ਸਿਡਨੀ ਤੋਂ ਸਪੈਸ਼ਲ ਰਿਪੋਰਟ
ਗੁਰਚਰਨ ਸਿੰਘ ਕਾਹਲੋ
31 ਅਗਸਤ 2015
ਪੰਜਾਬੀ ਪੱਤਰਕਾਰਤਾ ਦੇ ਨਾਮਵਾਰ ਲੇਖਕ, ਸ੍ਰੀ ਦਵਿੰਦਰ ਪਾਲ ਦਾ ਸਿਡਨੀ ਆਉਣ ‘ਤੇ, ‘ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ’ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਇਹ ਰੂ-ਬ-ਰੂ ਸਮਾਗਮ, ਸਿਡਨੀ ਦੇ ਫਾਈਵ ਸਟਾਰ ਹੋਟਲ, ਮੰਤਰਾ ਵਿਚ ਰੱਖਿਆ ਗਿਆ ।
ਇਥੇ ਪ੍ਰਾਪਤ ਹੋਈ ਈ-ਮੇਲ ਅਨੁਸਾਰ ਸਭ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਗਿਆਨੀ ਸੰਤੋਖ ਸਿੰਘ ਨੇ ਦਵਿੰਦਰ ਪਾਲ ਅਤੇ ਬਾਕੀ ਸਾਰੇ ਹਾਜਰ ਸੱਜਣਾਂ ਨੂੰ ‘ਜੀ ਆਇਆਂ’ ਆਖਿਆ। ਉਪਰੰਤ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਾਸਤੇ ਚੀਫ਼ ਗੈਸਟ ਦਵਿੰਦਰ ਪਾਲ, ਪ੍ਰਸਿਧ ਸਾਹਿਤਕਾਰ ਸ. ਸਾਕੀ, ਪ੍ਰਿੰਸੀਪਲ ਲਛਮਣ ਸਿੰਘ ਅਤੇ ਮਨਮੋਹਨ ਸਿਘ ਖੇਲਾ ਨੂੰ ਸਟੇਜ ਉਪਰ ਬਿਰਾਜਮਾਨ ਹੋਣ ਦਾ ਸੱਦਾ ਦਿਤਾ ਗਿਆ।
ਫਿਰ ਪ੍ਰਧਾਨ ਸੰਤੋਖ ਸਿੰਘ ਨੇ ਸਟੇਜ ਦੀ ਕਾਰਵਾਈ ਚਲਾਉਣ ਵਾਸਤੇ, ਕਲੱੱਬ ਦੇ ਜਨਰਲ ਸੈਕਟਰੀ ਗੁਰਚਰਨ ਸਿੰਘ ਕਾਹਲੋਂ ਨੂੰ ਸਮਾਗਮ ਦੀ ਅਗਲੀ ਕਾਰਵਾਰੀ ਚਲਾਉਣ ਦਾ ਸੱਦਾ ਦਿੱਤਾ ।
ਜਨਰਲ ਸੈਕਟਰੀ ਗੁਰਚਰਨ ਸਿੰਘ ਕਾਹਲੋਂ ਨੇ ਮਾਈਕ ਤੇ ਆ ਕੇ ਸਾਰੇ ਮੈਂਬਰਾਂ ਵੱਲੋਂ ਪ੍ਰਧਾਨ ਨੂੰ ਸਟੇਜ ਉਪਰ ਆ ਕੇ ਪ੍ਰਧਾਨਗੀ ਮੰਡਲ ਵਿਚ ਬੈਠਣ ਦੀ ਬੇਨਤੀ ਕੀਤੀ। ਇਸ ਦੇ ਨਾਲ਼ ਸz. ਕਾਹਲੋਂ ਨੇ ਗਿਆਨੀ ਸੰਤੋਖ ਸਿੰਘ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਪੱਤਰਕਾਰੀ ਦੇ ਖੇਤਰ ਵਿਚ ਪਾਏ ਉਹਨਾਂ ਦੇ ਯੋਗਦਾਨ ਦਾ ਸੰਖੇਪ ਵਿਚ ਜ਼ਿਕਰ ਕੀਤਾ।
ਸਾਹਿਤਕ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸ. ਸੁਰਿੰਦਰ ਸਿੰਘ ਜਗਰਾਉਂ ਨੇ ਸ਼ਹੀਦ ਊਧਮ ਸਿੰਘ ਦੀ ਵਾਰ ਸੁਣਾ ਕੇ ਹਾਲ ਵਿਚ ਚੜ੍ਹਦੀਕਲਾ ਵਾਲਾ ਵਾਤਾਵਰਣ ਪੈਦਾ ਕੀਤਾ ਅਤੇ ਫਿਰ ਵਾਰੀ ਵਾਰੀ ਹੋਰਨਾਂ ਵਿਦਵਾਨਾਂ ਅਤੇ ਸਿਡਨੀ ਵਿਚ ਕੌਮੀ ਕਾਰਜ ਕਰ ਰਹੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਬੋਲਣ ਦਾ ਸੱਦਾ ਦਿਤਾ ਗਿਆ।
ਸ. ਤੇਜਿੰਦਰ ਸਿੰਘ ਸਹਿਗਲ ਅਤੇ ਸ. ਅਮਰਜੀਤ ਸਿੰਘ ਖੇਲਾ ਨੇ, ਸ੍ਰੀ ਦਵਿੰਦਰ ਪਾਲ ਨਾਲ਼ ਪੰਜਾਬ ਵਿੱਚਲੇ ਪੱਤਰਕਾਰੀ ਦੇ ਖੇਤਰ ਵਿਚ ਇਕੱਠੇ ਵਿਚਰਣ ਦੀਆਂ ਯਾਦਾਂ ਦੀ ਸਰੋਤਿਆਂ ਨਾਲ਼ ਸਾਂਝ ਪਾਈ ਤੇ ਫਿਰ ਮੰਚ ਸੰਚਾਲਕ ਵੱਲੋਂ ਸ੍ਰੀ ਦਵਿੰਦਰ ਪਾਲ ਨਾਲ਼ ਜਾਣ ਪਛਾਣ ਕਰਵਾ ਕੇ, ਉਹਨਾਂ ਨੂੰ ਮਾਈਕ ਉਪਰ ਆਉਣ ਲਈ ਆਖਿਆ ।ਦਵਿੰਦਰ ਪਾਲ ਨੇ ਪੱਤਰਕਾਰੀ ਨਾਲ਼ ਸਬੰਧਤ ਨਿਜੀ ਅਤੇ ਆਮ ਤਜੱਰਬੇ, ਸਰੋਤਿਆਂ ਨਾਲ਼ ਸਾਂਝੇ ਕੀਤੇ ਅਤੇ ਉਹਨਾਂ ਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿਤੇ।ਕਲੱਬ ਦੇ ਉਘੇ ਅਹੁਦੇਦਾਰ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਆਸਟ੍ਰੇਲੀਆ ਵਿਚ ਪੰਜਾਬੀ ਪੱਤਰਕਾਰੀ ਨੂੰ ਦਰਪੇਸ਼, ਵਰਤਮਾਨ ਅਤੇ ਭਵਿਖ ਦੀਆਂ ਚੁਣੌਤੀਆਂ ਬਾਰੇ ਆਪਣੇ ਪ੍ਰਭਾਵਸ਼ਾਲੀ ਭਾਸ਼ਨ ਰਾਹੀਂ ਰੌਸਨੀ ਪਾਈ। ਕਲੱਬ ਦੇ ਉਪ ਪ੍ਰਧਾਨ ਡਾ. ਅਵਤਾਰ ਸ. ਸੰਘਾ ਅਤੇ ਸ. ਸਾਕੀ ਨੇ ਸ੍ਰੀ ਦਵਿੰਦਰ ਪਾਲ ਨੂੰ ਆਪਣੀਆਂ ਕਿਤਾਬਾਂ ਭੇਟ ਕੀਤੀਆਂ।
ਸਿਡਨੀ ਵਿਚ ਵਿੱਚਰ ਰਹੀਆਂ ਹੋਰ ਸੰਸਥਾਵਾਂ ਦੇ ਆਗੂਆਂ ਅਤੇ ਵਿਦਵਾਨ ਸਰੋਤਿਆਂ ਨੇ, ਇਸ ਭਰਵੇਂ ਸਮਾਗਮ ਵਿਚ ਆਪੋ ਆਪਣੇ ਵਿਚਾਰ ਪੇਸ਼ ਕੀਤੇ।ਸਾਢੇ ਤਿੰਨ ਘੰਟੇ ਚੱਲੇ ਇਸ ਭਰਪੂਰ ਸਮਾਗਮ ਵਿਚ ਸਾਰਿਆਂ ਨੇ ਹੀ ਆਪਣਾ ਆਪਣਾ ਯੋਗਦਾਨ ਪਾਇਆ।ਹਾਲ ਖੱਚਾ ਖੱਚ ਭਰਿਆ ਹੋਇਆ ਸੀ ਤੇ ਕਈ ਸੱਜਣਾਂ ਨੂੰ ਖਲੋ ਕੇ ਹੀ ਇਸ ਸਮਾਗਮ ਵਿਚ ਹਿੱਸਾ ਲੈਣਾ ਪਿਆ। ਮੰਤਰਾ ਹੋਟਲ ਦੇ ਪ੍ਰਬੰਧਕਾਂ ਵੱਲੋਂ ਆਏ ਸੱਜਣਾਂ ਵਾਸਤੇ ਚਾਹ ਪਾਣੀ ਦਾ ਵੀ ਢੁਕਵਾਂ ਪ੍ਰਬੰਧ ਕੀਤਾ ਹੋਇਆ ਸੀ। ਬੜੇ ਹੀ ਖ਼ੁਸ਼ਗਵਾਰ ਮਾਹੌਲ ਵਿਚ ਇਹ ਸਮਾਗਮ ਸੰਪੂਰਨ ਹੋਇਆ।ਕੁੱਝ ਹਫ਼ਤੇ ਪਹਿਲਾਂ ਹੀ ਵਜ਼ੂਦ ਵਿਚ ਆਈ ਇਸ ਪੰਜਾਬੀ ਮੀਡੀਆ ਕਲੱਬ ਦਾ ਇਹ ਪਲੇਠਾ ਸਫਲ ਸਮਾਗਮ ਸੀ।ਸਮਾਗਮ ਤੋਂ ਅਗਲੇ ਦਿਨ ਪਤਾ ਲੱਗਾ ਕਿ ਕਈ ਸੱਜਣਾਂ ਨੂੰ ਪਾਰਕਿੰਗ ਵਾਸਤੇ ਸਥਾਨ ਨਾ ਲੱਭ ਸਕਣ ਕਰਕੇ ਵਾਪਸ ਮੁੜ ਗਏ ।
ਸਮਾਗਮ ਵਿਚ ਮੁੱਖ ਤੌਰ ‘ਤੇ ਤੇਜਿੰਦਰ ਸਹਿਗਲ, ਅਮਰਜੀਤ ਖੇਲਾ, ਨਿਰਮਲ ਸਿੰਘ ਨੋਕਵਾਲ, ਸੁਰਿੰਦਰ ਸਿੰਘ ਜਗਰਾਓ, ਬਾਵਾ ਸਿੰਘ ਜਗਦੇਵ, ਜਰਨੈਲ ਸਿੰਘ ਜਾਫਪੁਰੀ, ਦੇਵ ਪਾਸੀ, ਰਾਜਵੰਤ ਸਿੰਘ, ਉਧਮ ਸਿੰਘ ਸੋਹਾਨਾ, ਡਿਪਟੀ ਮੇਅਰ ਗੁਰਦੀਪ ਸਿੰਘ, ਪ੍ਰਭਜੋਤ ਸਿੰਘ ਸੰਧੂ, ਭੂਪਿੰਦਰ ਛਿੱਬੜ, ਸਰਵਿੰਦਰ ਸਿੰਘ ਰੂਮੀ, ਸ਼ਾਮ ਕੁਮਾਰ, ਹਰਜੀਤ ਸੇਖੋ, ਸ੍ਰੀਮਤੀ ਲੱਕੀ ਸਿੰਘ, ਇਸ਼ਵੀਨ ਕੌਰ, ਮਨਿੰਦਰ ਸਿੰਘ, ਬਲਜੀਤ ਸਿੰਘ ਬੱਲ, ਕੈਪਟਨ ਸਰਜਿੰਦਰ ਸਿੰਘ ਸੰਧੂ ਤੇ ਹੋਰਨਾਂ ਨੇ ਆਪਣੇ ਸੰਬੋਧਨ ਵਿਚ ਸਮਾਜਿਕ ਨਿਘਾਰ ਦੇ ਮੁੱਦੇ ਅਤੇ ਪੱਤਰਕਾਰਤਾ ਨਾਲ ਜੁੜੇ ਸਵਾਲ ਉਠਾਏ।ਉਹਨਾਂ ਨੇ ਸਰਕਾਰ ਅੱਗੇ ਮੰਗ ਰੱਖੀ ਕਿ ਐਨ.ਆਰ.ਆਈ ਦੀ ਬੁਨਿਆਦੀ ਮੰਗ ਜ਼ਮੀਨ ਅਤੇ ਜਾਇਦਾਦ ਉਪਰ ਨਾਜਾਇਜ ਕਬਜ਼ੇ ਰੋਕਣ ਲਈ ਕਾਨੂੰਨ ਵਿੱਚ ਤਬਦੀਲੀ ਕੀਤੀ ਜਾਵੇ।ਜਿਸ ਨਾਲ ਨਜਾਇਜ਼ ਕਬਜ਼ਾਕਾਰ, ਠੇਕੇਦਾਰ ਅਤੇ ਕਿਰਾਏਦਾਰ ਨੂੰ ਬੇਦਖਲ ਕੀਤਾ ਜਾ ਸਕੇ।ਬੁਲਾਰਿਆਂ ਨੇ ਇਸ ਗੱਲ ਉਪਰ ਜੋਰ ਦਿੱਤਾ ਕਿ ਮਾਲਕ ਨੂੰ ਆਪਣੀ ਮਾਲਕੀ ਕਬਜ਼ਾਕਾਰ ਕੋਲੋਂ ਛੁਡਵਾਉਣ ਦਾ ਬੁਨਿਆਦੀ ਅਧਿਕਾਰ ਹੋਣਾ ਚਾਹੀਦਾ ਹੈ, ਤਾਂ ਜੋ ਨਜਾਇਜ ਕਬਜਾ ਕਰਨ ਵਾਲੇ ਅਤੇ ਕਿਰਾਏਦਾਰ ਮਾਲਕ ਨਾ ਬਣ ਸਕਣ।
ਬੁਲਾਰਿਆਂ ਦੇ ਵਿਚਾਰਾ ਚੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਮੀਡੀਏ ਨੂੰ ਆਪਣੀ ਅਸਰਦਾਰ ਤੇ ਉਸਾਰੂ ਭੂਮਿਕਾ ਹੋਰ ਤਨਦੇਹੀ ਨਾਲ ਨਿਭਾਉਣ ਦੀ ਜਰੂਰਤ ਹੈ।ਸਮਾਜ ਦੇ ਬਹੁਤ ਸਾਰੇ ਹਿੱਸੇ ਵਿਚ ਨਿਘਾਰ ਆਇਆ ਹੈ, ਜਿਸ ਵਿਚ ਮੀਡੀਆ ਵੀ ਪ੍ਰਭਾਵਤ ਹੋਇਆ ਹੈ।ਗੈਰ ਕਾਨੂੰਨੀ ਢੰਗ ਨਾਲ ਪਰਵਾਸ ਨੂੰ ਉਤਸ਼ਾਹਤ ਕਰਨ ਵਾਲੇ ਖ਼ਬਰਾਂ ਰੂਪੀ ਇਸ਼ਤਿਹਾਰਾਂ ਉਤੇ ਰੋਕ ਲਗਾਉਣ ਲਈ, ਪੰਜਾਬ ਵਿਧਾਨ ਵਿਚ ਪਾਸ ਕੀਤੇ ਐਕਟ ਨੂੰ ਲਾਗੂ ਕੀਤਾ ਜਾਵੇ।ਇਸ ਨਾਲ ਭੋਲ਼ੇ ਭਾਲ਼ੇ ਲੋਕ ਠੱਗੀ ਤੋਂ ਬਚ ਸੱਕਣਗੇੇ। ਮੀਡੀਏ ਦੇ ਅਦਾਰੇ ਵੀ ਆਪਣੇ ‘ਤੇ ਸਵੈ ਜਾਬਤਾ ਲਗਾਉਣ ਤਾਂ ਜੋ ਭੋਲ਼ੇ ਲੋਕਾਂ ਨੂੰ ਪਰਵਾਸ ਦੇ ਨਾਂ ਉਤੇ ਵਿਖਾਏ ਜਾਂਦੇ ਸਬਜ਼ਬਾਗਾਂ ਤੋਂ ਬਚਾਇਆ ਜਾ ਸਕੇ। ਮੀਡੀਏ ਨਾਲ ਜੁੜੇ ਪੱਤਰਕਾਰ ਅਤੇ ਲੇਖਕ ਇਸ ਪਾਸੇ ਹੋਰ ਉਦਮ ਕਰਨ।ਸਰੋਤਿਆਂ ਦਾ ਵਿਚਾਰ ਸੀ ਕਿ ਅਜਿਹੇ ਸਾਹਿਤਕ ਸਮਾਗਮ ਸਮੇ ਸਮੇ ਹੁੰਦੇ ਰਹਿਣੇ ਚਾਹੀਦੇ ਹਨ। ਆਸਟ੍ਰੇਲੀਆ ਦੇਸ਼ ਵਿਚ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਨਾਲ਼ ਸਬੰਧਤ ਇਹ ਪਹਿਲਾ ਸਮਾਗਮ ਸੀ।
ਪ੍ਰਧਾਨ ਸੰਤੋਖ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੂੰ ਬੈਠਣ ਵਾਸੇ ਸੀਟਾਂ ਨਹੀਂ ਮਿਲ਼ ਸਕੀਆਂ, ਜੇਹੜੇ ਚਾਹ ਪਾਣੀ ਤੋਂ ਵਾਂਝੇ ਰਹੇ, ਜਿਨ੍ਹਾਂ ਨੂੰ ਸਥਾਨ ਨਹੀਂ ਲੱਭਾ, ਜਾਂ ਜਿਨ੍ਹਾਂ ਨੂੰ ਕਾਰਾਂ ਪਾਰਕ ਕਰਨ ਲਈ ਥਾਂ ਨਾ ਮਿਲ਼ ਸਕੀ, ਉਹਨਾਂ ਸਾਰੇ ਆਉਣ ਵਾਲ਼ੇ ਸੱਜਣਾਂ ਪਾਸੋਂ, ‘ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ’ ਨੇ ਹੱਥ ਜੋੜ ਕੇ ਮੁਆਫ਼ੀ ਮੰਗੀ ਅਤੇ ਵਾਅਦਾ ਕੀਤਾ ਕਿ ਅੱਗੇ ਤੋਂ ਕਲੱਬ ਦੁਆਰਾ ਕੀਤੇ ਜਾਣ ਵਾਲ਼ੇ ਸਮਾਗਮਾਂ ਸਮੇ, ਇਹਨਾਂ ਤਰੁੱਟੀਆਂ ਦਾ ਉਚੇਚਾ ਧਿਆਨ ਰੱਖਿਆ ਜਾਵੇਗਾ।