ਸੁਖਬੀਰ ਸਿੰਘ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ
ਅੰਮ੍ਰਿਤਸਰ, 2 ਮਾਰਚ (ਗੁਰਪ੍ਰੀਤ ਸਿੰਘ) – ਈਡੀਅਟ ਕਲੱਬ ਵੱਲੋਂ ਤੀਸਰੇ ਜਸਪਾਲ ਭੱਟੀ ਅਵਾਰਡ ਸਮਾਰੋਹ ਦਾ ਆਯੋਜਨ ਅਲਫਾ ਵਨ ਵਿਖੇ ਕੀਤਾ ਗਿਆ।ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ਅਤੇ ਧਵਨੀ ਮਹਿਰਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਅਵਾਰਡ ਸਮਾਰੋਹ ਵਿਚ ਦੂਰਦਰਸ਼ਨ ਜਲੰਧਰ ਦੇ ਕਲਾਕਾਰ ਸੁਖਬੀਰ ਸਿੰਘ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਬਾਲੀਵੁੱਡ ਸਟਾਰ ਮੰਗਲ ਢਿੱਲੋਂ ਨੂੰ ਆਊਟਸਟੈਂਡਿੰਗ ਅਚੀਵਮੈਂਟਸ ਐਵਾਰਡ ਦੇ ਨਾਲ ਨਿਵਾਜਿਆ ਗਿਆ।ਪੰਜਾਬੀ ਗਾਇਕ ਨਛੱਤਰ ਗਿਲ, ਸੂਫੀ ਗਾਇਕ ਜੋੜੀ ਸੰਨੀ ਸਲੀਮ ਅਤੇ ਹਿਨਾ ਡੀ ਸਿੰਘਲ ਨੂੰ ਸੁਰਾਂ ਦਾ ਬਾਦਸ਼ਾਹ ਐਵਾਰਡ ਦਿਤਾ ਗਿਆ। ਪੀਟੀਸੀ ਚੈਨਲ ਤੇ ਚੱਲਣ ਵਾਲੇ ਲਾਫਟਰ ਦਾ ਮਾਸਟਰ ਪ੍ਰੋਗਰਾਮ ਦੇ ਸੱਤੀ ਸੈਂਬੀ, ਸਲੋਨੀ ਸਰੀਨ, ਕੰਵਲ ਰਣਦੇਅ, ਲਹਿਰੀ ਲਖਬੀਰ ਅਤੇ ਮਿੰਟੋ ਨੂੰ ‘ਮਸਖਰੇ ਪੰਜਾਬ ਦੇ’ ਐਵਾਰਡ ਦੇ ਨਾਲ ਸਨਮਾਨਿਆ।
ਜੀਤ ਮਹਿੰਦਰੂ ਦੀ ਯੋਗ ਨਿਰਦੇਸ਼ਨਾਂ ਹੇਠ ਤਿਆਰ ਫਿਲਮ ਕੁਦੇਸਣ ਦੀ ਟੀਮ ਵੀ ਇਸ ਮੌਕੇ ਹਾਜਰ ਸੀ। ਇਸ ਫਿਲਮ ਵਿਚ ਸੁਖਬੀਰ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਹੈ।ਬਾਲੀਵੁਡ ਸਟਾਰ ਮੰਗਲ ਢਿੱਲੋਂ ਨੇ ਕਿਹਾ ਕਿ ਹੱਸਣਾ ਸਾਡੀ ਜਿੰਦਗੀ ਦਾ ਅਹਿਮ ਹਿੱਸਾ ਹੈ ਅੱਜ ਦੀ ਤਨਾਅ ਭਰੀ ਜਿੰਦਗੀ ਵਿਚ ਕਿਸੇ ਨੂੰ ਕੁੱਝ ਪਲ ਦੇ ਲਈ ਹਸਾਉਣ ਲਈ ਸਾਡੇ ਨੌਜਵਾਨ ਕਮੇਡੀ ਕਲਾਕਾਰ ਜੋ ਰੋਲ ਅਦਾ ਕਰ ਰਹੇ ਹਨ ਉਹ ਕਾਬਿਲੇ ਤਾਰੀਫ ਹੈ।ਉਹਨਾਂ ਨੇ ਕਿਹਾ ਕਿ ਈਡੀਅਟ ਕਲੱਬ ਵੱਲੋਂ ਜਸਪਾਲ ਭੱਟੀ ਦੀ ਯਾਦ ਨੂੰ ਸਮਰਪਿਤ ਸ਼ੁਰੂ ਕੀਤੇ ਗਏ ਇਹਨਾਂ ਐਵਾਰਡਾਂ ਲਈ ਕਲੱਬ ਦੇ ਪ੍ਰਧਾਨ ਰਾਜਿੰਦਰ ਰਿਖੀ ਅਤੇ ਉਹਨਾਂ ਦੀ ਟੀਮ ਵਧਾਈ ਦੀ ਪਾਤਰ ਹੈ।ਸੁਖਬੀਰ ਸਿੰਘ ਨੇ ਕਿਹਾ ਕਿ ਈਡੀਅਟ ਕਲੱਬ ਵੱਲੋਂ ਜੋ ਮਾਣ ਮੈਨੂੰ ਦਿਤਾ ਗਿਆ ਹੈ ਉਸਦੇ ਲਈ ਮੈਂ ਉਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਇਸ ਐਵਾਰਡ ਸਮਾਰੋਹ ਵਿਚ ਕਮੇਡੀ ਕਲਾਕਾਰਾਂ ਟੋਚਨ ਹੀਲਾ, ਧੀਰਜ ਅਤੇ ਮਸਖਰੇ ਪੰਜਾਬ ਦੇ ਅਵਾਰਡ ਪ੍ਰਾਪਤ ਕਰਨ ਵਾਲੇ ਸਾਰੇ ਕਮੇਡੀਅਨਾਂ ਨੇ ਹਸਾ-ਹਸਾ ਕੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਛੱਡੀਆਂ।
ਇਸ ਮੌਕੇ ਸਪਤਾਹਿਕ ਅਖਬਾਰ ਦਿਵਯ ਪੰਜਾਬ ਦੀ ਘੁੰਡ ਚੁਕਾਈ ਵੀ ਕੀਤੀ ਗਈ। ਭਾਰੀ ਬਾਰਿਸ਼ ਦੇ ਬਾਵਜੂਦ ਵੀ ਜਸਪਾਲ ਭੱਟੀ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਭਾਰੀ ਇਕੱਠ ਪ੍ਰੋਗਰਾਮ ਵਿਚ ਹਾਜਰ ਸੀ। ਜਸਪਾਲ ਭੱਟੀ ਦੇ ਪੁੱਤਰ ਜਸਰਾਜ ਭੱਟੀ ਅਤੇ ਨੂੰਹ ਸੁਰੀਲੀ ਗੌਤਮ ਨੇ ਇਸ ਸਮਾਰੋਹ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਜਸਰਾਜ ਭੱਟੀ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਜਿਉਂਦੇ ਜੀਅ ਤਾਂ ਹਰ ਕੋਈ ਵਿਅਕਤੀ ਕਿਸੇ ਨਾਲ ਪਿਆਰ ਕਰਦਾ ਹੈ ਉਸ ਦੇ ਅੱਗੇ-ਪਿਛੇ ਘੁੰਮਦਾ ਹੈ, ਪਰ ਉਸੇ ਆਦਮੀ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਜੇਕਰ ਕੋਈ ਉਸ ਨੂੰ ਯਾਦ ਰੱਖਦਾ ਹੈ ਤਾਂ ਅਸਲੀ ਪਿਆਰ ਇਹ ਹੀ ਹੁੰਦਾ ਹੈ।ਜਸਪਾਲ ਭੱਟੀ ਦੇ ਜਨਮ ਦਿਨ ਨੂੰ ਸਮਰਪਿਤ ਇਸ ਅਵਾਰਡ ਸਮਾਰੋਹ ਦੌਰਾਨ ਕੇਕ ਕੱਟ ਕੇ ਭੱਟੀ ਜੀ ਦਾ ਜਨਮ ਦਿਨ ਮਨਾਇਆ ਗਿਆ।ਕਲੱਬ ਦੇ ਮੀਤ ਪ੍ਰਧਾਨ ਕੇ. ਐਸ ਪਾਰਸ ਨੇ ਆਏ ਹੋਏ ਸਾਰੇ ਹੀ ਕਲਾਕਾਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।