
ਬਠਿੰਡਾ, 5 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਵੱਲੋਂ ਬਠਿੰਡਾ ਨਿਗਮ ਦੀ ਚੋਣ ਪ੍ਰਕ੍ਰਿਆ ਸ਼ੁਰੂ ਕਰਦਿਆਂ ਹੀ ਆਪਣੇ ਆਪਣੇ ਇਲਾਕਿਆਂ ਦੇ ਵਾਰਡਾਂ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਹੋਰ ਸੰਭਾਵੀ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਲਾਮਬੰਦ ਕਰਨ ਲਈ ਸਰਗਰਮੀਆਂ ਵੀ ਤੇਜ ਕਰ ਦਿੱਤੀਆਂ ਹਨ ਤੇ ਕਾਫਲਿਆਂ ਦੇ ਰੂਪ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ।17 ਨੰਬਰ ਵਾਰਡ ਦੇ ਸੰਭਾਵੀ ਉਮੀਦਵਾਰ ਕੁਲਦੀਪ ਸਿੰਘ ਢੱਲਾ ਵਲੋਂ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾ ਕੇ ਚੋਣ ਮੁਹਿੰਮ ਨੂੰ ਤੇਜ ਕਰਦੇ ਹੋਏ ਡੋਰ ਟੂ ਡੋਰ ਚੋਣ ਮੁਹਿੰਮ ਕੀਤੀ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਨੂੰ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਵਿੱਚ ਆਉਣ ਦਾ ਮੁੱਖ ਮਕਸਦ ਲੋਕ ਸੇਵਾ ਹੈ ਤਾਂ ਜੋ ਘਰ-ਘਰ 100 ਫੀਸਦੀ ਸੀਵਰੇਜ ਸਿਸਟਮ, ਸਾਫ ਪੀਣ ਵਾਲਾ ਪਾਣੀ, ਸੁੰਦਰ ਸੜਕਾਂ, ਸਟਰੀਟ ਲਾਈਟਾਂ, ਬੁਢਾਪਾ ਪੈਨਸ਼ਨਾਂ, ਸ਼ਗਨ ਸਕੀਮ, ਹੁਸ਼ਿਆਰ ਬੱਚਿਆਂ ਲਈ ਸਕਾਲਰਸ਼ਿਪ ਮੁਹੱਈਆ ਹੋ ਸਕੇ ਇਸ ਦੇ ਨਾਲ ਅਵਾਰਾ ਪਸ਼ੂਆਂ ਨਾਲ ਵਾਪਰਦੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਸਕਣ, ਪੜ੍ਹੀਆਂ ਲਿਖੀਆਂ ਹੁਨਰਮੰਦ ਲੜਕੀਆਂ ਨੂੰ ਆਪਣਾ ਰੋਜ਼ਗਾਰ ਚਲਾਉਣ ਲਈ ਸਬ-ਸਿਡੀ ਵਾਲੇ ਕਰਜੇ ਮੁਹੱਈਆ ਹੋਣ, ਅੰਗਹੀਣ ਅਤੇ ਵਿਧਵਾ ਔਰਤਾਂ ਨੂੰ ਪੈਨਸ਼ਨ ਦੇ ਨਾਲ ਗੁਜਾਰਾ ਭੱਤਾ ਦਿੱਤਾ ਜਾਵੇ, ਹਰ ਇੱਕ ਵਿਅਕਤੀ ਦਾ ਰਾਸ਼ਨ ਕਾਰਡ, ਅਧਾਰ ਕਾਰਡ, ਵੋਟ ਕਾਰਡ, ਬੈਂਕ ਖਾਤਾ ਹੋਵੇ ਜਿਸ ਲਈ ਉਹ ਹਮੇਸ਼ਾ ਤੱਤਪਰ ਰਹਿਣਗੇ।ਉਨ੍ਹਾਂ ਕਿਹਾ ਕਿ ਇਹ ਚੋਣ ਭਰੂਣ ਹੱਤਿਆ, ਦਹੇਜ ਅਤੇ ਨਸ਼ੇ ਵਰਗੀਆਂ ਲਾਹਨਤਾਂ ਨੂੰ ਖਤਮ ਕਰਨ ਲਈ ਮਿਸਾਲ ਸਿੱਧ ਹੋਵੇਗੀ ਜਿਸ ਵਿੱਚ ਔਰਤਾਂ ਦੀ ਸ਼ਮੂਲੀਅਤ ਅਤੇ ਹਰ ਵੋਟਰ ਦਾ ਭਰਵਾਂ ਯੋਗਦਾਨ ਹੋਵੇਗਾ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਨਿਗਮ ਚੋਣਾਂ ਲਈ ਉਨ੍ਹਾਂ ਦੀ ਤਾਕਤ ਬਨਣ ਤਾਂ ਜੋ ਆਮ ਇਨਸਾਨ ਦੀ ਜਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾ ਸਕੇ।ਇਸ ਮੌਕੇ ਉਨ੍ਹਾਂ ਦੇ ਨਾਲ ਧਾਰਮਿਕ, ਸਮਾਜਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵਿੱਚੋਂ ਗੁਰਪਾਲ ਸਿੰਘ, ਨਿਰਭਰ ਸਿੰਘ, ਬਾਬਾ ਸ਼ੇਰ ਸਿੰਘ, ਕੁਲਦੀਪ ਸਿੰਘ, ਵਿੱਕੀ, ਜਗਸ਼ੀਰ ਸਿੰਘ, ਲਾਭ ਸਿੰਘ, ਕੁਲਵੰਤ ਸਿੰਘ, ਭਜਨ ਸਿੰਘ, ਬਿੱਕਰ ਸਿੰਘ ਆਦਿ ਤੋਂ ਭਾਰੀ ਗਿਣਤੀ ਵਿੱਚ ਬੀਬੀਆਂ ਨੇ ਵੀ ਸਮੂਲੀਅਤ ਕੀਤੀ।