Sunday, December 22, 2024

ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਗੁਰੂੁ ਪੂਰਨਿਮਾ ਸਮਾਗਮ ਦਾ ਆਯੋਜਨ

ਅੰਮ੍ਰਿਤਸਰ, 22 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਖੇ ਅੱਜ ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਗੁਰੂੁ ਪੂਰਨਿਮਾ ਦਾ ਪਵਿੱਤਰ ਦਿਨ ਮਨਾਇਆ ਗਿਆ।ਸਮਾਗਮ ਦੇ ਆਗਾਜ਼ ਵਿੱਚ ਜੋਤੀ ਜਗਾਉਣ ਦੀ ਰਸਮ ਅਦਾ ਕੀਤੀ ਗਈ।ਪੀ.ਐਚ.ਡੀ ਸਕਾਲਰ ਹਸਨ ਸਿੰਘ ਐਮ.ਪੀ.ਏ ਦੇ ਵਿਦਿਆਰਥੀ ਅਵਤਾਰ ਸਿੰਘ ਅਤੇ ਹਰਮੀਤ ਸਿੰਘ ਵਲੋਂ ਸ਼ਰਧਾਪੂਰਵਕ ਸ਼ਬਦ ਗਾਇਨ ਕੀਤਾ ਗਿਆ।ਉਪਰੰਤ ਆਲ ਇੰਡੀਆ ਰੇਡੀਓ ਦੇ ‘ਏ’ ਗਰੇਡ ਆਰਟਿਸਟ ਗੋਰਵ ਕੋਹਲੀ ਦੁਆਰਾ ਰਾਗ ਗੂਜਰੀ ਵਿੱਚ ਵਿਲੱਖਣ ਬੰਦਿਸ਼ਾਂ ਪ੍ਰਸਤੁਤ ਕਰਦਿਆਂ ਖੂਬਸੂਰਤ ਸਮ੍ਹਾਂ ਬੰਨਿਆ ਗਿਆ।
ਇਸ ਪ੍ਰਸਤੁਤੀ ਤੋਂ ਬਾਅਦ ਵਿਭਾਗ ਵਿੱਚ ਨਵ-ਨਿਯੁੱਕਤ ਹੋਏ ਸਹਾਇਕ ਪ੍ਰੋਫੈਸਰ ਡਾ. ਸ਼ੁਪ੍ਰੀਤ ਸਿੰਘ ਵਲੋਂ ਸਿਤਾਰ ‘ਤੇ ਰਾਗ ਤੋੜੀ ਦਾ ਸੁੰਦਰਤਾਪੂਰਵਕ ਵਾਦਨ ਕੀਤਾ ਗਿਆ।ਅੰਤਿਮ ਪੇਸ਼ਕਾਰੀ ਵਜੋਂ ਐਮ.ਪੀ.ਏ ਇੰਸਟਰੂਮੈਂਟਲ ਦੇ ਵਿਦਿਆਰਥੀ ਰਾਜੇਸ਼ ਕੁਮਾਰ ਵਲੋਂ ਇੱਕ ਭਜਨ ਦਾ ਗਾਇਨ ਕੀਤਾ ਗਿਆ।ਉਪਰੋਕਤ ਪੇਸ਼ਕਾਰੀਆਂ ਦੇ ਨਾਲ ਡਾ. ਮੁਰਲੀ ਮਨੋਹਰ ਦੁਆਰਾ ਤਬਲੇ ਦੀ ਸੰਗਤ ਕੀਤੀ ਗਈ ਅਤੇ ਗਾਇਨ ਦੇ ਨਾਲ ਅੰਕਿਤ ਧੀਰ ਦੁਆਰਾ ਹਰਮੋਨੀਅਮ ‘ਤੇ ਸੰਗਤ ਕੀਤੀ ਗਈ।ਇਸ ਉਪਰੰਤ ਪੀ.ਐਚ.ਦੀ ਸਕਾਲਰ ਮਨਦੀਪ ਸਿੰਘ ਦੁਆਰਾ ਮੌਕੇ ਨਾਲ ਸਬੰਧਿਤ ਆਪਣੇ ਮਨੋ-ਭਾਵ ਪੇਸ਼ ਕੀਤੇ ਗਏ।
ਸੰਗੀਤ ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਨੇ ਗੁਰੂ ਪੂਰਨਿਮਾ ਦੇ ਮਹੱਤਵ ਨੂੰ ਦਰਸਾਉਂਦਿਆਂ ਬੱਚਿਆਂ ਨੂੰ ਦੱਸਿਆ ਕਿ ਸਾਡੇ ਜੀਵਨ ਵਿਚ ਗੁਰੂ ਦੀ ਕੀ ਭੂਮਿਕਾ ਹੈ।ਗੁਰੂ ਬਿਨਾਂ ਜੀਵਨ ਅੰਧ-ਕੂਪ ਦੇ ਸਮਾਨ ਗੁਜ਼ਰਦਾ ਹੈ।ਗੁਰੂ ਸਾਨੂੰ ਜੀਵਨ ਜਿਉਣ ਦਾ ਅਤੇ ਵੱਖੋ-ਵੱਖ ਔਕੜਾਂ ਨੂੰ ਪਾਰ ਕਰਨ ਦਾ ਸੁਚੱਜਾ ਮਾਰਗ ਦਰਸਾਉਂਦਾ ਹੈ।ਸੰਗੀਤ ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ, ਡਾਈਰੈਕਟਰ ਪੀ.ਆਰ.ਓ ਪ੍ਰਵੀਨ ਪੁਰੀ, ਹਿੰਦੀ ਅਖਬਾਰ ਦੇ ਸੀਨੀਅਰ ਚੀਫ ਐਡੀਟਰ ਮੈਡਮ ਮੋਨਿਕਾ, ਡਾ. ਰੀਹਾਨ (ਉਰਦੂ ਵਿਭਾਗ), ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ, ਡਾ. ਬਲਜੀਤ ਕੌਰ, ਡਾ. ਰਮਨਦੀਪ ਕੌਰ, ਡਾ. ਸ਼ੁਪ੍ਰੀਤ ਸਿੰਘ, ਵਿਭਾਗ ਦੇ ਪੀ.ਐਚ.ਡੀ ਸਕਾਲਰ ਅਤੇ ਵਿਦਿਆਰਥੀ ਮੌਜ਼ੂਦ ਸਨ।ਅੰਤ ‘ਚ ਵਿਭਾਗ ਦੇ ਮੁਖੀ ਨੇ ਕਲਾਕਾਰਾਂ ਦਾ ਸਨਮਾਨ ਤੇ ਸਭ ਦਾ ਧੰਨਵਾਦ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …