Friday, October 18, 2024

ਅਬਿ ਤੇ ਨਾਮ ਮੁਕਤਿਸਰ ਹੋਇ……

ਮਾਘੀ ਮੇਲੇ ‘ਤੇ ਵਿਸ਼ੇਸ਼     

Mukatsar Sahib
ਜਥੇ. ਅਵਤਾਰ ਸਿੰਘ,
ਪ੍ਰਧਾਨ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

ਜਦੋਂ ਕਿਤੇ ਸਿੱਖ ਇਤਿਹਾਸ ਵਿਚ ਖਿਦਰਾਣੇ ਦੀ ਢਾਬ ਦੀ ਗਲ ਹੁੰਦੀ ਹੈ ਤਾਂ ਕਈ ਇਤਿਹਾਸਕ ਕਹਾਣੀਆਂ ਦੀ ਚਰਚਾ ਮੁੜ ਸੁਰਜੀਤ ਹੋ ਜਾਂਦੀ ਹੈ।ਇਸ ਅਧਿਆਇ ਨੇ ਆਪਣੇ ਆਪ ਵਿਚ ਕੀਮਤੀ ਘੜੀਆਂ ਦਾ ਵਰਣਨ ਸੰਜੋਇਆ ਹੋਇਆ ਹੈ। ਇਥੇ ਹੀ ਟੁਟੀ ਹੋਈ ਪ੍ਰੀਤ ਦੇ ਮੁੜ ਗੰਢਣ ਦੀ ਕਹਾਣੀ ਬਣਦੀ ਹੈ। ਇਕ ਦੇ ਸਵਾ-ਲੱਖ ਨਾਲ ਲੜਨ ਦੀ ਸਮਰੱਥਾ ਦਾ ਪ੍ਰਗਟਾਵਾ ਹੁੰਦਾ ਹੈ। ਸਿੱਖਾਂ ਦੀ ਡੋਲਦੀ ਪ੍ਰੀਤ ਸਾਹਮਣੇ ਆਉਂਦੀ ਹੈ। ਅਬਲਾ ਇਸਤਰੀ ਦਾ ਸਿੱਖ ਇਤਿਹਾਸ ਵਿਚ ਪਹਿਲੀ ਵਾਰ ਮਾਈ ਭਾਗ ਕੌਰ ਦੇ ਰੂਪ ਵਿਚ ਗੁਰੂ ਦੀ ਸਿੰਘਣੀ ਬਣ ਕੇ ਮੈਦਾਨੇ ਜੰਗ ਵਿਚ ਜੌਹਰ ਵਿਖਾਉਣ ਦਾ ਸਬੱਬ ਬਣਦਾ ਹੈ। ਮੁਗ਼ਲਾਂ ਦੇ ਟਿੱਡੀ ਦਲ ਅਤੇ ਸਿੱਖਾਂ ਵਿਚਕਾਰ ਅੰਤਲੀ ਲੜਾਈ ਅਤੇ ਹਿੰਦੋਸਤਾਨ ਦੀ ਤਾਕਤਵਰ ਫੌਜ ਦਾ ਹਾਰ ਕੇ ਮੈਦਾਨੇ ਜੰਗ ਵਿਚੋਂ ਛੱਡ ਪਿਛਲੇ ਪੈਰੀਂ ਨੱਠ ਜਾਣਾ, ਦਸਮ ਪਾਤਸ਼ਾਹ ਦੁਆਰਾ ਆਪਣੇ ਸ਼ਹੀਦ ਸਿੱਖਾਂ ਨੂੰ ਮਨਸਬਦਾਰੀਆਂ ਬਖਸ਼ਣੀਆਂ ਅਤੇ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸੰਪੂਰਨਤਾ ਦੀ ਇਤਿਹਾਸਕ ਅਦੁੱਤੀ ਦੇਣ ਵੀ ਇਸ ਕੜੀ ਨਾਲ ਜੁੜਦੀ ਹੈ।
ਇਸ ਇਤਿਹਾਸ ਦਾ ਆਰੰਭ ਅਨੰਦਪੁਰ ਸਹਿਬ ਤੋਂ ਹੁੰਦਾ ਹੈ। ਮੁਗ਼ਲਾਂ ਅਤੇ ਬਾਈਧਾਰ ਦੇ ਪਹਾੜੀ ਰਾਜਿਆਂ ਦੀ ਲੱਖਾਂ ਦੀ ਗਿਣਤੀ ਵਾਲੀ ਫੌਜ ਨੇ ਆਨੰਦਪੁਰ ਦਾ ਘੇਰਾ ਕਾਫੀ ਤੰਗ ਕਰ ਦਿੱਤਾ ਸੀ। ਅਨੰਦਗੜ੍ਹ ਦੇ ਕਿਲ੍ਹੇ ਅੰਦਰ ਗੁਰੂ ਸਾਹਿਬ ਜੀ ਬੜੇ ਹੌਂਸਲੇ ਤੇ ਧੀਰਜ ਨਾਲ ਇਸ ਘੇਰੇ ਦਾ ਸਾਹਮਣਾ ਕਰ ਰਹੇ ਸਨ। ਅੰਦਰ ਖਾਣ ਪੀਣ ਦੀਆਂ ਰਸਦਾਂ ਦੀ ਘਾਟ ਸਿੱਖ ਯੋਧੇ, ਮੁਗ਼ਲਾਂ ਤੇ ਅਚਨਚੇਤੀ ਹਮਲੇ ਕਰਕੇ ਪੂਰੀ ਕਰਦੇ ਰਹੇ। ਲੇਕਿਨ ਇਹ ਘੇਰਾ ਦਿਨੋ ਦਿਨ ਕਰੜਾ ਹੁੰਦਾ ਗਿਆ। ਸਿੰਘ ਭੁੱਖੇ-ਤ੍ਰਿਹਾਏ ਰਹਿ ਕੇ ਵੀ ਵੈਰੀ ਦਲਾਂ ਦਾ ਟਾਕਰਾ ਕਰਦੇ ਰਹੇ। ਦਰਖ਼ਤਾਂ ਦੇ ਪੱਤੇ ਭਰੂ-ਭਰੂ ਕੇ ਖਾਂਦੇ ਰਹੇ। ਜਦੋਂ ਇਹ ਵੀ ਮੁੱਕ ਗਏ ਤਾਂ ਵਧੇਰੇ ਹੀ ਲਾਚਾਰ ਹੋ ਗਏ। ਕੁਝ ਸਿੱਖਾਂ ਦਾ ਹੌਸਲਾ ਸਚਮੁਚ ਢਹਿ ਢੇਰੀ ਹੋ ਗਿਆ ਅਤੇ ਉਨ੍ਹਾਂ ਭੁੱਖ ਦਾ ਦੁੱਖ ਨਾ ਸਹਾਰਦਿਆਂ ਹੋਇਆਂ ਹਥਿਆਰ ਸੁੱਟ ਦਿੱਤੇ।ਇਕ ਕਹਾਵਤ ਹੈ ‘ਪੇਟ ਨਾ ਪਈਆਂ ਰੋਟੀਆਂ, ਤਾਂ ਸਭੇ ਗੱਲਾਂ ਖੋਟੀਆਂ’- ਭੁਖਿਆਂ ਤਾਂ ਭਗਤੀ ਵੀ ਨਹੀਂ ਹੁੰਦੀ। ਭਗਤ ਕਬੀਰ ਜੀ ਨੇ ਵੀ ਤਾਂ ਆਖ ਦਿੱਤਾ ਸੀ-
ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥ (ਪੰਨਾ 656)
ਭੁੱਖੇ ਸਿੰਘ ਸ਼ੇਰਾਂ ਵਾਂਗ ਲੜ ਰਹੇ ਸਨ। ਪਰ ਕੁਝ ਸਿੰਘਾਂ ਨੇ ਭੁੱਖ-ਪਿਆਸ ਤੋਂ ਤੰਗ ਆ ਕੇ ਗੁਰੂ ਜੀ ਨੂੰ ਕਿਲ੍ਹਾ ਛੱਡ ਜਾਣ ਦੀ ਸਲਾਹ ਦਿੱਤੀ। ਗੁਰੂ ਜੀ ਨੇ ਦੂਰ-ਅੰਦੇਸ਼ੀ ਨਾਲ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ। ਇਸ ਦੇ ਬਾਵਜੂਦ ਕੁਝ ਕਾਹਲੇ ਸਿੰਘ, ਭਰਮ ਦਾ ਸ਼ਿਕਾਰ ਹੋ ਡੋਲ ਗਏ ਅਤੇ ‘ਬੇਦਾਵਾ’ ਲਿਖ ਕਿ ‘ਤੁਸੀਂ ਸਾਡੇ ਗੁਰੂ ਨਹੀਂ ਅਤੇ ਅਸੀਂ ਤੁਹਾਡੇ ਸਿੱਖ ਨਹੀਂ’ ਗੁਰੂ ਜੀ ਦਾ ਸਾਥ ਛੱਡ ਕੇ ਆਪਣੇ ਘਰਾਂ ਨੂੰ ਚਲੇ ਗਏ।
ਕੁਝ ਦਿਨਾਂ ਪਿੱਛੋਂ, ਦੁਸ਼ਮਣ ਵਲੋਂ ਖਾਧੀਆਂ ਕਸਮਾਂ ‘ਤੇ ਬਾਕੀ ਬਚੇ ਸਿੰਘਾਂ ਦੀ ਕਿਲ੍ਹਾ ਖਾਲੀ ਕਰਨ ਦੀ ਸਲਾਹ ਪੁਰ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡ ਦਿੱਤਾ। ਗੁਰੂ ਜੀ ਨੂੰ ਦੁਸ਼ਮਣ ਦੀਆਂ ਝੂਠੀਆਂ ਕਸਮਾਂ ‘ਤੇ ਕੋਈ ਯਕੀਨ ਪਹਿਲਾਂ ਹੀ ਨਹੀਂ ਸੀ। ਉਹੋ ਗੱਲ ਹੋਈ, ਕਿਲ੍ਹਾ ਖਾਲੀ ਕਰਨ ਦੀ ਦੇਰ ਸੀ ਕਿ ਦੁਸ਼ਮਣ ਫੌਜਾਂ ਨੇ ਸਭ ਕਸਮਾਂ-ਇਕਰਾਰ ਭੁੱਲ ਕੇ ਪਿੱਛੋਂ ਹਮਲਾ ਕਰ ਦਿੱਤਾ। ਸਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ। ਕੀਮਤੀ ਸਾਹਿਤ ਅਤੇ ਬਹੁਤ ਸਾਰੇ ਪਿਆਰੇ ਸਿੰਘ ਸਰਸਾ ਵਿੱਚ ਆਏ ਹੜ੍ਹ ਦੀ ਭੇਟ ਚੜ੍ਹ ਗਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਥੋੜ੍ਹੇ ਜਿਹੇ ਸਿੰਘਾਂ ਸਮੇਤ ਚਮਕੌਰ ਸਾਹਿਬ ਦੀ ਗੜ੍ਹੀ ਪਹੁੰਚੇ, ਜਿਥੇ ਸੰਸਾਰ ਦਾ ਅਨੋਖਾ ਤੇ ਅਸਾਵਾਂ ਯੁੱਧ ਲੜਿਆ ਗਿਆ। ਇਥੇ ਗੁਰੂ ਜੀ ਨੇ ਚਾਲੀ ਸਿੰਘਾਂ ਦੀ ਥੋੜ੍ਹੀ ਜਿਹੀ ਗਿਣਤੀ ਨਾਲ ਦੁਸ਼ਮਣ ਦੀ ਵੱਡੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ। ਇਥੋਂ ਆਪ ਦੁਸ਼ਮਣ ਫੌਜਾਂ ਨੂੰ ਵੰਗਾਰਦੇ ਹੋਏ ਮਾਛੀਵਾੜੇ ਦੇ ਜੰਗਲ ਵੱਲ ਚਲੇ ਗਏ। ਫਿਰ ਆਲਮਗੀਰ, ਰਾਏਕੋਟ ਹੁੰਦੇ ਹੋਏ ਦੀਨਾ ਕਾਂਗੜ ਪੁੱਜੇ, ਜਿਥੇ ਉਨ੍ਹਾਂ ਔਰੰਗਜ਼ੇਬ ਵੱਲ ‘ਜ਼ਫ਼ਰਨਾਮਾ’ ਲਿਖਿਆ। ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਦੀਆਂ ਫੌਜਾਂ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਸਨ। ਰਸਤੇ ਵਿੱਚੋਂ ਗੁਰੂ ਜੀ ਦੇ ਕਾਫਲੇ ਵਿਚ ਵੀ ਕਾਫੀ ਸਿੰਘ ਸ਼ਾਮਲ ਹੋ ਰਹੇ ਸਨ। ਗੁਰੂ ਜੀ ਦੀਨੇ ਤੋਂ ਜੈਤੋ ਹੁੰਦੇ ਹੋਏ ਕੋਟਕਪੂਰੇ ਪੁੱਜੇ, ਜਿਥੇ ਉਨ੍ਹਾਂ ਉਥੋਂ ਦੇ ਹਾਕਮ ਕਪੂਰੇ ਤੋਂ ਕਿਲ੍ਹੇ ਦੀ ਮੰਗ ਕੀਤੀ। ਮੁਗਲਾਂ ਤੋਂ ਡਰਦਿਆਂ ਕਪੂਰੇ ਨੇ ਕਿਲ੍ਹਾ ਨਾ ਦਿੱਤਾ। ਗੁਰੂ ਜੀ ਨੇ ਦੁਸ਼ਮਣ ਫੌਜਾਂ ਨਾਲ ਟੱਕਰ ਲੈਣ ਲਈ ਯੁੱਧ ਨੀਤੀ ਪੱਖੋਂ ਉਚਿਤ ਥਾਂ ਜਾਣ ਖਿਦਰਾਣੇ ਦੀ ਢਾਬ ‘ਤੇ ਜਾ ਡੇਰਾ ਲਾਇਆ। ਕਿਉਂਕਿ ਉਥੇ ਪਾਣੀ ਦੀ ਕਿੱਲਤ ਅਤੇ ਗਰਮੀ ਦੀ ਮਾਰ ਕਾਰਨ, ਮੁਗ਼ਲ ਫੌਜਾਂ ਲਈ ਉਨ੍ਹਾਂ ਦਾ ਮੁਕਾਬਲਾ ਕਰਨਾ ਅਸੰਭਵ ਸੀ।
ਦੂਜੇ ਪਾਸੇ, ਗੁਰੂ ਜੀ ਨੂੰ ਬੇਦਾਵਾ ਦੇਣ ਵਾਲੇ ਸਿੰਘ ਜਦ ਘਰੀਂ ਪਹੁੰਚੇ ਤਾਂ ਉਨ੍ਹਾਂ ਦੇ ਪਰਿਵਾਰਾਂ ਅਤੇ ਮਾਈ ਭਾਗੋ ਜੀ ਨੇ ਉਨ੍ਹਾਂ ਨੂੰ ਬਹੁਤ ਫਿਟਕਾਰਾਂ ਪਾਈਆਂ ਅਤੇ ਮੁੜ ਗੁਰੂ ਜੀ ਦੇ ਚਰਨੀਂ ਲੱਗਣ ਦੀ ਨੇਕ ਸਲਾਹ ਦਿੱਤੀ। ਉਨ੍ਹਾਂ ਦੀ ਜ਼ਮੀਰ ਨੇ ਹਲੂਣਾ ਖਾਧਾ ਅਤੇ ਔਖੀ ਘੜੀ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ ਉਨ੍ਹਾਂ ਨੂੰ ਸਤਾਉਣ ਲੱਗਾ। ਸਿੱਟੇ ਵਜੋਂ, ਮਾਈ ਭਾਗੋ ਜੀ ਦੀ ਅਗਵਾਈ ਵਿੱਚ ਸਿੰਘਾਂ ਨੇ ਮਾਲਵੇ ਵੱਲ ਚਾਲੇ ਪਾ ਦਿੱਤੇ।
ਮੁਗ਼ਲ ਫੌਜਾਂ ਦੇ ਖਿਦਰਾਣੇ ਦੀ ਢਾਬ ‘ਤੇ ਪਹੁੰਚਣ ਤੋਂ ਐਨ ਪਹਿਲਾਂ ਮਾਝੇ ਦੇ ਸਿੰਘਾਂ ਦਾ ਇਹ ਜਥਾ ਗੁਰੂ ਜੀ ਦੇ ਕੈਂਪ ਦੇ ਨੇੜੇ ਪਹੁੰਚ ਚੁੱਕਾ ਸੀ। ਵੱਡੇ ਫੌਜੀ ਕੈਂਪ ਦਾ ਭੁਲੇਖਾ ਦੇਣ ਲਈ, ਸਿੰਘ ਝਾੜੀਆਂ ‘ਤੇ ਕੱਪੜੇ ਪਾ ਕੇ ਦੁਸ਼ਮਣ ਦੀ ਉਡੀਕ ਕਰਨ ਲੱਗੇ। ‘ਪੰਥ ਪ੍ਰਕਾਸ਼’ ਦਾ ਕਰਤਾ ਜ਼ਿਕਰ ਕਰਦਾ ਹੈ-
ਤੰਬੂਅਨ ਜਿਮ ਕਪੜੇ ਟੰਗੇ, ਝਾੜਨ ਉਪਰ ਪਾਇ।20।
ਮੁਗ਼ਲਾਂ ਦੀ ਟੱਕਰ ਸਭ ਤੋਂ ਪਹਿਲਾਂ ਇਸੇ ਜਥੇ ਨਾਲ ਹੋਈ। ਘਮਸਾਨ ਦਾ ਯੁੱਧ ਹੋਇਆ। ਉੱਚੀ ਟਿੱਬੀ ਦੇ ਮੋਰਚੇ ਤੋਂ ਗੁਰੂ ਜੀ ਖੁਦ ਤੀਰਾਂ ਦੀ ਵਰਖਾ ਕਰ ਰਹੇ ਸਨ। ਗਰਮੀ ਦੇ ਦਿਨ ਸਨ ਅਤੇ ਪਾਣੀ ਦਾ ਕਬਜ਼ਾ ਸਿੰਘਾਂ ਪਾਸ ਸੀ। ਸਿੰਘ ਅਜਿਹੀ ਬਹਾਦਰੀ ਅਤੇ ਜੋਸ਼ ਨਾਲ ਲੜੇ ਕਿ ਦੁਸ਼ਮਣ ਫੌਜਾਂ ਵਿਚ ਖਲਬਲੀ ਮੱਚ ਗਈ। ਦੁਸ਼ਮਣ ਹਾਰ ਖਾ ਕੇ ਭੱਜ ਉਠੇ ਅਤੇ ਖਾਲਸੇ ਨੇ ਮੈਦਾਨ ਫਤਹਿ ਕਰ ਲਿਆ। ਪਰ ‘ਬੇਦਾਵਾ’ ਦੇ ਗਏ 40 ਸਿੰਘਾਂ ਸਮੇਤ ਬਹੁਤ ਸਾਰੇ ਸਿੰਘ, ਬੜੀ ਬਹਾਦਰੀ ਨਾਲ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਟਿੱਬੀ ਤੋਂ ਉੱਤਰ ਉਸ ਥਾਂ ਆਏ ਜਿਥੇ ਘਮਸਾਨ ਦਾ ਯੁੱਧ ਹੋਇਆ ਸੀ-
ਤੋ ਸਤਿਗੁਰ ਪਾਛੈ ਫਿਰ ਆਏ॥ ਆਇ ਉਤਰੇ ਉਨਿ ਸਿੱਖਨ ਪਾਹੇ॥
ਲੈ ਰੁਮਾਲ ਗੁਰ ਮੁਖ ਉਨ ਪੋਛਾ॥ਦੈ ਦੈ ਖੁਸ਼ੀਆਂ ਬਰ ਬਡ ਲੋਚਾ॥34॥
ਉਨ੍ਹਾਂ ਨੇ ਮੈਦਾਨੇ-ਜੰਗ ਵਿਚ ਪਈਆਂ ਸਿੰਘਾਂ ਦੀਆਂ ਪਵਿੱਤਰ ਦੇਹਾਂ ਨੂੰ ਬੜੇ ਪਿਆਰ ਨਾਲ ਨਿਹਾਰਿਆ ਅਤੇ ਹਰ ਇਕ ਸਿੰਘ ਨੂੰ ਛਾਤੀ ਨਾਲ ਲਾ ਕੇ ਬਖਸ਼ਿਸ਼ਾਂ ਕੀਤੀਆਂ। ਜਦ ਗੁਰੂ ਜੀ ਭਾਈ ਮਹਾਂ ਸਿੰਘ ਜੀ ਪਾਸ ਪਹੁੰਚੇ ਤਾਂ ਉਹ ਸਹਿਕ ਰਹੇ ਸਨ। ਗੁਰਦੇਵ ਨੇ ਸੂਰਮੇ ਸਿੰਘ ਦਾ ਸੀਸ ਗੋਦ ਵਿਚ ਲੈ ਕੇ ਮੁੱਖੜਾ ਸਾਫ ਕੀਤਾ ਅਤੇ ਫੁਰਮਾਇਆ, “ਮਹਾਂ ਸਿੰਘ! ਤੁਸਾਂ ਸਿੱਖੀ ਦੀ ਲਾਜ ਰੱਖ ਲਈ ਹੈ।… ਜੋ ਚਾਹੋ ਮੰਗ ਲਓ।“ ‘ਪੰਥ ਪ੍ਰਕਾਸ਼’ ਵਿਚ ਜ਼ਿਕਰ ਹੈ-
ਸਤਿਗੁਰ ਕਹੀ ‘ਸਿਖੋ ਮੰਗ ਲੇਹੋ॥ ਮੈ ਤੁੱਠੋ ਮੰਗ ਲਿਹੋ ਸੁ ਦੇਹੋ॥
ਤੋ ਉਨ ਅੱਗਯੋ ਗੱਲ ਸੁਨਾਈ॥ ਹੋਹੁ ਤੁੱਠੇ ਲਿਹੁ ਟੁਟੀ ਗੰਢਵਾਈ॥39॥
ਭਾਈ ਮਹਾਂ ਸਿੰਘ ਗਿੜਗੜਾ ਕੇ ਬੋਲੇ, “ ਗੁਰਦੇਵ! ਆਪ ਦੇ ਦਰਸ਼ਨਾਂ ਦੀ ਸਿੱਕ ਸੀ, ਪੂਰੀ ਹੋ ਗਈ ਹੈ। ਹੁਣ ਤਰੁੱਠੇ ਹੋ ਤਾਂ ਸਾਡੀ ਟੁੱਟੀ ਗੰਢ ਲਓ। ਕਾਗਜ਼ ਦਾ ਉਹ ਟੁਕੜਾ (ਬੇਦਾਵਾ) ਫਾੜ ਦਿਓ…….।“ ਗੁਰੂ ਜੀ ਨੇ ਕਾਗਜ਼ ਕੱਢਿਆ ਅਤੇ ਭਾਈ ਮਹਾਂ ਸਿੰਘ ਦੇ ਸਾਹਮਣੇ ਟੁਕੜੇ-ਟੁਕੜੇ ਕਰ ਦਿੱਤਾ। ਸ਼ੁਕਰਾਨਾ ਕਰਦੇ ਹੋਏ ਭਾਈ ਮਹਾਂ ਸਿੰਘ, ਦਸਮੇਸ਼ ਪਿਤਾ ਜੀ ਦੀ ਗੋਦ ਵਿਚ ਹੀ ਸਵਾਸ ਤਿਆਗ ਗਏ। ਗੁਰੂ ਜੀ ਨੇ ਸਮੂਹ ਸ਼ਹੀਦਾਂ ਦਾ ਸਸਕਾਰ ਆਪਣੇ ਹੱਥੀਂ ਕੀਤਾ ਅਤੇ ਉਨ੍ਹਾਂ ਨੂੰ ਮੁਕਤਿਆਂ ਦੀ ਉਪਾਧੀ ਬਖਸ਼ਸ਼ ਕੀਤੀ। ਇਸ ਤਰ੍ਹਾਂ ਸ਼ਹੀਦਾਂ ਦੀ ਇਹ ਪਾਵਨ-ਧਰਤੀ, ‘ਖਿਦਰਾਣੇ ਦੀ ਢਾਬ’ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਨਾਂ ਨਾਲ ਜਾਣੀ ਜਾਣ ਲੱਗ ਪਈ-
ਅਬਿ ਤੇ ਨਾਮ ਮੁਕਤਿਸਰ ਹੋਇ।ਖਿਦਰਾਣਾ ਇਸ ਕਹੇ ਨਾ ਕੋਇ।
ਇਸ ਥਲ ਮੁਕਤਿ ਭਏ ਸਿਖ ਚਾਲੀ। ਜੇ ਨਿਸ਼ਪਾਪ ਘਾਲ ਬਹੁ ਘਾਲੀ।
(ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਅੰਸੂ 12, ਅੰਕ 46)
ਇਸ ਅਸਥਾਨ ਤੇ ਹਰ ਸਾਲ ਮਾਘੀ ਦੇ ਦਿਨ ਇਹਨਾਂ ਸ਼ਹੀਦਾਂ ਨੂੰ ਸ਼ਰਧਾ ਭੇਟ ਕਰਨ ਤੇ ਇਸ ਪਵਿੱਤਰ ਧਰਤੀ ਨੂੰ ਪਰਸ਼ਨ ਲਈ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦਾ ਭਾਰੀ ਇੱਕਠ ਹੁੰਦਾ ਹੈ। ਸਾਰੇ ਖਾਲਸਾ ਪੰਥ ਵਿਚ ਮਾਘੀ ਮੁਕਤਸਰ ਦੀ ਵਿਸ਼ੇਸ਼ ਮੁਹੱਤਤਾ ਰੱਖਦੀ ਹੈ। ਗੁਰੂ ਸਿਧਾਂਤ ਤੋਂ ਦੂਰ ਗਏ ਸਾਰਿਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਗੁਰੂ ਸਿਧਾਤਾਂ ਤੇ ਪਹਿਰਾ ਦਿੰਦੇ ਹੋਏ ਆਉ ਅਸੀਂ ਸਾਰੇ ਗੁਰੂ ਵਲ ਮੁਖ ਕਰਕੇ ਗੁਰਮਤਿ ਸਿਧਾਂਤਾਂ ਅਨੁਸਾਰ ਜੀਵਨ ਜੀਵੀਏ। ਅਰਦਾਸ ਕਰੀਏ ਕਿ ਗੁਰੂ ਸਾਨੂੰ ਵੀ ਗੁਰਮਤਿ ਮਾਰਗ ਤੇ ਚਲਣ ਦਾ ਬਲ ਬਖਸ਼ਣ ਤਾਂ ਕਿ ਅਸੀਂ ਵੀ ਗੁਰੂ ਦੀ ਗੋਦ ਦਾ ਨਿੱਘ ਮਾਣ ਸਕੀਏ।

Avtar Singh Makkar

ਜਥੇ. ਅਵਤਾਰ ਸਿੰਘ,
ਪ੍ਰਧਾਨ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

Check Also

ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਹੈ ਫ਼ਿਲਮ `ਸ਼ਿੰਦਾ-ਸ਼ਿੰਦਾ ਨੋ ਪਾਪਾ`

ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ …

Leave a Reply