ਪੰਜਾਬ ਸਰਕਾਰ ਖਿਡਾਰੀਆਂ ਨੂੰ ਹਰਿਆਣਾ ਦੀ ਤਰਜ ‘ਤੇ ਦੇਵੇ ਮਾਣ-ਸਨਮਾਨ – ਸ: ਛੀਨਾ
ਅੰਮ੍ਰਿਤਸਰ, 20 ਫਰਵਰੀ (ਪ੍ਰੀਤਮ ਸਿੰਘ)- ਖਾਲਸਾ ਕਾਲਜ ਦੇ ਇਤਿਹਾਸਕ ਖੇਡ ਮੈਦਾਨ ਵਿਖੇ ਅੱਜ ਸ੍ਰੀ ਗੁਰੂ ਰਾਮਦਾਸ ਸਪੋਰਟਸ ਕਲੱਬ, ਅੰਮ੍ਰਿਤਸਰ ਅਤੇ ਤਰਨਾ ਦਲ, ਬਾਬਾ ਬਕਾਲਾ ਦੇ ਸਾਂਝੇ ਸਹਿਯੋਗ ਨਾਲ ‘ਚੌਥਾ ਸਵ: ਹਰਵਿੰਦਰ ਸਿੰਘ ਹਿੰਦਾ ਯਾਦਗਾਰੀ ਟੂਰਨਾਮੈਂਟ’ ਕਰਵਾਇਆ ਗਿਆ। ਜਿਸ ਦੌਰਾਨ ਪੰਜਾਬ ਪੁਲਿਸ, ਜਲੰਧਰ ਅਤੇ ਯੂਨਾਈਟਿਡ ਕਲੱਬ ਮਹਿਲਪੁਰ (ਹੁਸ਼ਿਆਰਪੁਰ) ਦੀਆਂ ਟੀਮਾਂ ਨੇ ਸ਼ਾਨਦਾਰ ਫੁੱਟਬਾਲ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵੈਨਕੂਵਰ (ਕੈਨੇਡਾ) ਦੀ ਖਾਸ ਤੌਰ ‘ਤੇ ਪੁੱਜੀ ਫੁੱਟਬਾਲ ਦੀ ਟੀਮ ਮੌਸਮ ਦੀ ਖ਼ਰਾਬੀ ਕਾਰਨ ਮੈਚ ਨਹੀਂ ਖੇਡ ਸਕੀ। ਟੂਰਨਾਮੈਂਟ ਦਾ ਉਦਘਾਟਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਦੀ ਤਰਜ਼ ‘ਤੇ ਖੇਡਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਬਣਦਾ ਮਾਣ-ਸਨਮਾਨ ਦੇਣ ਤੋਂ ਇਲਾਵਾ ਸਰਕਾਰ ਨੂੰ ਉਨ੍ਹਾਂ ਉਚਿੱਤ ਨੌਕਰੀਆਂ ਪ੍ਰਦਾਨ ਕਰਕੇ ਹੌਂਸਲਾ ਅਫਜਾਈ ਕਰਨੀ ਚਾਹੀਦੀ ਹੈ।
ਸ: ਛੀਨਾ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਦਿੱਤੇ ਸਹਿਯੋਗ ਦੀ ਖਾਸ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਖੇਡਾਂ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਸਰੀਰਿਕ ਪੱਖੋਂ ਚੁਸਤ-ਫੁਰਤ ਰੱਖਦੀਆਂ ਹਨ ਅਤੇ ਨੌਜਵਾਨਾਂ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਕਾਲਜ ਮੈਨੇਜ਼ਮੈਂਟ ਖੇਡਾਂ ਨੂੰ ਪ੍ਰੋਤਸਾਹਿਤ ਕਰਨ ਲਈ ਵਚਨਬੱਧ ਹੈ ਅਤੇ ਸਮੂੰਹ ਖ਼ਾਲਸਾ ਵਿੱਦਿਅਕ ਸੰਸਥਾਵਾਂ ਵਿੱਚ ਯੋਗ ਖਿਡਾਰੀਆਂ ਨੂੰ ਸਹੂਲਤਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਇਸ ਮੌਕੇ ਸ: ਛੀਨਾ ਨੇ ਅਰੁਜਨ ਐਵਾਰਡੀ ਸ: ਗੁਰਦੇਵ ਸਿੰਘ, ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਨਾਲ ਮਿਲਕੇ ਖਿਡਾਰੀਆਂ ਨੂੰ ਕਿੱਟਾਂ ਵੀ ਪ੍ਰਦਾਨ ਕੀਤੀਆਂ ਅਤੇ ਇੰਟਰਨੈਸ਼ਨਲ ਪਲੇਅਰਾਂ ਨੂੰ ਸਨਮਾਨਿਤ ਵੀ ਕੀਤਾ। ਉਕਤ ਦੋਹਾਂ ਟੀਮਾਂ ਦਰਮਿਆਨ ਖੇਡਿਆਂ ਗਿਆ ਮੈਚ ਬਰਾਬਰ ਰਿਹਾ। ਮੈਚ ਵਿੱਚ ਕੁਮੈਂਟਰ ਦੀ ਭੂਮਿਕਾ ਕੈਪਟਨ ਮਨਿੰਦਰ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਸ: ਕੁਲਜੀਤ ਸਿੰਘ, ਐੱਸ. ਐੱਸ. ਪੀ. ਬਲਜੀਤ ਸਿੰਘ ਰੰਧਾਵਾ, ਭਾਈ ਰੇਸ਼ਮ ਸਿੰਘ ਪ੍ਰਚਾਰਕ ਸ੍ਰੀ ਗੁਰੂ ਗ੍ਰੰਥ ਸਾਹਿਬ, ਡੀ. ਐੱਸ. ਪੀ. ਹਰਪਾਲ ਸਿੰਘ, ਸੂਬਾ ਸਿੰਘ, ਸਾਹਿਬ ਸਿੰਘ ਸੰਧੂ ਤੋਂ ਇਲਾਵਾ ਕਈ ਅਹਿਮ ਸਖਸ਼ੀਅਤਾਂ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਖਿਡਾਰੀ ਮੌਜ਼ੂਦ ਸਨ।