Sunday, December 22, 2024

ਪ੍ਰੋ. (ਡਾ.) ਹਰਜਿੰਦਰ ਸਿੰਘ ਅਟਵਾਲ ਹੋਏ ਵਿਦਿਆਰਥੀਆਂ ਦੇ ਰੂ ਬ ਰੂ

ਅੰਮ੍ਰਿਤਸਰ, 23 ਜੁਲਾਈ (ਦੀਪ ਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਜਥੇਬੰਦੀ ਜਨਵਾਦੀ ਲੇਖਕ ਸੰਘ ਵਲੋਂ ਅਰੰਭੀ “ਕਿਛ ਸੁਣੀਐ ਕਿਛੁ ਕਹੀਐ” ਸਮਾਗਮਾਂ ਦੀ ਲੜੀ ਤਹਿਤ ਪ੍ਰਮੁੱਖ ਭਾਸ਼ਾ ਵਿਗਿਆਨੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਡਾ. ਹਰਜਿੰਦਰ ਸਿੰਘ ਅਟਵਾਲ ਵਿਦਿਆਰਥੀਆਂ ਦੇ ਰੂ ਬ ਰੂ ਹੋਏ।
ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਸਕੂਲ ਦੇ ਪ੍ਰਿੰ. ਅੰਕਿਤਾ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਹੋਇਆ, ਜਦਕਿ ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸਾਹਿਤਕ ਸਮਾਗਮਾਂ ਤੋਂ ਸਾਡਾ ਮਨੋਰਥ ਵਿੱਦਿਆ, ਵਿਦਵਾਨ ਅਤੇ ਵਿਦਿਆਰਥੀ ਦੇ ਸੰਵਾਦ ਨੂੰ ਜਾਰੀ ਰਖਣ ਅਤੇ ਵਿਚਾਰਨ ਤੋਂ ਹੈ।
ਡਾ. ਹਰਜਿੰਦਰ ਸਿੰਘ ਅਟਵਾਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਆਪਣੇ ਲੰਬੇ ਅਧਿਆਪਨ ਕਾਰਜ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਸਕੂਲ ਸਿਲੇਬਸ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਾਹਿਤਕ ਪੁਸਤਕਾਂ ਪੜ੍ਹਨ ਦੀ ਚੇਟਕ ਵੀ ਬਰਕਰਾਰ ਰੱਖਣੀ ਚਾਹੀਦੀ ਹੈ, ਕਿਉਂਕਿ ਵਿਦਿਆਰਥੀ ਨਿੱਤ ਨਵਾਂ-ਨਰੋਆ ਸਿੱਖਣ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ।
ਜਨਵਾਦੀ ਲੇਖਕ ਸੰਘ ਦੇ ਸਕੱਤਰ ਹਰਜੀਤ ਸਿੰਘ ਸੰਧੂ ਨੇ ਸਕੂਲਾਂ ‘ਚ ਲੱਗਦੀਆਂ ਬਾਲ ਸਭਾਵਾਂ ਦੇ ਦਿਨਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਅਜਿਹੀਆਂ ਮਹਿਫਲਾਂ ਅਧਿਆਪਕ ਅਤੇ ਵਿਦਿਆਰਥੀ ਦੇ ਆਪਸੀ ਸਤਿਕਾਰਤ ਰਿਸ਼ਤੇ ਨੂੰ ਜੋੜ ਕੇ ਰੱਖਦੀਆਂ ਹਨ।
ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ ਆਪਣੇ ਬਾਪ ਸ਼ਾਇਰ ਦੇਵ ਦਰਦ ਨੂੰ ਚੇਤੇ ਕਰਦਿਆਂ ਕਿਹਾ ਕਿ ਉਹਨਾਂ ਦੀ ਬਦੌਲਤ ਵਿਦਵਾਨ ਸਾਹਿਤਕਾਰ ਇਸ ਅਦਾਰੇ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਮਾਣ ਬਖਸ਼ਦੇ ਹਨ।ਮੋਹਿਤ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੀ ਹਾਮੀ ਭਰੀ, ਜਦਕਿ ਪਰਮਜੀਤ ਕੌਰ, ਤ੍ਰਿਪਤਾ, ਪੂਨਮ ਸ਼ਰਮਾ, ਮੀਨਾਕਸ਼ੀ ਮਿਸ਼ਰਾ, ਸੰਮੀ ਮਹਾਜਨ, ਜਗਜੀਤ, ਕੰਵਲ ਅਤੇ ਪੂਨਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …