Thursday, July 3, 2025
Breaking News

ਮੁੱਖ ਪਾਰਲੀਮਾਨੀ ਸਕੱਤਰ ਸ. ਬੁਲਾਰੀਆ ਨੇ ਬਟਾਲਾ ਵਿਖੇ ਲਹਿਰਾਇਆ ਕੌਮੀ ਝੰਡਾ

ਪੰਜਾਬ ਪੁਲਿਸ, ਹੋਮਗਾਰਡ ਤੇ ਐਨ.ਸੀ.ਸੀ. ਕੈਡਿਟਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ

PPN2701201507
ਬਟਾਲਾ, 26 ਜਨਵਰੀ (ਨਰਿੰਦਰ ਸਿੰਘ ਬਰਨਾਲ) – 66ਵਾਂ ਗਣਤੰਤਰ ਦਿਵਸ ਅੱਜ ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਗਣਤੰਤਰ ਦਿਵਸ ਸਮਾਗਮ ਦੋਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਨੇ ਅਦਾ ਕੀਤੀ। ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਸ. ਬੁਲਾਰੀਆ ਨੇ ਪਰੇਡ ਦਾ ਮੁਆਇਨਾ ਕੀਤਾ ਅਤੇ ਪਰੇਡ ਕਮਾਂਡਰ ਡੀ.ਐੱਸ.ਪੀ. ਜਸਵੰਤ ਕੌਰ ਰਿਆੜ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨਾਂ, ਮਹਿਲਾ ਪੁਲਿਸ, ਪੰਜਾਬ ਹੋਮਗਾਰਡ ਦੇ ਜਵਾਨਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਰਾਹੀਂ ਮੁੱਖ ਮਹਿਮਾਨ ਨੂੰ ਸਲਾਮੀ ਭੇਂਟ ਕੀਤੀ ਗਈ। ਇਸੇ ਦੌਰਾਨ ਐੱਨ.ਸੀ.ਸੀ. ਕੈਡਿਟਾਂ, ਸਕੂਲੀ ਬੈਂਡ ਦੀਆਂ ਟੁਕੜੀਆਂ ਨੇ ਵੀ ਮਾਰਚ ਪਾਸਟ ‘ਚ ਹਿੱਸਾ ਲਿਆ। ਪਰੇਡ ਵਿੱਚ ਪਹਿਲੀ ਵਾਰ ਸ਼ਾਮਲ ਹੋਈ ਸਿਵਲ ਡਿਫੈਂਸ ਦੀ ਟੁਕੜੀ ਨੇ ਵੀ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿਚਿਆ।
ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਪਾਰਲੀਮਾਨੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਨੇ ਆਪਣੇ ਸੰਦੇਸ਼ ‘ਚ ਬਟਾਲਾ ਵਾਸੀਆਂ ਨੂੰ 66ਵੇਂ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਭਾਰਤ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਾਡੇ ਦੇਸ਼ ਨੇ ਬੜੇ ਫਖਰ ਨਾਲ ਗਣਤੰਤਰ ਦੇ 65 ਵਰ੍ਹੇ ਮੁਕੰਮਲ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਂਵੇ ਸਾਡਾ ਦੇਸ 15 ਅਗਸਤ 1947 ਨੂੰ ਅਜ਼ਾਦ ਹੋ ਗਿਆ ਸੀ ਪਰ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਣ ਉਪਰੰਤ ਹੀ ਸਹੀ ਮਾਅਨਿਆਂ ਸਾਡਾ ਦੇਸ਼ ਪੂਰਨ ਗਣਰਾਜ ਬਣਿਆ ਸੀ।ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਹਰ ਇੱਕ ਨੂੰ ਅਜ਼ਾਦੀ ਤੇ ਬਰਾਬਰੀ ਦਾ ਹੱਕ ਦਿੰਦਾ ਹੈ ਅਤੇ ਸਮੁੱਚੇ ਦੇਸ਼ ਨੂੰ ਇਸ ‘ਤੇ ਮਾਣ ਹੈ।
ਅਜ਼ਾਦੀ ਸੰਗਰਾਮ ਦੇ ਮਹਾਨ ਯੋਧਿਆਂ ਨੂੰ ਯਾਦ ਕਰਦਿਆਂ ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਅੱਜ ਜੋ ਅਸੀਂ 66ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਇਹ ਉਨ੍ਹਾਂ ਅਜ਼ਾਦੀ ਪਰਵਾਨਿਆਂ ਦੇ ਸਦਕਾ ਹੀ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਦੇਸ਼ ਨੂੰ ਗੁਲਾਮੀ ਦੀ ਜੰਜੀਰਾਂ ਤੋਂ ਮੁਕਤ ਕਰਾਇਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨੇ ਅਜ਼ਾਦੀ ਸੰਗਰਾਮ ਦੀ ਅਗਵਾਈ ਕੀਤੀ ਅਤੇ ਕੂਕਾ, ਲਹਿਰ, ਗੁਰਦੁਆਰਾ ਸੁਧਾਰ ਲਹਿਰ, ਕਾਮਾਗਾਟਾ ਮਾਰੂ ਲਹਿਰਾਂ ਨੇ ਅਜ਼ਾਦੀ ਸੰਗਰਾਮ ਨੂੰ ਨਵੀਂ ਦਿਸ਼ਾ ਦਿੱਤੀ। ਇਸ ਮੌਕੇ ਸ. ਬੁਲਾਰੀਆ ਨੇ ਅਜ਼ਾਦੀ ਪਰਵਾਨਿਆਂ ਨੂੰ ਨਿੱਘੀ ਸ਼ਰਧਾਂਝਲੀ ਭੇਂਟ ਕੀਤੀ।
ਪੰਜਾਬ ਸਰਕਾਰ ਦੀਆਂ ਉਪਲੱਬਧੀਆਂ ਦਾ ਜਿਕਰ ਕਰਦਿਆਂ ਸ. ਬੁਲਾਰੀਆ ਨੇ ਕਿਹਾ ਕਿ ਰਾਜ ਸਰਕਾਰ ਲੋਕਾਂ ਦੀ ਸੇਵਾ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਵੱਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਨੇ ਪਿਛਲੇ ਅੱਠ ਸਾਲਾਂ ‘ਚ ਇਨਕਲਾਬੀ ਸੁਧਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਕਰਤਾਰਪੁਰ ਵਿਖੇ ਜੰਗੇ ਅਜ਼ਾਦੀ ਮੈਮੋਰੀਅਲ ਸਮੇਤ ਵੱਖ-ਵੱਖ ਯਾਦਗਾਰਾਂ ਕਾਇਮ ਕੀਤੀਆਂ ਹਨ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਯੋਗ ਅਗਵਾਈ ਦੇਣਗੀਆਂ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਸੁਧਾਰ, ਸੇਵਾ ਅਧਿਕਾਰ ਕਾਨੂੰਨ ਸਰਕਾਰ ਦੀਆਂ ਪ੍ਰਮੁੱਖ ਪ੍ਰਾਪਤੀਆਂ ਹਨ।ਸ. ਬੁਲਾਰੀਆ ਨੇ ਕਿਹਾ ਕਿ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਬਿਜਲੀ ਉਤਪਾਦਨ ਦੇ ਖੇਤਰ ‘ਚ ਵਾਧੂ ਬਿਜਲੀ ਪੈਦਾ ਕਰਨ ਵਾਲਾ ਰਾਜ ਬਣ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਸਿੱਖਿਆ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਵਿਕਾਸ ਕੰਮਾਂ ਉਪਰ ਵੀ ਚਾਨਣਾ ਪਾਇਆ।
ਸ. ਬੁਲਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਥੇ ਸੂਬੇ ਭਰ ‘ਚ ਵਿਕਾਸ ਦੀ ਲਹਿਰ ਚਲਾਈ ਜਾ ਰਹੀ ਹੈ ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਸ਼ੋਹ ਪ੍ਰਾਪਤ ਧਰਤੀ ਬਟਾਲਾ ਦੇ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਬਟਾਲਾ ‘ਚ 21.5 ਕਰੋੜ ਰੁਪਏ ਦੀ ਲਾਗਤ ਨਾਲ 100 ਫੀਸਦੀ ਸ਼ਹਿਰੀ ਅਬਾਦੀ ਨੂੰ ਪੀਣ ਲਈ ਸਾਫ ਪਾਣੀ ਦੇਣ ਦਾ ਪ੍ਰੋਜੈਕਟ ਚੱਲ ਰਿਹਾ ਹੈ। ਇਸ ਤੋਂ ਇਲਾਵਾ ਬਟਾਲਾ ਵਿਖੇ ਆਧੁਨਿਕ ਪਸ਼ੂ ਮੇਲਾ ਗਰਾਉਂਡ ਤੇ ਹੋਰ ਬੁਨਿਆਦੀ ਢਾਂਚੇ ਦਾ ਵਿਕਾਸ ਵੀ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪ੍ਰਸਿਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਯਾਦਗਾਰ ਸ਼ਿਵ ਆਡੀਟੋਰੀਅਮ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ।ਸ. ਬੁਲਾਰੀਆ ਨੇ ਕਿਹਾ ਕਿ ਬਟਾਲਾ ਸ਼ਹਿਰ ਵਿਕਾਸ ਪੱਖੋਂ ਕਿਸੇ ਵੀ ਵੱਡੇ ਸ਼ਹਿਰ ਤੋਂ ਘੱਟ ਨਹੀਂ ਰਹਿਣ ਦਿੱਤਾ ਜਾਵੇਗਾ।ਸ. ਬੁਲਾਰੀਆ ਨੇ ਗਣਤੰਤਰ ਦਿਵਸ ਸਮਾਗਮ ਦੀ ਖੁਸ਼ੀ ਮੌਕੇ ਪ੍ਰੋਗਰਾਮ ‘ਚ ਹਿੱਸਾ ਲੈਣ ਵਾਲੇ ਸਰਕਾਰੀ ਸਕੂਲਾਂ ‘ਚ 27 ਜਨਵਰੀ ਨੂੰ ਛੁੱਟੀ ਦਾ ਐਲਾਨ ਵੀ ਕੀਤਾ।
ਇਸੇ ਦੌਰਾਨ ਗਣਤੰਤਰ ਦਿਵਸ ਸਮਾਗਮ ਦੀਆਂ ਖੁਸ਼ੀਆਂ ‘ਚ ਵਾਧਾ ਕਰਦੇ ਹੋਏ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ।ਇਸ ਤੋਂ ਇਲਾਵਾ ਗਿੱਧਾ ਅਤੇ ਭੰਗੜਾ ਵੀ ਸਮਾਗਮ ਦੇ ਵਿਸ਼ੇਸ਼ ਆਕਰਸ਼ਣ ਰਹੇ। ਸਮਾਗਮ ਦੌਰਾਨ ਸੁਤੰਤਰਤਾ ਸੰਗਰਾਮੀ ਸ. ਵੱਸਣ ਸਿੰਘ ਗਾਉਂਸਪੁਰਾ, ਸ. ਅਰਜਨ ਸਿੰਘ ਪੰਡੋਰੀ, ਸ਼੍ਰੀਮਤੀ ਕਰਮ ਕੌਰ ਤੇ ਸ੍ਰੀਮਤੀ ਕਰਮੋ ਦੇਵੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ।ਇਸ ਮੌਕੇ ਪਰੇਡ ਅਤੇ ਸੱਭਿਆਚਾਰਕ ਪ੍ਰੋਗਰਾਮ ‘ਚ ਹਿੱਸਾ ਲੈਣ ਵਾਲਿਆਂ ਨੂੰ ਵੀ ਯਾਦਗਾਰੀ ਚਿੰਨ ਭੇਂਟ ਕੀਤੇ ਗਏ।ਵੱਖ-ਵੱਖ ਖੇਤਰਾਂ ‘ਚ ਉਪਲੱਬਧੀਆਂ ਹਾਸਲ ਕਰਨ ਵਾਲੀਆਂ 40 ਸ਼ਖਸ਼ੀਅਤਾਂ ਨੂੰ ਵੀ ਮੁੱਖ ਮਹਿਮਾਨ ਸ. ਬੁਲਾਰੀਆ ਵੱਲੋਂ ਸਨਮਾਨਤ ਕੀਤਾ ਗਿਆ।ਸਮਾਗਮ ਦੇ ਅਖੀਰ ਵਿੱਚ ਐੱਸ.ਐੱਸ.ਪੀ. ਬਟਾਲਾ ਸ. ਇੰਦਰਬੀਰ ਸਿੰਘ ਤੇ ਐੱਸ.ਡੀ.ਐੱਮ. ਬਟਾਲਾ ਸ. ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਸ. ਬੁਲਾਰੀਆ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਹੋਰਨਾ ਤੋਂ ਇਲਾਵਾ ਸ. ਬਲਵਿੰਦਰ ਸਿੰਘ ਸ਼ਾਹ, ਚੇਅਰਮੈਨ ਸ਼ੂਗਰਫੈੱਡ ਸ. ਸੁਖਬੀਰ ਸਿੰਘ ਵਾਹਲਾ, ਮਾਰਕਿਟ ਕਮੇਟੀ ਚੇਅਰਮੈਨ ਸ. ਕਰਵਾਲੀਆਂ, ਤਹਿਸੀਲਦਾਰ ਬਟਾਲਾ ਸ. ਅਰਵਿੰਦਰਪਾਲ ਸਿੰਘ, ਨਾਇਬ ਤਹਿਸੀਲਦਾਰ ਲਛਮਣ ਸਿੰਘ, ਨਾਇਬ ਤਹਿਸੀਲਦਾਰ ਅਜੀਤ ਸਿੰਘ ਗਿੱਲ, ਐੱਸ.ਪੀ. ਇਨਵੈਸਟੀਗੇਸ਼ਨ ਸ. ਅਮਰੀਕ ਸਿੰਘ ਪੁਆਰ, ਈ.ਓ. ਨਗਰ ਕੌਂਸਲ ਬਟਾਲਾ ਸ. ਭੁਪਿੰਦਰ ਸਿੰਘ, ਭਾਜਪਾ ਜ਼ਿਲ੍ਹਾ ਬਟਾਲਾ ਪ੍ਰਧਾਨ ਸੁਰੇਸ਼ ਭਾਟੀਆ, ਮਾਸਟਰ ਕੁਲਦੀਪ ਸ਼ਰਮਾਂ, ਸ਼ਸ਼ੀ ਭੂਸ਼ਨ ਵਰਮਾ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਹਰਬਖਸ਼ ਸਿੰਘ, ਗੁਰਮੁੱਖ ਸਿੰਘ ਆਦਿ ਵੀ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply