਨੇ 1 ਅਤੇ 4 ਜੂਨ ਨੂੰ ਡਰਾਈ ਡੇਅ ਐਲਾਨਿਆ

ਪੋਲਿੰਗ ਸਟੇਸ਼ਨ ਦੇ 100 ਮੀਟਰ ਘੇਰੇ ‘ਚ ਮੋਬਾਇਲ, ਸਪੀਕਰ, ਤੇਜ਼ਧਾਰ ਹਥਿਆਰ ਲਿਜਾਣ ‘ਤੇ ਰਹੇਗੀ ਪਾਬੰਦੀ

ਅੰਮ੍ਰਿਤਸਰ, 27 ਮਈ (ਸੁਖਬੀਰ ਸਿੰਘ) – ਲੋਕ ਸਭਾ ਦੀਆਂ ਚੋਣਾਂ 2024 1 ਜੂਨ 2024 ਨੂੰ ਹੋਣੀਆਂ ਹਨ ਅਤੇ ਇਨਾਂ ਦੀ ਗਿਣਤੀ 4 ਜੂਨ 2024 ਨੂੰ ਹੋਣੀ ਹੈ।ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹਾ ਮੈਜਿਸਟਰੇਟ ਘਨਸ਼ਾਮ ਥੋਰੀ ਨੇ ਪੰਜਾਬ ਆਬਕਾਰੀ ਐਕਟ 1914 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਅੰਮ੍ਰਿਤਸਰ ਦੀ ਹਦੂਦ ਅੰਦਰ 30 ਮਈ ਨੂੰ ਸ਼ਾਮ 6 ਵਜੇ ਤੋਂ 1 ਜੂਨ 2024 ਨੂੰ ਪੋਲਿੰਗ ਦਾ ਕੰਮ ਮੁਕੰਮਲ ਹੋਣ ਤੱਕ ਅਤੇ 4 ਜੂਨ 2024 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਸ਼ਰਾਬ ਵੇਚਣ ‘ਤੇ ਪਾਬੰਦੀ ਲਗਾਈ ਹੈ।
ਇਸੇ ਤਰ੍ਹਾਂ ਸਰੱਹਦੀ ਖੇਤਰ ਵਿੱਚ ਬਾਰਡਰ ਪਾਰ ਤੋਂ ਡਰੋਨ ਅਤੇ ਹੋਰ ਤਰੀਕੇ ਨਾਲ ਅਣਅਧਿਕਾਰਤ ਚੀਜ਼ਾਂ ਦੀ ਆਮਦ ਨੂੰ ਰੋਕਣ ਲਈ ਜਿਲ੍ਹਾ ਮੈਜਿਸਟਰੇਟ ਨੇ ਪੰਜਾਬ, ਵਿਲੇਜ ਐਂਡ ਸਮਾਲ ਟਾਊਨ ਪੈਟਰੋਲ ਐਕਟ 1918 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅੰਮ੍ਰਿਤਸਰ ਦੇ ਸਰਹੱਦੀ ਏਰੀਏ ਵਿੱਚ ਬਾਲਗ ਵਿਅਕਤੀਆਂ ਵਲੋਂ 24 ਘੰਟੇ ਪਹਿਰਾ ਦੇਣ ਦੀ ਹੁਕਮ ਜਾਰੀ ਕੀਤੇ ਹਨ ਤਾਂ ਜੋ ਕੋਈ ਨਸ਼ਾ ਜਾਂ ਹਥਿਆਰ ਦੀ ਤਸਕਰੀ ਨਾ ਹੋ ਸਕੇ।ਇਸ ਵਿੱਚ 60 ਸਾਲ ਤੋਂ ਉਪਰ ਵਾਲੇ ਬਜ਼ੁਰਗ ਅਤੇ ਅੰਗਹੀਣ ਵਿਅਕਤੀਆਂ ਨੂੰ ਛੋਟ ਦਿੱਤੀ ਗਈ ਹੈ।ਇਹ ਹੁਕਮ 24 ਮਈ ਤੋਂ 4 ਜੂਨ 2024 ਤੱਕ ਲਾਗੂ ਰਹੇਗਾ।
ਚੋਣ ਸ਼ਾਂਤੀ ਪੂਰਵਕ ਕਰਵਾਉਣ ਲਈ ਜਿਲ੍ਹਾ ਮੈਜਿਸਟਰੇਟ ਨੇ ਜਿਲ੍ਹਾ ਅੰਮ੍ਰਿਤਸਰ ‘ਚ ਪੈਂਦੇ ਸਾਰੇ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਮੇਗਾ ਫੋਨ, ਮੋਬਾਇਲ ਫੋਨ, ਵਾਇਰਲੈਸ ਸੈਟ ਲਿਜਾਣ ਜਾਂ ਲਾਊਡ ਸਪੀਕਰ ਵਜਾਉਣ ‘ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।ਜਿਲ੍ਹਾ ਮੈਜਿਸਟਰੇਟ ਘਨਸ਼ਾਮ ਥੋਰੀ ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ 1 ਜੂਨ 2024 ਨੂੰ ਸਵੇਰੇ 8:00 ਵਜੇ ਤੋਂ ਲੈ ਕੇ ਸ਼ਾਮ ਪੋਲਿੰਗ ਖ਼ਤਮ ਹੋਣ ਤੱਕ ਲਾਗੂ ਰਹੇਗਾ।ਇਹ ਹੁਕਮ ਚੋਣ ਡਿਊਟੀ ‘ਤੇ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ ਤੇ ਲਾਗੂ ਨਹੀਂ ਹੋਵੇਗਾ।
ਇਸ ਦੇ ਨਾਲ ਹੀ ਜਿਲ੍ਹਾ ਮੈਜਿਸਟਰੇਟ ਨੇ ਜਿਲ੍ਹੇ ਅੰਦਰ ਲਾਊਡ ਸਪੀਕਰ ਵਜਾਉਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ, ਜੋ ਕਿ 30 ਮਈ 2024 ਨੂੰ ਸ਼ਾਮ 5:00 ਵਜੇ ਤੋਂ ਲੈ ਕੇ 1 ਜੂਨ 2024 ਨੂੰ ਪੋਲਿੰਗ ਖ਼ਤਮ ਹੋਣ ਤੱਕ ਲਾਗੂ ਰਹੇਗੀ। ਇਸੇ ਤਰ੍ਹਾਂ ਜਿਲ੍ਹਾ ਮੈਜਿਸਟਰੇਟ ਨੇ ਚੋਣ ਪ੍ਰਕਿਰਿਆ ਨੂੰ ਅਮਨ ਕਾਨੂੰਨ ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਘੇਰੇ ਅੰਦਰ ਹਰ ਕਿਸਮ ਦੇ ਅਗਨ ਸ਼ਸ਼ਤਰ, ਵਿਸਫੋਟਕ ਪਦਾਰਥ, ਜਲਨਸ਼ੀਲ ਚੀਜਾਂ ਅਤੇ ਤੇਜ਼ ਹਥਿਆਰ ਜਿਨ੍ਹਾਂ ਵਿੱਚ ਟਕੂਏ, ਬਰਛੇ, ਛੁਰੇ ਆਦਿ ਸ਼ਾਮਲ ਹਨ ਨੂੰ ਲੈ ਕੇ ਚੱਲਣ ਦੀ ਮਨਾਹੀ ਦੇ ਹੁਕਮ ਅੱਜ ਤੋਂ 1 ਜੂਨ 2024 ਨੂੰ ਵੋਟਾਂ ਖ਼ਤਮ ਹੋਣ ਤੱਕ ਲਾਗੂ ਰਹੇਗਾ।

 

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …