ਹੁਸ਼ਿਆਰਪੁਰ, 9 ਫਰਵਰੀ (ਸਤਵਿੰਦਰ ਸਿੰਘ) – ਪੰਜਾਬ ਵਿੱਚ ਦਿਨੋ ਦਿਨ ਕੈਂਸਰ ਦੇ ਕੇਸਾਂ ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਪੰਜਾਬ ਵੱਲੋਂ ਮਿਤੀ 4 ਤੋਂ 10 ਫਰਵਰੀ ਤੱਕ ਕੈਂਸਰ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਮਾਣਯੋਗ ਸਿਵਲ ਸਰਜਨ ਡਾ. ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜਿਲ੍ਹਾ ਪਧੱਰੀ ਕੈਂਸਰ ਜਾਗਰੂਕਤਾ ਸੈਮੀਨਾਰ ਟਰੇਨਿੰਗ ਹਾਲ ਦਫਤਰ ਸਿਵਲ ਸਰਜਨ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਡਾ.ਅਜੇ ਬੱਗਾ ਨੇ ਜਾਣਕਾਰੀ ਦਿੱਤੀ ਕਿ ਜੇਕਰ ਮੁੱਢਲੀ ਸਟੇਜ ਵਿੱਚ ਹੀ ਕੈਂਸਰ ਦਾ ਪਤਾ ਲੱਗ ਜਾਵੇ ਤਾਂ ਇਸਦਾ ਇਲਾਜ ਸੰਭਵ ਹੋ ਸਕਦਾ ਹੈ। ਇਸਦੇ ਲਈ ਹਰ ਮਨੁੱਖ ਨੂੰ ਇਸਦੇ ਲੱਛਣਾਂ ਅਤੇ ਇਸ ਤੋਂ ਬਚਾਅ ਪ੍ਰਤੀ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮਨੁੱਖ ਨੂੰ ਆਪਣਾ ਵਾਤਾਵਰਣ ਸਾਫ ਅਤੇ ਸ਼ੁਧ ਰੱਖਣਾ ਚਾਹੀਦਾ ਹੈ ਕਿਉਂਕਿ 80 ਫੀਸਦੀ ਕੈਂਸਰ ਦੇ ਕੇਸਾਂ ਦਾ ਮੁੱਖ ਕਾਰਣ ਅਸ਼ੁਧ ਵਾਤਾਵਰਣ ਹੀ ਹੈ ਤੇ ਬਾਕੀ ਕੇਸਾਂ ਵਿੱਚ ਹੋਰ ਸਰੀਰਕ ਕਾਰਨਾ ਕਰਕੇ ਕੈਂਸਰ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਮਸਾਲੇਦਾਰ ਤੇ ਮਿਰਚੀਦਾਰ ਭੋਜਨ , ਪੱਛਮੀ ਖਾਣੇ ਦੇ ਇਸਤੇਮਾਲ, ਚਰਬੀਯੁਕਤ ਭੋਜਨ ਖਾਸਕਰ ਰੈਡ ਮੀਟ ਤੋਂ ਪਰਹੇਜ, ਅਤੇ ਰਸਾਇਣਕ ਖਾਦਯੁਕਤ ਪਦਾਰਥਾਂ ਦੇ ਸੇਵਨ ਤੋਂ ਪਰਹੇਜ ਕਰਨਾ ਚਾਹੀਦਾ ਹੈ ਤੇ ਸਰੀਰਕ ਮੋਟਾਪਾ ਨਹੀਂ ਆਉਣ ਦੇਣਾ ਚਾਹੀਦਾ। ਜੇਕਰ ਕਿਸੇ ਵਿਅਕਤੀ ਵਿੱਚ ਕੈਂਸਰ ਦੀ ਬੀਮਾਰੀ ਦੇ ਲੱਛਣ ਹੋਣ ਤਾਂ ਅਜਿਹੇ ਸ਼ੱਕੀ ਮਰੀਜ ਨੂੰ ਬਿਨਾਂ ਕਿਸੇ ਡਰ ਤੋਂ ਆਪਣੀ ਸਰੀਰਕ ਜਾਂਚ ਲਈ ਨੇੜੇ ਦੇ ਸਿਹਤ ਕੇਂਦਰ ਵਿਖੇ ਜਰੂਰ ਜਾਣਾ ਚਾਹੀਦਾ ਹੈ।ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਜਾਣਕਾਰੀ ਦਿੰਦੇ ਹੋਏ ਮਾਸ ਮੀਡੀਆ ਅਫਸਰ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਕੈਂਸਰ ਪ੍ਰਤੀ ਜਾਗਰੂਕਤਾ ਹਫਤਾ ਜਿਲ੍ਹੇ ਦੀਆਂ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਆਈ.ਈ.ਸੀ. ਅਤੇ ਬੀ.ਸੀ.ਸੀ. ਗਤੀਵਿਧੀਆਂ ਰਾਂਹੀ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਭ ਤੋਂ ਆਮ ਪਰ ਸੱਭ ਤੋਂ ਵੱਧ ਕੈਂਸਰ ਬੱਚੇਦਾਨੀ ਅਤੇ ਬਰੈਸਟ ਕੈਂਸਰ ਹੈ ਜੋ ਕਿ ਆਮਤੌਰ ਤੇ ਮਹਿਲਾਵਾਂ ਵਿੱਚ ਪਾਇਆ ਜਾਂਦਾ ਹੈ। ਇਸ ਲਈ ਹਰ ਮਹਿਲਾ ਨੂੰ ਖਾਸਕਰ ਇਨ੍ਹਾਂ ਦੋ ਕੈਂਸਰਾਂ ਦੇ ਕਾਰਣਾਂ ਅਤੇ ਲੱਛਣਾਂ ਪ੍ਰਤੀ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਤੰਬਾਕੂਨੋਸ਼ੀ ਅਤੇ ਨਸ਼ਿਆਂ ਤੋਂ ਹੋਣ ਵਾਲੇ ਕੈਂਸਰ ਅਤੇ ਹੋਰਨਾਂ ਸਰੀਰਕ ਅੰਗਾਂ ਦੇ ਕੈਂਸਰਾਂ ਦੇ ਸ਼ੁਰੂਆਤੀ ਲੱਛਣਾਂ ਅਤੇ ਇਸ ਤੋਂ ਬਚਾਅ ਪ੍ਰਤੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਰਾਂਹੀ ਕੈਂਸਰ ਦੀ ਬੀਮਾਰੀ ਤੋਂ ਬਚਾਅ ਪ੍ਰਤੀ ਇਹ ਜਾਣਕਾਰੀ ਘਰ-ਘਰ ਜਾ ਕੇ ਜਰੂਰ ਦਿੱਤੀ ਜਾਵੇ। ਸਮਾਗਮ ਦੌਰਾਨ ਐਨ.ਸੀ.ਡੀ.ਵਿਭਾਗ ਦੇ ਕਾਉਾਂਸਲਰ zੀਮਤੀ ਜਸਵਿੰਦਰ ਕੌਰ ਨੇ ਦੱਸਿਆ ਕਿ ਸੰਸਾਰ ਭਰ ਵਿੱਚ ਵੱਖ-ਵੱਖ ਬੀਮਾਰੀਆਂ ਤੋਂ ਹੋਣ ਵਾਲੀਆਂ ਮੌਤਾਂ ਦਾ ਇੱਕ ਮੁੱਖ ਕਾਰਣ ਕੈਂਸਰ ਬਣਦਾ ਜਾ ਰਿਹਾ ਹੈ। ਸੋਧਾਂ ਤੋਂ ਪਤਾ ਚਲਦਾ ਹੈ ਕਿ ਸਰੀਰਕ ਕਿਰਿਆਸ਼ੀਲਤਾ ਨੂੰ ਵਧਾਉਣ, ਸਰੀਰਕ ਕਸਰਤ ਕਰਨ, ਪੱਛਮੀ ਸੱਭਿਅਤਾ ਅਨੁਸਾਰ ਰਹਿਣ-ਸਹਿਣ ਅਤੇ ਖਾਣ ਪੀਣ ਦੀਆਂ ਆਦਤਾਂ ਵਿੱਚ ਬਦਲਾਅ ਅਤੇ ਸਮੇਂ-ਸਮੇਂ ਤੇ ਨਿਯਮਿਤ ਸਰੀਰਕ ਜਾਂਚ ਰਾਂਹੀ ਕੈਂਸਰ ਵਰਗੀ ਭਿਆਨਕ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਸਮਾਗਮ ਵਿੱਚ ਜ੍ਹਿਲਾ ਨਰਸਿੰਗ ਅਫਸਰ ਸ਼੍ਰੀਮਤੀ ਸੁਰਜਨ ਨੈਨ ਕੌਰ, ਵੱਖ-ਵੱਖ ਬਲਾਕਾਂ ਦੇ ਬੀ.ਈ.ਈ., ਐਲ.ਐਚ.ਵੀਜ਼, ਕਮਰਸ਼ੀਅਲ ਆਰਟਿਸਟ ਸੁਨੀਲ ਪ੍ਰਇਏ, ਭੁਪਿੰਦਰ ਸਿੰਘ ਅਤੇ ਬੀ.ਸੀ.ਸੀ. ਫਸੀਲੀਟੇਟਰ ਕੁਮਾਰੀ ਰੀਨਾ ਸੰਧੂ ਆਦਿ ਹਾਜ਼ਿਰ ਸਨ।