Saturday, September 21, 2024

ਖ਼ਾਲਸਾ ਕਾਲਜ ਵਿਖੇ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ‘ਵਿਸ਼ਵ ਫਿਜ਼ੀਓਥੈਰੇਪੀ ਦਿਵਸ’ ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦੇ ਰੰਗੋਲੀ, ਫਲਾਇਰ ਮੇਕਿੰਗ, ਕੁਇੱਜ਼, ਸਕਿੱਟ, ਪੋਸਟਰ ਮੇਕਿੰਗ, ਮਾਡਲਿੰਗ ਆਦਿ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ।
ਡਾ. ਮਹਿਲ ਸਿੰਘ ਨੇ ਪ੍ਰੋਗਰਾਮ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ ਲੋਕਾਂ ਨੂੰ ਫਿਜ਼ੀਓਥੈਰੇਪੀ ਰਾਹੀਂ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਅਤੇ ਦਵਾਈਆਂ ਲੈਣ ਦੀ ਵੀ ਜ਼ਰੂਰਤ ਨਹੀਂ ਹੁੰਦੀ।ਉਨ੍ਹਾਂ ਕਿਹਾ ਕਿ ‘ਵਿਸ਼ਵ ਫਿਜ਼ੀਓਥੈਰੇਪੀ ਦਿਵਸ’ਮਨਾਉਣ ਦਾ ਅਧਿਕਾਰਿਤ ਤੌਰ ’ਤੇ ਐਲਾਨ 8 ਸਤੰਬਰ 1996 ਨੂੰ ਕੀਤਾ ਗਿਆ ਸੀ।ਫਿਜ਼ੀਓਥੈਰੇਪੀ ਸਰੀਰਿਕ ਸਮੱਸਿਆਵਾਂ ਗੋਡਿਆਂ ਦੇ ਦਰਦ, ਅਲਜ਼ਾਈਮਰ ਰੋਗ, ਪਿੱਠ ਦਰਦ, ਪਾਰਕਿੰਸਨਸ ਰੋਗ, ਮਾਸਪੇਸ਼ੀਆਂ ਦਾ ਤਣਾਅ, ਦਮਾ ਆਦਿ ਲਈ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ।ਉਨ੍ਹਾਂ ਕਿਹਾ ਕਿ ਫਿਜ਼ੀਓਥੈਰੇਪੀ ਨਾਲ ਦਰਦ ਤੋਂ ਨਿਜ਼ਾਤ ਤੋਂ ਇਲਾਵਾ ਤਣਾਅ ਦੂਰ ਕਰਨ ’ਚ ਵੀ ਸਹਾਇਤਾ ਮਿਲਦੀ ਹੈ।ਇਕ ਮਾਹਿਰ ਫਿਜ਼ੀਓ ਥੈਰੇਪਿਸਟ ਕਮਰ, ਗਰਦਨ, ਪੈਰ ਆਦਿ ਦੇ ਦਰਦ ਨੂੰ ਠੀਕ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।ਫਿਜ਼ੀਓਥੈਰੇਪੀ ਕਰਵਾਉਣ ਦੇ ਨਾਲ ਦਰਦ ਘਟਣਾ, ਸੱਟ ਤੋਂ ਆਰਾਮ, ਸਿਹਤਮੰਦ ਰਹਿਣਾ, ਸਰੀਰਿਕ ਤੌਰ ’ਤੇ ਮਜ਼ਬੂਤੀ, ਜੋੜਾਂ ਦੇ ਦਰਦ ਤੋਂ ਦੂਰ ਰਹਿਣਾ, ਸਰੀਰਿਕ ਊਰਜਾ ਅਤੇ ਦਿਲ ਅਤੇ ਦਿਮਾਗ ਸਿਹਤਮੰਦ ਆਦਿ ਅਨੇਕਾਂ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ।
ਵਿਭਾਗ ਮੁਖੀ ਡਾ. ਵਰਿੰਦਰ ਕੌਰ ਅਤੇ ਡਾ. ਮਨੂ ਵਿਸ਼ਿਸ਼ਟ ਨੇ ਕਿਹਾ ਕਿ ਫਿਜ਼ੀਓਥੈਰੇਪੀ ਮਰੀਜ਼ ਦੀ ਉਮਰ ਅਤੇ ਦਰਦ ਨੂੰ ਵੇਖ ਕੇ ਕੀਤੀ ਜਾਂਦੀ ਹੈ ਅਤੇ ਕੁੱਝ ਮਸ਼ੀਨਾਂ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਮਸ਼ੀਨਾਂ ਤੋਂ ਇਲਾਵਾ ਫਿਜ਼ੀਓਥੈਰੇਪੀ ਵਿੱਚ ਕੁੱਝ ਕਸਰਤਾਂ ਵੀ ਸ਼ਾਮਿਲ ਹੁੰਦੀਆਂ ਹਨ।
ਵਿਦਿਆਰਥੀਆਂ ਨੇ ਵਿਭਾਗ ਵਲੋਂ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ’ਚ ਹਿੱਸਾ ਲੈਂਦਿਆਂ ਆਪਣੇ ਹੁਨਰ ਸ਼ਾਨਦਾਰ ਮੁਜ਼ਾਹਰਾ ਕੀਤਾ।ਡਾ. ਮਹਿਲ ਸਿੰਘ ਵੱਲੋਂ ਮੁਕਾਬਲਿਆਂ ’ਚ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਅਧਿਆਪਕਾਂ ਨੇ ਵਿਦਿਆਰਥੀਆਂ ਨੁੰ ਰਚਨਾਤਮਕ ਕਲਾ ਰਾਹੀਂ ਵੱਖ-ਵੱਖ ਮੈਡੀਕਲ ਅਤੇ ਸਿਹਤ ਮੁੱਦਿਆਂ ਨੂੰ ਦਰਸਾਉਣ ਲਈ ਸੁਸਾਇਟੀ ’ਚ ਉਭਰ ਰਹੇ ‘ਸਕੋਪ ਆਫ਼ ਫਿਜ਼ੀਓਥੈਰੇਪੀ’ ਸਬੰਧੀ ਜਾਣਕਾਰੀ ਦਿੱਤੀ।
ਇਸ ਮੌਕੇ ਡਾ. ਮਾਨਸੀ ਤੁਲੀ, ਡਾ. ਅਨਮੋਲਦੀਪ ਕੌਰ, ਡਾ. ਸੰਦੀਪ ਪਾਲ, ਡਾ. ਗੁਰਲੀਨ ਕੌਰ, ਡਾ. ਸਤਕਾਰਜੀਤ ਕੌਰ, ਡਾ. ਮਨਸਿਮਰਤ ਕੌਰ, ਡਾ. ਕੁਲਵੰਤ ਕੌਰ, ਡਾ. ਸੰਦੀਪ ਕੌਰ, ਡਾ. ਕਿਰਨ ਅਰੋੜਾ, ਡਾ. ਰਿਆ ਖੁੱਲਰ, ਡਾ. ਸ਼ੁਭਕਰਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

Check Also

ਅਕਾਲ ਅਕੈਡਮੀ ਉਡਤ ਸੈਦੇਵਾਲਾ ਦਾ ਬਲਾਕ ਪੱਧਰੀ ਸਾਇੰਸ ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ, 21 ਸਤੰਬਰ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਉੱਡਤ ਸੈਦੇਵਾਲਾ ਦੇ ਬੱਚਿਆਂ ਨੇ ਬਲਾਕ ਪੱਧਰੀ …