Friday, July 5, 2024

ਸਿਹਤ ਵਿਭਾਗ ਨੇ ਡੇਂਗੂ ਤੋਂ ਬਚਾਅ ਲਈ ਕਰਵਾਈ ਅਨਾਉਂਸਮੈਂਟ

ਸੰਗਰੂਰ, 6 ਜੂਨ (ਜਗਸੀਰ ਲੌਂਗੋਵਾਲ) – ਮੌਸਮ ਬਦਲਣ ਦੇ ਨਾਲ ਹੀ ਮੱਛਰਾਂ ਕਰਕੇ ਸਾਨੂੰ ਡੇਂਗੂ, ਮਲੇਰੀਆ ਜਿਹੀਆਂ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸਿਵਲ ਸਰਜਨ ਡਾ. ਕਿਰਪਾਲ ਸਿੰਘ ਦੇ ਹੁਕਮਾਂ ਅਤੇ ਸੀਨੀਅਰ ਮੈਡੀਕਲ ਅਫਸਰ ਲੌਗੋਂਵਾਲ ਡਾ. ਹਰਪ੍ਰੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਅਤੇ ਰਾਜਿੰਦਰ ਕੁਮਾਰ ਬਾਂਸਲ ਐਸ.ਆਈ ਦੀ ਅਗਵਾਈ ਵਿੱਚ ਸੈਕਟਰ ਉਭਾਵਾਲ ਅਧੀਨ ਪੈਂਦੇ ਪਿੰਡ ਨਮੋਲ, ਸ਼ੇਰੋਂ, ਚੱਠੇ ਸੇਖਵਾਂ, ਉਭਾਵਾਲ, ਵਿੱਚ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ, ਉਸਦੇ ਲੱਛਣ ਅਤੇ ਇਲਾਜ ਸਬੰਧੀ ਸਪੀਕਰ ਰਾਹੀ ਪਿੰਡ ਦੀਆਂ ਗਲੀਆਂ, ਸੱਥਾਂ, ਚੋਤਰਿਆਂ, ਘਰਾ ਆਦਿ ਥਾਵਾਂ ‘ਤੇ ਅਨਾਉਂਸਮੈਂਟ ਕਾਰਵਾਈ ਗਈ।ਇਸ ਦਾ ਮੰਤਵ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ ਸਬੰਧੀ ਜਾਗਰੂਕ ਕਰਨਾ ਹੈ।ਉਨ੍ਹਾਂ ਦੱਸਿਆ ਕਿ ਡੇਂਗੂ ਬੁਖਾਰ ਮਾਦਾ ਏਡੀਜ਼ ਅਜਿੱਪਟੀ ਨਾਮੀਂ ਮੱਛਰ ਦੇ ਕੱਟਣ ਨਾਲ ਹੁੰਦਾ ਹੈ।ਆਮ ਤੌਰ `ਤੇ ਬਰਸਾਤ ਦੇ ਮੌਸਮ ਦੌਰਾਨ ਅਤੇ ਘਰਾਂ ਵਿੱਚ ਪਾਣੀ ਦੇ ਜਮਾਂ ਹੋਣ ਕਾਰਨ ਮੱਛਰ ਪੈਦਾ ਹੋ ਜਾਂਦੇ ਹਨ, ਜੋ ਸਵੇਰੇ ਅਤੇ ਸ਼ਾਮ ਵੇਲੇ ਕੱਟਦੇ ਹਨ।ਬੁਖਾਰ ਸਰੀਰ ਵਿੱਚ ਪਲੇਟਲੈਟ ਸੈਲਾਂ ਨੂੰ ਘਟਾ ਦਿੰਦਾ ਹੈ ਅਤੇ ਤੇਜ ਬੁਖ਼ਾਰ ਨਾਲ ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਲਾਲ ਦਾਣੇ ਅਤੇ ਗੰਭੀਰ ਸਥਿਤੀ ਵਿੱਚ ਮਸੂੜਿਆਂ ਵਿਚੋਂ ਖੂਨ ਆਉਣਾ ਇਸ ਦੇ ਲੱਛਣ ਹਨ। ਅਜਿਹੇ ਲੱਛਣ ਦਿਖਣ ‘ਤੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਜਾਂ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ।
ਡੇਂਗੂ ਤੋਂ ਬਚਾਅ ਲਈ ਕੂਲਰਾਂ, ਗਮਲੇ ਅਤੇ ਫ਼ਰਿਜ਼ਾਂ, ਟਰੇਆਂ ਆਦਿ ਵਿੱਚ ਖੜੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਜਰੂਰ ਸਾਫ਼ ਕਰੋ।ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਢੱਕਿਆ ਰਹੇ ਤਾਂ ਕਿ ਤਹਾਨੂੰ ਮੱਛਰ ਨਾ ਕੱਟ ਸਕੇ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਵਰਤੋ।ਬੁਖਾਰ ਹੋਣ ‘ਤੇ ਸਿਰਫ ਪੈਰਾਸੀਟਾਮੋਲ ਹੀ ਲਵੋ।ਬੁਖਾਰ ਹੋਣ ‘ਤੇ ਅਸਪ੍ਰੀਨ ਤੇ ਬਰੂਫਿਨ ਗੋਲੀ ਨਾ ਲਵੋ।ਛੱਤ ‘ਤੇ ਰੱਖੀਆਂ ਟੈਂਕੀਆਂ ਦੇ ਢੱਕਣ ਚੰਗੀ ਤਰਾਂ ਬੰਦ ਕਰ ਕੇ ਰੱਖੋ।ਟੁੱਟੇ ਬਰਤਨ, ਡਰੰਮ, ਟਾਇਰ ਆਦਿ ਨੁੰ ਖੁੱਲੇ ਵਿੱਚ ਨਾ ਰੱਖੋ ਤਾਂ ਜੋ ਬਰਸਾਤੀ ਪਾਣੀ ਜਮ੍ਹਾ ਨਾ ਹੋ ਜਾਵੇ।ਪਾਣੀ ਤੇ ਤਰਲ ਚੀਜ਼ਾਂ ਜ਼ਿਆਦਾ ਪੀਓ ਅਤੇ ਅਰਾਮ ਕਰੋ, ਤਾਂ ਜੋ ਡੇਂਗੂ ਬੁਖਾਰ ਤੋਂ ਬਚਿਆ ਜਾ ਸਕੇ।
ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਵਿੱਚ ਸਿਹਤ ਵਿਭਾਗ ਉਭਾਵਾਲ, ਨਮੋਲ, ਸ਼ੇਰੋਂ, ਚੱਠੇ ਸੇਖਵਾਂ ਦੀ ਟੀਮ ਨੇ ਪੁਰਨ ਰੂਪ ਵਿੱਚ ਸ਼ਮੂਲੀਅਤ ਕੀਤੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …