ਨਵੀਂ ਦਿੱਲੀ, 19 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਵੱਲੋਂ ਦਿੱਲੀ ਦੇ ਵੱਖ-ਵੱਖ ਚਾਰ ਥਾਣਿਆਂ ‘ਚ ਦਿੱਲੀ ਕਮੇਟੀ ਦੇ ਅੰਤ੍ਰਿੰਗ ਬੋਰਡ ਦੀ ਮੈਂਬਰ ਬੀਬੀ ਦਲਜੀਤ ਕੌਰ ਖਾਲਸਾ ਦੇ ਖਿਲਾਫ ਅਪਰਾਧਿਕ ਸਾਜਿਸ਼ ਰਚਕੇ ਬੇਲੋੜੇ ਦੋਸ਼ਾਂ ਦੀ ਸਿਆਸਤ ਰਾਹੀਂ ਮਾਨਹਾਨੀ ਕਰਨ ਦੇ ਤਹਿਤ ਮਾਮਲੇ ਦਰਜ ਕਰਵਾਏ ਗਏ ਹਨ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ 2015 ਦੀਆਂ ਦਿੱਲੀ ਵਿਧਾਨਸਭਾ ਚੋਣਾਂ ਦੌਰਾਨ ਬੀਬੀ ਖਾਲਸਾ ਵੱਲੋਂ ਪੰਜਾਬੀ ਰੇਡੀਓ ਯੂ.ਐਸ.ਏ. ਨੂੰ ਲਗਭਗ 20 ਮਿੰਟ ਦੇ ਦਿੱਤੇ ਗਏ ਇੰਟਰਵਿਉ ਦੌਰਾਨ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਅਤੇ ਸ਼ਾਹਦਰਾ ਤੋਂ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਖਿਲਾਫ ਝੂਠੇ ਦੋਸ਼ ਲਗਾਏ ਗਏ ਸਨ।ਇਸ ਕਥਿਤ ਇੰਟਰਵਿਊ ਦਾ ਵਿਰੋਧੀ ਧਿਰਾਂ ਵੱਲੋਂ ਸੋਸ਼ਲ ਮੀਡੀਆ ਖਾਸ ਕਰਕੇ ਵਾਟਸਐਪ ਅਤੇ ਫੇਸਬੁਕ ਤੇ ਬੇਲੋੜਾ ਪ੍ਰਚਾਰ ਵੀ ਕੀਤਾ ਗਿਆ ਸੀ।ਜਿਸ ਕਰਕੇ ਸਿੱਖ ਸੰਗਤਾਂ ਅੱਗੇ ਇਨ੍ਹਾਂ ਅਹੁਦੇਦਾਰਾਂ ਅਤੇ ਆਗੁਆਂ ਦੀ ਸ਼ਖਸ਼ੀਅਤ ‘ਤੇ ਨਾਹ-ਪੱਖੀ ਅਸਰ ਹੋਇਆ ਸੀ।
ਜੌਲੀ ਨੇ ਜੀ.ਕੇ, ਸਿਰਸਾ, ਕਾਲਕਾ ਅਤੇ ਸ਼ੰਟੀ ਵੱਲੋਂ ਕ੍ਰਮਵਾਰ ਥਾਣਾ ਗ੍ਰੇਟਰ ਕੈਲਾਸ਼, ਪੰਜਾਬੀ ਬਾਗ, ਕਾਲਕਾ ਜੀ ਤੇ ਸ਼ਾਹਦਰਾ ਵਿਖੇ ਬੀਬੀ ਖਾਲਸਾ ਦੇ ਖਿਲਾਫ ਧਾਰਾ 499 ਤੇ 500 ਤਹਿਤ ਮਾਮਲੇ ਦਰਜ ਕਰਵਾਉਣ ਵਾਸਤੇ ਸਬੂਤਾਂ ਦੇ ਨਾਲ ਸ਼ਿਕਾਇਤਾਂ ਦਾਖਿਲ ਕਰਵਾਉਣ ਦਾ ਦਾਅਵਾ ਕਰਦੇ ਹੋਏ ਦੱਸਿਆ ਕਿ ਦਿੱਲੀ ਦੇ ਪੁਲਿਸ ਕਮੀਸ਼ਨਰ ਬੀ.ਐਸ ਬੱਸੀ ਅਤੇ ਸਥਾਨਿਕ ਡੀ.ਸੀ.ਪੀ ਨੂੰ ਵੀ ਇਨ੍ਹਾਂ ਸ਼ਿਕਾਇਤਾਂ ਦਾ ਉਤਾਰਾ ਭੇਜਿਆ ਗਿਆ ਹੈ।ਜੌਲੀ ਨੇ ਇਸ ਇੰਟਰਵਿਉ ਦੌਰਾਨ ਬੀਬੀ ਖਾਲਸਾ ਵੱਲੋਂ ਲਾਏ ਗਏ ਦੋਸ਼ਾ ਨੂੰ ਸਿਆਸਤ ਤੋਂ ਪ੍ਰੇਰਿਤ ਵੀ ਦੱਸਿਆ।
ਉਕਤ ਅਹੁਦੇਦਾਰਾਂ ਵੱਲੋਂ ਦਿੱਲੀ ਪੁਲਿਸ ਨੂੰ ਇਸ ਮਸਲੇ ਤੇ ਬੀਬੀ ਖਾਲਸਾ ਵੱਲੋਂ ਉਨ੍ਹਾਂ ਦੇ ਖਿਲਾਫ ਅਪਰਾਧਿਕ ਸਾਜਿਸ਼ ਰਚਨ ਦੇ ਵੀ ਸਬੂਤ ਦਿੱਤੇ ਗਏ ਹਨ। ਬੀਬੀ ਖਾਲਸਾ ਵੱਲੋਂ ਲਗਾਏ ਗਏ 15 ਦੋਸ਼ਾਂ ਦੇ ਜਵਾਬ ਵੀ ਇਸ ਸ਼ਿਕਾਇਤੀ ਪੱਤਰਾਂ ‘ਚ ਅਹੁਦੇਦਾਰਾਂ ਵੱਲੋਂ ਸਿਲਸਿਲੇ ਵਾਰ ਦਿੰਦੇ ਹੋਏ ਇਨ੍ਹਾਂ ਦੋਸ਼ਾਂ ਨੂੰ ਸਾਬਿਤ ਕਰਨ ਦੀ ਵੀ ਬੀਬੀ ਨੂੰ ਚੁਣੌਤੀ ਦਿੱਤੀ ਗਈ ਹੈ।ਜੌਲੀ ਨੇ ਖਦਸ਼ਾ ਜਤਾਇਆ ਕਿ ਬੀਬੀ ਖਾਲਸਾ ਨੇ ਸਿੱਖ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਜਾਣਬੁੱਝ ਕੇ ਦਿੱਲੀ ਕਮੇਟੀ ਪ੍ਰਬੰਧਕਾਂ ਦੀ ਸ਼ਾਖ ਨੂੰ ਡੇਗਣ ਵਾਸਤੇ ਇਹ ਕੋਝੀ ਬਿਆਨਬਾਜ਼ੀ ਕੀਤੀ ਸੀ ਤਾਂਕਿ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਸਿੱਖ ਵੋਟ ਨਾ ਪ੍ਰਾਪਤ ਹੋ ਸਕਣ।ਬੀਬੀ ਖਾਲਸਾ ਖਿਲਾਫ ਲੋੜੀਂਦੀ ਕਾਰਵਾਈ ਕਰਨ ਦੀ ਦਰਜ ਕਰਵਾਈਆਂ ਗਈਆਂ ਸ਼ਿਕਾਇਤਾਂ ‘ਚ ਚਾਰੋਂ ਆਗੂਆਂ ਦੇ ਮਜਬੂਤ ਵਪਾਰਕ ਪਿਛੋਕੜ ਦਾ ਹਵਾਲਾ ਦਿੰਦੇ ਹੋਏ ਦਿੱਲੀ ਕਮੇਟੀ ‘ਚ ਉਨ੍ਹਾਂ ਵੱਲੋਂ ਭੇਟਾ ਮੁਕਤ ਸੇਵਾ ਨਿਭਾਉਣ ਦੀ ਵੀ ਗੱਲ ਕਹੀ ਗਈ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …