ਜਥੇਦਾਰ ਅਵਤਾਰ ਸਿੰਘ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 8 ਜਨਵਰੀ (ਗੁਰਪ੍ਰੀਤ ਸਿੰਘ) – ਅਖੰਡ ਕੀਰਤਨੀ ਜਥੇ ਦੇ ਮਹਾਨ ਕੀਰਤਨੀਏ ਭਾਈ ਜੀਵਨ ਸਿੰਘ ਦਾ ਬੀਤੇ ਦਿਨ ਆਪਣੇ ਗ੍ਰਹਿ ਅੰਮ੍ਰਿਤਸਰ ਵਿਖੇ ਅਚਾਨਕ ਦਿਹਾਂਤ ਹੋ ਗਿਆ।ਉਹ ਤਕਰੀਬਨ 90 ਵਰਿਆਂ ਦੇ ਸਨ।ਭਾਈ ਜੀਵਨ ਸਿੰਘ ਦਾ ਅੰਤਿਮ ਸੰਸਕਾਰ ਚਾਟੀਵਿੰਡ ਸ਼ਮਸ਼ਾਨ ਘਾਟ ਨੇੜੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਧਾਰਮਿਕ ਰਸਮਾ ਅਨੁਸਾਰ ਕੀਤਾ ਗਿਆ, ਜਿਥੇ ਉਨ੍ਹਾਂ ਨੂੰ ਹਜ਼ਾਰਾਂ ਨਮ ਅ’ਖਾਂ ਨੇ ਅੰਤਿਮ ਵਿਦਾਇਗੀ ਦਿ’ਤੀ।ਭਾਈ ਜੀਵਨ ਸਿੰਘ ਦੀ ਅੰਤਿਮ ਯਾਤਰਾ ਸਮੇਂ ਸੰਗਤਾਂ ਇਲਾਹੀ ਬਾਣੀ ਦਾ ਕੀਰਤਨ ਕਰਦੀਆਂ ਸ਼ਮਸ਼ਾਨ ਘਾਟ ਤੱਕ ਗਈਆਂ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਜ਼ਰੂਰੀ ਧਾਰਮਿਕ ਰੁਝੇਵਿਆਂ ਕਾਰਣ ਨਾ ਆ ਸਕਣ ਕਰਕੇ ਉਨ੍ਹਾਂ ਵੱਲੋਂ ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ. ਰੂਪ ਸਿੰਘ, ਸ. ਮਨਜੀਤ ਸਿੰਘ ਸਕੱਤਰ ਤੇ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਉਨ੍ਹਾਂ ਦੀ ਮ੍ਰਿਤਕ ਦੇਹ ‘ਤੇ ਦੁਸ਼ਾਲਾ ਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪਾਇਆ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸ੍ਰੀ ਜਪੁਜੀ ਸਾਹਿਬ ਜੀ ਦੇ ਪਵਿੱਤਰ ਪਾਠ ਉਪਰੰਤ ਅਰਦਾਸ ਕੀਤੀ।ਭਾਈ ਜੀਵਨ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਸ. ਜਸਪਾਲ ਸਿੰਘ ਨੇ ਦਿੱਤੀ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਜੀਵਨ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਈ ਸਾਹਿਬ ਨਾਮ ਬਾਣੀ ਦੇ ਰਸੀਏ ਤੇ ਕੀਰਤਨੀਏ ਸਿੰਘ ਸਨ। ਉਨ੍ਹਾਂ ਕਿਹਾ ਕਿ ਭਾਈ ਜੀਵਨ ਸਿੰਘ ਜੀ ਨੇ ਆਪਣਾ ਸਾਰਾ ਜੀਵਨ ਗੁਰੂ ਭਗਤੀ ਵਿੱਚ ਗੁਜਾਰਿਆ।ਉਨ੍ਹਾਂ ਸਤਿਗੁਰੂ ਨਾਲ ਲਾਈ ਆਪਣੀ ਪ੍ਰੀਤ ਨੂੰ ਅੰਤਿਮ ਸਵਾਸਾਂ ਸੰਗ ਨਿਭਾਇਆ।ਉਨ੍ਹਾਂ ਕਿਹਾ ਕਿ ਭਾਈ ਜੀਵਨ ਸਿੰਘ ਦੇ ਅਕਾਲ ਚਲਾਣੇ ਤੇ ਪੰਥ ਨੂੰ ਇਕ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਇਕ ਮਹਾਨ ਕੀਰਤਨੀਆ ਸਿੰਘ ਸੰਗਤਾਂ ਕੋਲੋਂ ਵਿੱਛੜ ਗਿਆ ਹੈ, ਪਰ ਸਤਿਗੁਰੂ ਦਾ ਭਾਣਾ ਅਟੱਲ ਹੈ ਤੇ ਉਸ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਭਾਈ ਸਾਹਿਬ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪ੍ਰੀਵਾਰ, ਸਨੇਹੀਆਂ ਤੇ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।
ਇਸ ਮੌਕੇ ਸ. ਦਿਲਜੀਤ ਸਿੰਘ ਬੇਦੀ ਤੇ ਸ.ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਸ. ਜਗਜੀਤ ਸਿੰਘ ਮੀਤ ਸਕੱਤਰ, ਸ. ਸੁਲੱਖਣ ਸਿੰਘ ਭੰਗਾਲੀ ਮੈਨੇਜਰ, ਸ. ਜਸਪਾਲ ਸਿੰਘ ਮੈਨੇਜਰ ਕੱਥੂਨੰਗਲ, ਸ. ਗੁਰਮੀਤ ਸਿੰਘ ਮੀਤ ਮੈਨੇਜਰ, ਸ. ਕਰਨਜੀਤ ਸਿੰਘ ਇੰਚਾਰਜ, ਸ. ਜਤਿੰਦਰਪਾਲ ਸਿੰਘ ਅਕਾਊਂਟੈਂਟ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਸ. ਪ੍ਰਭਜੋਤ ਸਿੰਘ ਅਤੇ ਅਖੰਡ ਕੀਰਤਨੀ ਜਥਾ ਤੇ ਧਾਰਮਿਕ ਜਥੇਬੰਦੀਆਂ ਤੇ ਸਭਾ ਸੁਸਾਇਟੀਆਂ ਦੇ ਨੁਮਾਇੰਦੇ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਉਨ੍ਹਾਂ ਦੇ ਅੰਤਿਮ ਦਰਸ਼ਨਾ ਨੂੰ ਪਹੁੰਚੀਆਂ।