ਬਠਿੰਡਾ ਵਿੱਚ 3342 ਕਰੋੜ ਦੇ ਹਾਈਵੇ ਦਾ ਰੱਖਿਆ ਨੀਂਹ ਪੱਥਰ-5 ਰੇਲਵੇ ਓਵਰ ਬ੍ਰਿਜ ਮਨਜ਼ੂਰ ਪੰਜਾਬ ਦੇ ਸਤਲੁਜ ਅਤੇ ਬਿਆਸ ਦਰਿਆ ਦੇਸ਼ ਦੇ 101 ਜਲ ਟਰਾਂਸਪੋਰਟ ਪ੍ਰੋਜੈਕਟਾਂ ਵਿੱਚ ਸ਼ਾਮਿਲ
ਬਠਿੰਡਾ-ਚੰਡੀਗੜ੍ਹ ਚਹੁੰਮਾਰਗੀ ਸੜਕ ਸੀਮਿੰਟ ਕੰਕਰੀਟ ਦੀਆਂ ਹੋਣਗੀਆਂ -ਸੁਖਬੀਰ ਬਾਦਲ
ਬਠਿੰਡਾ, 22 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਕੇਂਦਰੀ ਸੜਕ ਆਵਾਜਾਈ, ਹਾਈਵੇ ਅਤੇ ਸ਼ਿਪਿੰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਪੰਜਾਬ ਦੇ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ 18 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੀਆਂ 800 ਕਿਲੋਮੀਟਰ ਸੜਕਾਂ ਸੂਬੇ ਵਿਚ ਬਣਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਉਨ੍ਹਾਂ ਨੇ ਅੱਜ ਬਠਿੰਡਾ-ਚੰਡੀਗੜ੍ਹ ਮਾਰਗ ਨੂੰ ਚਹੁੰਮਾਰਗੀ ਕਰਨ ਵਾਲੇ 7 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦੌਰਾਨ ਕੀਤਾ।ਇਸ ਮੌਕੇ ਉਨ੍ਹਾਂ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸz. ਪ੍ਰਕਾਸ਼ ਸਿੰਘ ਬਾਦਲ ਦੀਆਂ ਸਾਰੀਆਂ ਮੰਗਾਂ ਮੰਨਦੇ ਹੋਏ ਸੂਬੇ ਵਿਚ 18 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਇਸ ਸਾਲ ਦੇ ਅੰਤ ਤੋਂ ਪਹਿਲਾਂ ਸ਼ੁਰੂ ਕੀਤੇ ਜਾਣਗੇ। ਅੱਜ ਐਲਾਨੇ ਗਏ ਪ੍ਰੋਜੈਕਟਾਂ ਵਿਚ 400 ਕਿਲੋਮੀਟਰ ਦੇ ਨਵੇਂ ਕੌਮੀ ਹਾਈਵੇ ਵੀ ਸ਼ਾਮਿਲ ਹਨ। ਸ਼੍ਰੀ ਗਡਕਰੀ ਨੇ ਕਿਹਾ ਕਿ ਕੇਂਦਰ ਵਲੋਂ ਦੇਸ਼ ਦੀਆਂ 101 ਨਦੀਆਂ ਅਤੇ ਦਰਿਆਵਾਂ ਵਿਚ ਜਲ ਟਰਾਂਸਪੋਰਟ ਚਲਾਈ ਜਾਵੇਗੀ, ਜਿਸ ਵਿਚ ਪੰਜਾਬ ਦੇ ਸਤਲੁਜ ਅਤੇ ਬਿਆਸ ਦਰਿਆ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਚੀਨ ਵਿਚ 44 ਪ੍ਰਤੀਸ਼ਤ ਟ੍ਰੈਫਿਕ ਪਾਣੀ ਰਾਹੀਂ ਚੱਲਦਾ ਹੈ, ਜਦਕਿ ਭਾਰਤ ਵਿਚ ਇਹ ਸੰਖਿਆ ਸਿਰਫ਼ 3.3 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਜਲ ਟਰਾਂਸਪੋਰਟ ਨੂੰ ਵਧਾਉਣ ਨਾਲ ਘੱਟ ਪ੍ਰਦੂਸ਼ਣ ਅਤੇ ਘੱਟ ਖਰਚੇ ‘ਤੇ ਸਫ਼ਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ-ਬਠਿੰਡਾ 3800 ਕਰੋੜ ਰੁਪਏ, ਜਲੰਧਰ-ਮੋਗਾ 1500 ਕਰੋੜ ਰੁਪਏ, ਮੋਗਾ-ਬਰਨਾਲਾ 500 ਕਰੋੜ ਰੁਪਏ, ਜਲੰਧਰ-ਹੁਸ਼ਿਆਰਪੁਰ (ਹਿਮਾਚਲ ਸੀਮਾ ਤੱਕ) ਇਕ ਹਜ਼ਾਰ ਕਰੋੜ ਰੁਪਏ, ਖਰੜ-ਕੁਰਾਲੀ 300 ਕਰੋੜ ਰੁਪਏ, ਰੋਪੜ-ਫਗਵਾੜਾ ਇਕ ਹਜ਼ਾਰ ਕਰੋੜ ਰੁਪਏ, ਲਾਧੋਵਾਲ-ਲੁਧਿਆਣਾ 315 ਕਰੋੜ ਰੁਪਏ, ਅੰਮ੍ਰਿਤਸਰ-ਵਾਹਘਾ ਬਾਰਡਰ ਤੱਕ 255 ਕਰੋੜ ਰੁਪਏ ਅਤੇ ਸਮਰਾਲਾ ਚੌਕ ਤੋਂ ਲੁਧਿਆਣਾ ਇਕ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ।
ਇਸ ਤੋਂ ਪਹਿਲਾਂ ਪੰਜਾਬ ਦੇ ਉਪ ਮੁੱਖ ਮੰਤਰੀ ਸz. ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿਚ 5 ਨਵੇਂ ਰੇਲਵੇ ਓਵਰ ਬ੍ਰਿਜ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿਚ ਬਠਿੰਡਾ-ਕੋਟਕਪੁਰਾ, ਫਰੀਦਕੋਟ ਵਿਖੇ ਤਲਵੰਡੀ ਰੋਡ, ਬਠਿੰਡਾ-ਡੱਬਵਾਲੀ ਰੋਡ, ਬਰਨਾਲਾ ਨੇੜੇ ਬਾਜਾਖਾਨਾ ਰੋਡ ਅਤੇ ਅੰਮ੍ਰਿਤਸਰ-ਤਰਨਤਾਰਨ ਰੋਡ ਦੇ ਆਰ.ਓ.ਬੀ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵਿਕਾਸ ਕਾਰਜਾਂ ਨੂੰ ਤਰਜ਼ੀਹ ਦਿੰਦੇ ਹਨ, ਜਿਸਦਾ ਸਬੂਤ ਇਥੇ ਠਾਠਾਂ ਮਾਰਦੇ ਇਕੱਠ ਤੋਂ ਮਿਲਦਾ ਹੈ ਪਰ ਦੂਜੇ ਪਾਸੇ ਕਾਂਗਰਸ ਵਲੋਂ ਅੰਮ੍ਰਿਤਸਰ ਵਿਖੇ ਰੱਖੀ ਲਲਕਾਰ ਰੈਲੀ ਰੱਦ ਕਰਨਾ, ਇਸ ਗੱਲ ਦਾ ਸੰਕੇਤ ਹੈ ਕਿ ਉਹ ਮੀਂਹ ਨੂੰ ਬਹਾਨਾ ਬਣਾ ਰਹੇ ਹਨ।
ਸz. ਬਾਦਲ ਨੇ ਕਿਹਾ ਕਿ ਆਉਣ ਵਾਲੀ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਸ਼੍ਰੀ ਨਿਤਿਨ ਗਡਕਰੀ ਵਲੋਂ ਪੰਜਾਬ ਦੇ ਵਿਕਾਸ ਲਈ ਹੋਰ ਵੀ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ। ਅੱਜ ਅਲਾਨੇ ਗਏ ਚਾਰ ਨਵੇਂ ਕੌਮੀ ਮਾਰਗ ਐਲਾਨੇ ਗਏ, ਜਿਨ੍ਹਾਂ ਵਿਚ ਫਗਵਾੜਾ-ਹੁਸ਼ਿਆਰਪੁਰ, ਅੰਮ੍ਰਿਤਸਰ ਤੋਂ ਲੈਕੇ ਹਿਮਾਚਲ ਸੀਮਾ ਤੱਕ, ਖਰੜ, ਬਨੂੜ, ਤੇਪਲਾ ਰੋਡ ਅਤੇ ਮੁੱਦਕੀ ਤੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੂੰ ਕੌਮੀ ਮਾਰਗ ਨਾਲ ਜੋੜਿਆ ਜਾਵੇਗਾ, ਜਿਸ ਤਹਿਤ 155 ਕਿਲੋਮੀਟਰ ਸੜਕ ਮੁੱਦਕੀ ਤੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਬਣਾਈ ਜਾਵੇਗੀ, ਇਨ੍ਹਾਂ ਵਿਚ ਚੰਡੀਗੜ੍ਹ-ਲੁਧਿਆਣਾ ਦੇ ਚਹੁੰਮਾਰਗੀ ਪ੍ਰੋਜੈਕਟ ਅਤੇ ਬਠਿੰਡਾ ਤੋਂ ਅੰਮ੍ਰਿਤਸਰ ਚਹੁੰਮਾਰਗੀ ਕਰਨਾ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਪੰਜਾਬ ਦੇ ਸਾਰੇ ਖਾਲਿਆਂ ਨੂੰ ਪੱਕਾ ਕਰਨ ਲਈ 900 ਕਰੋੜ ਰੁਪਏ ਪ੍ਰੋਜੈਕਟ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਸ਼੍ਰੀ ਵਿਜੈ ਸਾਂਪਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਹੋ ਰਹੇ ਵਿਕਾਸ ਤੋਂ ਸਾਬਿਤ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦਾ ਗਠਜੋੜ ਹੋਰ ਕਿੰਨਾ ਮਜ਼ਬੂਤ ਹੁੰਦਾ ਜਾ ਰਿਹਾ ਹੈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਕਮਲ ਸ਼ਰਮਾ, ਰਾਜ ਸਭਾ ਮੈਂਬਰ ਸ਼੍ਰੀ ਬਲਵਿੰਦਰ ਸਿੰਘ ਭੂੰਦੜ, ਲੋਕ ਨਿਰਮਾਣ ਮੰਤਰੀ ਸ਼੍ਰੀ ਜਨਮੇਜਾ ਸਿੰਘ ਸੇਖੋਂ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ਼੍ਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਸੰਬੋਧਨ ਕੀਤਾ।
ਸ਼੍ਰੀ ਗਡਕਰੀ ਵਲੋਂ ਅੱਜ ਬਹੁ-ਕਰੋੜੀ ਪ੍ਰੋਜੈਕਟ ਦੇ ਰੱਖੇ ਨੀਂਹ ਪੱਥਰ ਵਿਚ 7 ਹਾਈਵੇ ਪ੍ਰੋਜੈਕਟ ਸ਼ਾਮਿਲ ਹਨ, ਜਿਨ੍ਹਾਂ ਵਿਚ ਪਟਿਆਲਾ ਬਾਈਪਾਸ ਚਹੁੰਮਾਰਗੀ (279.68 ਕਰੋੜ), ਸੰਗਰੂਰ ਤੋਂ ਧਨੌਲਾ ਬਾਈਪਾਸ (319.80 ਕਰੋੜ ਰੁਪਏ), ਪਟਿਆਲਾ ਤੋਂ ਸੰਗਰੂਰ ਚਹੁੰਮਾਰਗੀ (486.75 ਕਰੋੜ), ਸੰਗਰੂਰ ਤੋਂ ਤਪਾ ਚਹੁੰਮਾਰਗੀ (483.38 ਕਰੋੜ), ਤਪਾ ਤੋਂ ਬਠਿੰਡਾ ਚਹੁੰਮਾਰਗੀ (620.28 ਕਰੋੜ), ਸੰਗਰੂਰ ਤੋਂ ਦੁਗਾਲ ਕਲਾਂ ਚਹੁੰਮਾਰਗੀ (546.43 ਕਰੋੜ) ਅਤੇ ਦੁਗਾਲ ਕਲਾਂ ਤੋਂ ਪੰਜਾਬ-ਹਰਿਆਣਾ ਬਾਰਡਰ ਤੱਕ ਚਹੁੰ ਮਾਰਗੀ (605.35 ਕਰੋੜ) ਸ਼ਾਮਿਲ ਹਨ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਅਤੇ ਬਲਬੀਰ ਸਿੰਘ ਘੁੰਨਸ, ਹਲਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਸ਼੍ਰੀ ਦਰਸ਼ਨ ਸਿੰਘ ਕੋਟਫੱਤਾ, ਪ੍ਰੇਮ ਮਿੱਤਲ, ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਐਸ.ਐਸ.ਪੀ. ਇੰਦਰ ਮੋਹਨ ਸਿੰਘ ਭੱਟੀ ਤੋਂ ਇਲਾਵਾ ਹੋਰ ਵੀ ਸ਼ਖਸ਼ੀਅਤਾਂ ਸ਼ਾਮਿਲ ਸਨ।