ਨਵੀਂ ਦਿੱਲੀ, 10 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕਮੇਟੀ ਦੇ ਹਜ਼ੂਰੀ ਰਾਗੀ ਭਾਈ ਮਨਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਖਾਲਸਾ, ਭਾਈ ਕੁਲਵੰਤ ਸਿੰਘ ਪ੍ਰਭਾਤ ਨੇ ਕੀਰਤਨ ਅਤੇ ਭਾਈ ਹਰਦੇਵ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸੀਸਗੰਜ ਸਾਹਿਬ ਨੇ ਕਥਾ ਵਿਚਾਰਾ ਰਾਹੀਂ ਗੁਰੁ ਸਾਹਿਬ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਮੌਕੇ ਹਾਜਰੀ ਭਰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਦੇ ਬਲਿਦਾਨੀ ਅਤੇ ਤਿਆਗੀ ਜੀਵਨ ਬਾਰੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਜੀ.ਕੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਹਿੰਦੂ ਧਰਮ ਦੀ ਰੱਖਿਆ ਤੇ ਤਿਲਕ ਅਤੇ ਜੰਝੂ ਦੀ ਰਾਖੀ ਲਈ ਦਿੱਤੇ ਗਏ ਬਲਿਦਾਨ ਨੂੰ ਵੱਡਮੁਲਾ ਕਰਾਰ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੁੂ ਨਾਨਕ ਸਾਹਿਬ ਨੇ ਕਰਮਕਾਂਡਾ ਦਾ ਖੰਡਨ ਕੀਤਾ ਸੀ ਤੇ ਸਾਰਾ ਜੀਵਨ ਕਰਮਕਾਂਡਾ ਨੂੰ ਤਿਆਗਣ ਦਾ ਸਿੱਖਾਂ ਨੂੰ ਸੁਨੇਹਾ ਦਿੱਤਾ ਸੀ ਪਰ ਗੁਰੁ ਤੇਗ ਬਹਾਦਰ ਸਾਹਿਬ ਕੋਲ ਜਦੋਂ ਤਿਲਕ ਅਤੇ ਜਨੇਉਂ ਦੀ ਰੱਖਿਆ ਲਈ ਕਸ਼ਮੀਰੀ ਪੰਡਿਤਾ ਵੱਲੋਂ ਪਹੁੰਚ ਕੀਤੀ ਗਈ ਸੀ ਤਾਂ ਗੁਰੁੂ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਅਤੇ ਧਾਰਮਿਕ ਅਜ਼ਾਦੀ ਲਈ ਆਪਣੇ ਸੀਸ ਦਾ ਬਲਿਦਾਨ ਇਸ ਸਥਾਨ ਤੇ ਕੀਤਾ ਸੀ। ਕਿਉਂਕਿ ਗੁਰੁੂ ਸਾਹਿਬ ਧਾਰਮਿਕ ਅਜ਼ਾਦੀ ਦੇ ਵੱਡੇ ਸਮਰਥਕ ਅਤੇ ਜ਼ਬਰ ਅਤੇ ਜ਼ੁਲਮ ਦੇ ਕਟੱੜ ਆਲੋਚਕ ਸਨ।ਜਿਸ ਕਰਕੇ ਜਿਨ੍ਹਾਂ ਕਰਮਕਾਂਡਾ ਨੂੰ ਅਪਨਾਉਣ ਤੋਂ ਗੁਰੂਨਾਨਕ ਸਾਹਿਬ ਵੱਲੋਂ ਵਰਜਿਆ ਗਿਆ ਸੀ ਉਨ੍ਹਾਂ ਲਈ ਹੀ ਗੁਰੁੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਦੇਕੇ ਇਕ ਨਿਵੇਕਲੀ ਮਿਸਾਲ ਕਾਇਮ ਕੀਤੀ ਸੀ।
ਗੁਰੂਆਂ ਵੱਲੋਂ ਸਰਬਤ ਦੇ ਭਲੇ ਦੇ ਦਿੱਤੇ ਗਏ ਸਿਧਾਂਤ ਤੇ ਸੰਗਤਾਂ ਨੂੰ ਚਲਣ ਦੀ ਤਾਕੀਦ ਕਰਦੇ ਹੋਏ ਜੀ.ਕੇ. ਨੇ ਛੋਟੀ-ਮੋਟੀ ਗੱਲਾਂ ਤੇ ਸਮਾਜ ਵਿਚ ਵੱਧ ਰਹੇ ਖੁਨ ਖਰਾਬੇ ਤੇ ਵੀ ਚਿੰਤਾ ਜ਼ਾਹਿਰ ਕੀਤੀ। ਹਰ ਇਨਸਾਨ ਨੂੰ ਆਪਣੀ ਮਾਨਸਿਕ ਤਾਕਤ ਦਾ ਇਸਤੇਮਾਲ ਸ਼ਾਰਿਰਕ ਤਾਕਤ ਤੋਂ ਪਹਿਲੇ ਕਰਨ ਦੀ ਵੀ ਜੀ.ਕੇ. ਨੇ ਨੌਜਵਾਨਾਂ ਨੂੰ ਅਪੀਲ ਕੀਤੀ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ, ਬੀਬੀ ਧੀਰਜ ਕੌਰ, ਮਨਮੋਹਨ ਸਿੰਘ ਮਿੰਟੂ, ਦਰਸ਼ਨ ਸਿੰਘ, ਸਮਰਦੀਪ ਸਿੰਘ ਸੰਨੀ, ਤੇ ਅਮਰਜੀਤ ਸਿੰਘ ਪਿੰਕੀ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …