ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਸ ਕਮਿਊਨੀਕੇੇਸ਼ਨ ਵਿਭਾਗ ਵਲੋਂ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਗੁਰੂ ਨਾਨਕ ਭਵਨ ਵਿਖੇ ਕਲੈਕਟਿਵ ਨਿਊਜ਼ ਰੂਮ ਅਤੇ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਇੱਕ ਇੰਟਰਐਕਟਿਵ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਹ ਵਰਕਸ਼ਾਪ ਬੀ.ਬੀ.ਸੀ ਇੰਡੀਆ ਟਰੇਨੀ ਸਕੀਮ ਦੇ ਬੈਨਰ ਹੇਠ ਆਯੋਜਿਤ ਕੀਤੀ ਗਈ ਸੀ।ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਪੱਤਰਕਾਰਤਾ ਦੇ ਖੇਤਰ ਵਿੱਚ ਗਿਆਨ-ਚਿੰਤਨ ਦਾ ਪੱਧਰ ਉੱਚਾ ਕਰਨ ਲਈ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਨੌਕਰੀਆਂ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਸੀ।ਵਰਕਸ਼ਾਪ ਵਿੱਚ ਜਮਹੂਰੀ ਸਮਾਜ ਅਤੇ ਸਮਾਜ ਦੇ ਸਾਰੇ ਵਰਗਾਂ ਦੀ ਬਰਾਬਰ ਪ੍ਰਤੀਨਿਧਤਾ ਵਾਲੇ ਸਮਾਜ ਦੀ ਉਸਾਰੀ ਵਿੱਚ ਪੱਤਰਕਾਰ ਦੀ ਬਣਦੀ ਭੂਮਿਕਾ ਨੂੰ ਵੀ ਵਿਸ਼ੇਸ਼ ਤੌਰ `ਤੇ ਵਿਚਾਰਿਆ ਗਿਆ।
ਇਕਬਾਲ ਅਹਿਮਦ, ਸ਼ਰੂਤੀ ਅਰੋੜਾ, ਅਰਸ਼ਦੀਪ ਕੌਰ ਅਤੇ ਰਵਿੰਦਰ ਰੌਬਿਨ ਸਮੇਤ ਸੀਨੀਅਰ ਪੱਤਰਕਾਰਾਂ ਅਤੇ ਅਧਿਕਾਰੀਆਂ ਦੀ ਟੀਮ ਨੇ ਪੱਤਰਕਾਰੀ ਦੇ ਖੇਤਰ ਨਾਲ ਸਬੰਧਤ ਆਪਣੇ ਵਿਚਾਰ ਅਤੇ ਅਨੁਭਵ ਸਾਂਝੇ ਕੀਤੇ।ਮਾਸ ਕਮਿਊਨੀਕੇਸ਼ਨ ਵਿਭਾਗ ਦੇ ਮੁਖੀ ਡਾ. ਵਸੁਧਾ ਸੰਬਿਆਲ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਮਹਿਮਾਨਾਂ ਨੂੰ ਫੁੱਲਾਂ ਵਾਲੇ ਪੌਦੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਸੈਸ਼ਨ ਦੀ ਸ਼ੁਰੂਆਤ ਇਕਬਾਲ ਅਹਿਮਦ ਦੇ ਜਾਣਕਾਰੀ ਭਰਪੂਰ ਭਾਸ਼ਣ ਨਾਲ ਹੋਈ. ਜਿਸ ਵਿਚ ਉਨ੍ਹਾਂ ਨੇ ਪੱਤਰਕਾਰੀ ਵਿਚ ਵਿਭਿੰਨਤਾ ਤੋਂ ਸਮਾਵੇਸ਼ ਦੇ ਸਫਰ ਬਾਰੇ ਅਹਿਮ ਨੁਕਤੇ ਸਾਂਝੇ ਕੀਤੇ।ਸ਼ਰੂਤੀ ਅਰੋੜਾ ਨੇ ਬੀ.ਬੀ.ਸੀ ਵਿੱਚ ਉਪਲੱਬਧ ਸਮੂਹਿਕ ਨਿਊਜ਼ਰੂਮ ਅਤੇ ਇੰਟਰਨਸ਼ਿਪ ਤੇ ਸਿਖਿਆਰਥੀ ਯੋਜਨਾਵਾਂ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।ਬੀ.ਬੀ.ਸੀ ਦੇ ਸੀਨੀਅਰ ਪੱਤਰਕਾਰ ਅਰਸ਼ਦੀਪ ਕੌਰ ਨੇ ਬੀ.ਬੀ.ਸੀ ਪੰਜਾਬੀ ਵਿੱਚ ਨੈਤਿਕ ਵਿਚਾਰਾਂ ਅਤੇ ਕੰਮ ਦੇ ਮਾਹੌਲ ਬਾਰੇ ਦੱਸਿਆ।
ਸ਼ਰੂਤੀ ਨੇ ਮੀਡੀਆ ਉਦਯੋਗ ਵਿੱਚ ਉਪਲਬਧ ਸਮਕਾਲੀ ਮੌਕਿਆਂ ਅਤੇ ਇੱਕ ਚੰਗੇ ਪੱਤਰਕਾਰ ਬਣਨ ਲਈ ਸਿਖਿਆਰਥੀ ਸਕੀਮਾਂ ਦੀ ਭੂਮਿਕਾ ਬਾਰੇ ਦੱਸਿਆ।ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਮਾਸ ਕਮਿਊਨੀਕੇਸ਼ਨ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੁਆਲ ਪੁੱਛੇ ਗਏ, ਜਿਨ੍ਹਾਂ ਦੇ ਉਤਰ ਵਿੱਚ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਕੈਰੀਅਰ ਦਿਸ਼ਾਵਾਂ ਨੂੰ ਉਜਾਗਰ ਕੀਤਾ ਗਿਆ।
Check Also
ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ
ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …